ਨਵੀਂ ਦਿੱਲੀ 2 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਅਕਾਲੀ ਦਲ ਵਾਰਸ ਪੰਜਾਬ ਯੂ.ਕੇ. ਇਕਾਈ ਵੱਲੋਂ 4 ਅਕਤੂਬਰ, ਦਿਨ ਐਤਵਾਰ ਨੂੰ ਸ਼ਾਮ 4 ਵਜੇ ਗੁਰੂ ਨਾਨਕ ਸਿੱਖ ਅਕੈਡਮੀ, ਸਪਰਿੰਗਫੀਲਡ ਰੋਡ, ਹੇਜ਼ ਵਿਖੇ ਵਿਸ਼ੇਸ਼ ਪੰਥਕ ਇਕੱਠ ਕਰਵਾਇਆ ਜਾ ਰਿਹਾ ਹੈ। ਇਸ ਇਕੱਠ ਦਾ ਮਕਸਦ ਮੌਜੂਦਾ ਪੰਥਕ ਹਾਲਾਤ, ਸਿੱਖ ਕੌਮ ਨਾਲ ਜੁੜੇ ਅਹਿਮ ਮਸਲਿਆਂ ਅਤੇ ਪੰਜਾਬ ਦੇ ਭਵਿੱਖ ਨਾਲ ਸਬੰਧਤ ਚੁਣੌਤੀਆਂ ਬਾਰੇ ਸੰਗਤ ਦੀ ਰਾਇ ਸੁਣਨ ਦੇ ਨਾਲ-ਨਾਲ ਅਗਲੀ ਰਣਨੀਤੀ ’ਤੇ ਵਿਚਾਰ ਕਰਨਾ ਹੈ। ਆਗੂਆਂ ਅਨੁਸਾਰ ਇਹ ਇਕੱਠ ਸਿਰਫ਼ ਰਸਮੀ ਇਕੱਠ ਨਾ ਰਹਿ ਕੇ ਪੰਥਕ ਸਰੋਕਾਰਾਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਕੌਮੀ ਮੁੱਦਿਆਂ ’ਤੇ ਸਾਂਝੀ ਸੋਚ ਤਿਆਰ ਕਰਨ ਦਾ ਮੰਚ ਬਣੇਗਾ। ਭਾਈ ਅਜੇਪਾਲ ਸਿੰਘ ਨਾਗੋਕੇ, ਹਰਫ਼ੂਲ ਸਿੰਘ ਧਾਲੀਵਾਲ ਅਤੇ ਸਤਿੰਦਰ ਪਾਲ ਸਿੰਘ ਮੰਗੂਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਥ ਅੱਗੇ ਕਈ ਅਹਿਮ ਸਵਾਲ ਖੜ੍ਹੇ ਹਨ, ਜਿਨ੍ਹਾਂ ’ਤੇ ਸਿਰਫ਼ ਬਿਆਨਬਾਜ਼ੀ ਦੀ ਬਜਾਏ ਗੰਭੀਰ ਵਿਚਾਰ ਅਤੇ ਠੋਸ ਪੰਥਕ ਰਣਨੀਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੈਦੀਆਂ ਦੇ ਮਸਲੇ, ਪੰਜਾਬ ਦੇ ਹੱਕਾਂ ਅਤੇ ਸਰੋਕਾਰਾਂ, ਪੰਥਕ ਏਕਤਾ, ਸਿੱਖ ਸੰਸਥਾਵਾਂ ਦੀ ਮਜ਼ਬੂਤੀ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਵਰਗੇ ਮੁੱਦਿਆਂ ’ਤੇ ਸੰਗਤ ਦੀ ਸਾਂਝੀ ਆਵਾਜ਼ ਨੂੰ ਅੱਗੇ ਲਿਆਉਣਾ ਸਮੇਂ ਦੀ ਲੋੜ ਹੈ। ਅਕਾਲੀ ਦਲ ਵਾਰਸ ਪੰਜਾਬ ਯੂ.ਕੇ. ਦੀ ਟੀਮ ਨੇ ਸਮੂਹ ਗੁਰੂ-ਰੂਪ ਸਾਧ ਸੰਗਤ, ਪੰਥਕ ਜਥੇਬੰਦੀਆਂ ਅਤੇ ਪੰਜਾਬ ਤੇ ਪੰਥ ਦਾ ਦਰਦ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਉਹ 4 ਅਕਤੂਬਰ ਨੂੰ ਸਮੇਂ ਸਿਰ ਪਹੁੰਚ ਕੇ ਇਸ ਪੰਥਕ ਇਕੱਠ ਵਿੱਚ ਹਾਜ਼ਰੀ ਭਰਨ ਅਤੇ ਕੌਮੀ ਮਸਲਿਆਂ ’ਤੇ ਆਪਣੀ ਰਾਇ ਸਾਂਝੀ ਕਰਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








