ਕਾਰਪੋਰੇਟ ਘਰਾਣਿਆਂ ਨੂੰ ਟੱਕਰ ਦੇਣ ਲਈ ਸਭ ਤੋਂ ਪਹਿਲਾਂ ਕਿਸਾਨ ਨੂੰ ਆਪਣੇ ਪੈਰਾਂ ਸਿਰ ਹੋਣ ਦੀ ਲੋੜ ਹੈ। ਸਿਰਫ਼ ਕਾਰਪੋਰੇਟ ਦਾ ਵਿਰੋਧ ਕਰਨ ਨਾਲ ਗੱਲ ਨਹੀਂ ਬਣਨੀ। ਸਾਨੂੰ ਆਪਣੀ ਖਰੀਦਦਾਰੀ ਅਤੇ ਆਪਣੀ ਜੀਵਨ-ਸ਼ੈਲੀ ਬਾਰੇ ਵੀ ਸੋਚਣਾ ਪਵੇਗਾ।
ਹਰੇਕ ਕਿਸਾਨ ਅਤੇ ਹਰੇਕ ਪੰਜਾਬੀ ਨੂੰ ਬਜ਼ਾਰ ਵਿੱਚੋਂ ਕੋਈ ਚੀਜ਼ ਖਰੀਦਣ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਸਵਾਲ ਕਰਨਾ ਚਾਹੀਦਾ ਹੈ—“ਕੀ ਇਹ ਚੀਜ਼ ਮੈਂ ਆਪਣੇ ਖੇਤ ਵਿੱਚ ਪੈਦਾ ਕਰ ਸਕਦਾ ਹਾਂ?”
ਜਦੋਂ ਅਸੀਂ ਇਹ ਸਵਾਲ ਆਪਣੇ ਆਪ ਨੂੰ ਕਰਨਾ ਸ਼ੁਰੂ ਕਰਾਂਗੇ, ਉਦੋਂ ਹੀ ਅਸੀਂ ਆਤਮਨਿਰਭਰਤਾ ਦੇ ਰਸਤੇ ਵੱਲ ਤੁਰਾਂਗੇ।
ਮੈਨੂੰ ਸਭ ਤੋਂ ਵੱਧ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਚਾਰ, ਪੰਜ, ਦਸ ਜਾਂ ਪੰਜਾਹ ਕਿੱਲਿਆਂ ਦਾ ਮਾਲਕ ਕਿਸਾਨ ਸੜਕ ਕਿਨਾਰੇ ਸਬਜ਼ੀ ਦੀ ਰੇਹੜੀ ਤੋਂ ਧਨੀਆ, ਮਿਰਚਾਂ, ਪਾਲਕ ਵਰਗੀਆਂ ਵਸਤਾਂ ਖਰੀਦ ਰਿਹਾ ਹੁੰਦਾ ਹੈ। ਜਿਸ ਕੋਲ ਜ਼ਮੀਨ ਹੈ, ਪਾਣੀ ਹੈ, ਮਿਹਨਤ ਕਰਨ ਦੀ ਸਮਰੱਥਾ ਹੈ, ਉਹ ਆਪਣੀ ਰੋਜ਼ਾਨਾ ਲੋੜ ਦੀਆਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਵੀ ਬਜ਼ਾਰ ਤੋਂ ਕਿਉਂ ਖਰੀਦੇ?
ਅੱਜ ਬਜ਼ਾਰ ਵਿੱਚ ਦੁੱਧ ਦਾ ਰੌਲਾ ਪਿਆ ਹੋਇਆ ਹੈ ਨਕਲੀ ਦੁੱਧ ਹਾਏ ਨਕਲੀ ਦੁੱਧ ?
ਜ਼ਰਾ ਸੋਚੋ ਸਾਡੇ ਕਿੰਨੇ ਘਰਾਂ ਵਿੱਚ ਦੁੱਧ ਹੈ ਲਵੇਰਾ ਹੈ ?
ਅਸੀਂ ਆਪਣੇ ਘਰੋਂ ਤਾਜ਼ਾ ਦੁੱਧ ਵੇਚ ਕੇ ਸੁੱਕਾ ਡੱਬੇ ਵਾਲਾ ਦੁੱਧ ਖਰੀਦ ਵਰਤ ਰਹੇ ਹਾਂ?
ਕਨਾਲ਼ ਦੋ ਕਨਾਲਾ ਕਮਾਦ ਦੀ ਖੇਤੀ ਨਹੀਂ ਕਰਦੇ ਪਰ ਹਜ਼ਾਰਾਂ ਰੁਪਈਆ ਦੀ ਖੰਡ ਇੱਕ ਸਾਲ ਵਿੱਚ ਖਰੀਦ ਕੇ ਭਿਆਨਕ ਬਿਮਾਰੀਆਂ ਨੂੰ ਦਾਵਤ ਦੇ ਰਹੇ ਹੈ ?
ਮੈਂ ਹੈਰਾਨ ਹੋ ਜਾਂਦਾ ਹਾਂ ਜਦੋਂ ਮੂਲੀਆਂ ,ਗਾਜਰਾਂ,ਗੋਗਲੂ ਵਰਗੀਆਂ ਵਾਧੂ ਵਸਤਾਂ ਵੀ ਮਹਿੰਗੇ ਭਾਅ ਬਜ਼ਾਰੋਂ ਖਰੀਦ ਦੇ ਹਾਂ?
ਜੇ ਕਿਸਾਨ ਆਪਣੇ ਖੇਤ ਵਿੱਚ ਆਪਣੀ ਲੋੜ ਅਨੁਸਾਰ ਸਬਜ਼ੀਆਂ, ਦਾਲਾਂ, ਮਸਾਲੇ ਅਤੇ ਹੋਰ ਘਰੇਲੂ ਲੋੜ ਦੀਆਂ ਵਸਤਾਂ ਪੈਦਾ ਕਰਨਾ ਸ਼ੁਰੂ ਕਰ ਦੇਵੇ, ਤਾਂ ਉਸ ਦਾ ਬਜ਼ਾਰ ਉੱਤੇ ਨਿਰਭਰਤਾ ਘਟੇਗੀ ਅਤੇ ਉਸ ਦੀ ਆਰਥਿਕ ਤਾਕਤ ਵਧੇਗੀ।
ਇਸ ਦਾ ਮਤਲਬ ਇਹ ਨਹੀਂ ਕਿ ਹਰ ਚੀਜ਼ ਕਿਸਾਨ ਆਪ ਹੀ ਪੈਦਾ ਕਰੇ। ਪਰ ਜਿਹੜੀ ਵਸਤੂ ਸਾਡੇ ਕੋਲ ਪੈਦਾ ਕਰਨ ਦੀ ਸਮਰੱਥਾ ਹੈ, ਉਸ ਲਈ ਬੇਲੋੜੀ ਨਿਰਭਰਤਾ ਕਿਉਂ?
ਸਾਨੂੰ ਆਤਮ-ਚਿੰਤਨ ਦੀ ਲੋੜ ਹੈ। ਸਾਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ ਕਿ ਸਾਡੀ ਜ਼ਮੀਨ, ਸਾਡਾ ਪਾਣੀ, ਸਾਡੀ ਮਿਹਨਤ ਅਤੇ ਸਾਡੇ ਪੈਸੇ ਦਾ ਕਿੰਨਾ ਹਿੱਸਾ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਕਿੰਨਾ ਹਿੱਸਾ ਬਾਹਰ ਜਾ ਰਿਹਾ ਹੈ।
ਪੰਜਾਬ ਸਦੀਆਂ ਤੋਂ ਮਿਹਨਤ, ਖੇਤੀ ਅਤੇ ਉਤਪਾਦਨ ਦੀ ਧਰਤੀ ਰਿਹਾ ਹੈ। ਪੰਜਾਬ ਗਰੀਬ ਨਹੀਂ ਹੋਇਆ—ਅਸੀਂ ਆਪਣੀਆਂ ਆਦਤਾਂ ਅਤੇ ਆਪਣੀਆਂ ਨੀਤੀਆਂ ਨਾਲ ਇਸ ਨੂੰ ਕਮਜ਼ੋਰ ਕੀਤਾ ਹੈ।
ਇਸ ਲਈ ਹੁਣ ਸਮਾਂ ਹੈ ਕਿ ਅਸੀਂ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਆਪ ਵੱਲ ਵੇਖੀਏ। ਜੇ ਪੰਜਾਬ ਦਾ ਕਿਸਾਨ ਆਪਣੀ ਲੋੜ ਦਾ ਕੁਝ ਹਿੱਸਾ ਆਪ ਪੈਦਾ ਕਰੇ, ਪੰਜਾਬੀ ਆਪਣੇ ਸਥਾਨਕ ਉਤਪਾਦ ਨੂੰ ਤਰਜੀਹ ਦੇਣ, ਕਿਸਾਨ ਮਿਲ ਕੇ ਸਹਿਕਾਰੀ ਢਾਂਚੇ ਬਣਾਉਣ ਅਤੇ ਆਪਣੀ ਫ਼ਸਲ ਦੀ ਪ੍ਰੋਸੈਸਿੰਗ ਤੇ ਮਾਰਕੀਟਿੰਗ ਆਪ ਕਰਨ—ਤਾਂ ਇਹ ਕਾਰਪੋਰੇਟ ਤਾਕਤਾਂ ਦੇ ਮੁਕਾਬਲੇ ਇੱਕ ਅਸਲ ਆਰਥਿਕ ਤਾਕਤ ਬਣ ਸਕਦੀ ਹੈ।
ਸਵਾਲ ਸਿਰਫ਼ ਇਹ ਨਹੀਂ ਕਿ “ਕਾਰਪੋਰੇਟ ਸਾਨੂੰ ਕਿਵੇਂ ਟੱਕਰ ਦੇ ਰਿਹਾ ਹੈ?”
ਅਸਲ ਸਵਾਲ ਇਹ ਹੈ—
“ਅਸੀਂ ਆਪਣੀ ਜ਼ਮੀਨ, ਆਪਣੀ ਮਿਹਨਤ ਅਤੇ ਆਪਣੀ ਖਰੀਦਦਾਰੀ ਦੀ ਤਾਕਤ ਨੂੰ ਪੰਜਾਬ ਦੀ ਖੁਸ਼ਹਾਲੀ ਲਈ ਕਿਵੇਂ ਵਰਤ ਰਹੇ ਹਾਂ?”
ਇਸ ਸਵਾਲ ਦਾ ਜਵਾਬ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣਾ ਪਵੇਗਾ।
ਪੰਜਾਬ ਨੂੰ ਬਚਾਉਣ ਦੀ ਸ਼ੁਰੂਆਤ ਕਿਸੇ ਹੋਰ ਤੋਂ ਨਹੀਂ—ਸਾਡੇ ਆਪਣੇ ਘਰ, ਸਾਡੇ ਆਪਣੇ ਖੇਤ ਅਤੇ ਸਾਡੀਆਂ ਆਪਣੀਆਂ ਆਦਤਾਂ ਤੋਂ ਹੋਵੇਗੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








