ਫਿਲਮ ‘ਸਤਲੁਜ’ ਤੋਂ ਪ੍ਰਭਾਵਿਤ ਹੋ ਕੇ ਪਾਣੀਪਤ ਤੋਂ ਪੈਦਲ ਯਾਤਰਾ ਕਰਦੇ ਹੋਏ ਖਾਲੜਾ ਪਹੁੰਚੇ ਸੁਨੀਲ ਕੁਮਾਰ ਰਠੌਰ
ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਬੁੱਤ ਅਤੇ ਜੱਦੀ ਘਰ ਵਿਖੇ ਪਹੁੰਚ ਕੇ ਭੇਂਟ ਕੀਤੀ ਸ਼ਰਧਾਂਜਲੀ, ਵੱਖ-ਵੱਖ ਸੰਸਥਾਵਾਂ ਵੱਲੋਂ ਕੀਤਾ ਸਨਮਾਨ
ਭਿੱਖੀਵਿੰਡ ਖਾਲੜਾ ਨੀਟੂ ਅਰੋੜਾ

ਸ਼ਹੀਦ ਮਨੁੱਖੀ ਅਧਿਕਾਰ ਕਾਰਕੁਨ ਸ੍ਰੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਫਿਲਮ ‘ਸਤਲੁਜ’ ਤੋਂ ਪ੍ਰਭਾਵਿਤ ਹੋ ਕੇ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਨੇੜਲੇ ਪਿੰਡ ਦੇ ਵਸਨੀਕ ਸੁਨੀਲ ਕੁਮਾਰ ਰਠੌਰ ਪੈਦਲ ਯਾਤਰਾ ਕਰਦੇ ਹੋਏ ਅੱਜ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੱਦੀ ਪਿੰਡ ਖਾਲੜਾ ਵਿਖੇ ਪਹੁੰਚੇ। ਉਨ੍ਹਾਂ ਨੇ ਇੱਥੇ ਪਹੁੰਚ ਕੇ ਸ਼ਹੀਦ ਖਾਲੜਾ ਨੂੰ ਸ਼ਰਧਾਂਜਲੀ ਭੇਂਟ ਕੀਤੀ।ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਸੁਨੀਲ ਕੁਮਾਰ ਰਠੌਰ ਨੇ ਦੱਸਿਆ ਕਿ ਉਨ੍ਹਾਂ ਨੇ ਫਿਲਮ ‘ਸਤਲੁਜ’ ਦੇਖਣ ਉਪਰੰਤ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ, ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਅਤੇ ਸੱਚ ਦੀ ਲੜਾਈ ਤੋਂ ਬਹੁਤ ਪ੍ਰਭਾਵ ਲਿਆ। ਉਨ੍ਹਾਂ ਦੇ ਮਨ ਵਿੱਚ ਇੱਛਾ ਪੈਦਾ ਹੋਈ ਕਿ ਉਹ ਖੁਦ ਪੈਦਲ ਯਾਤਰਾ ਕਰਕੇ ਸ਼ਹੀਦ ਖਾਲੜਾ ਦੇ ਜੱਦੀ ਪਿੰਡ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ।ਇਸੇ ਮਕਸਦ ਨਾਲ ਸੁਨੀਲ ਰਠੌਰ ਨੇ ਆਪਣੀ ਪੈਦਲ ਯਾਤਰਾ 12 ਜੁਲਾਈ ਨੂੰ ਪਾਣੀਪਤ ਤੋਂ ਸ਼ੁਰੂ ਕੀਤੀ ਸੀ। ਵੱਖ-ਵੱਖ ਪੜਾਵਾਂ ‘ਤੇ ਰੁਕਦੇ ਹੋਏ ਕਰੀਬ 18 ਦਿਨਾਂ ਦੀ ਯਾਤਰਾ ਪੂਰੀ ਕਰਕੇ ਉਹ ਵੀਰਵਾਰ ਨੂੰ ਖਾਲੜਾ ਪਹੁੰਚੇ।ਖਾਲੜਾ ਪਹੁੰਚਣ ਉਪਰੰਤ ਸੁਨੀਲ ਕੁਮਾਰ ਰਠੌਰ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਸਟੇਡੀਅਮ ਵਿਖੇ ਸਥਾਪਿਤ ਉਨ੍ਹਾਂ ਦੇ ਬੁੱਤ ਨੂੰ ਨਮਨ ਕੀਤਾ ਅਤੇ ਉਪਰੰਤ ਉਨ੍ਹਾਂ ਦੇ ਜੱਦੀ ਘਰ ਵਿਖੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਮੌਕੇ ਗ੍ਰਾਮ ਪੰਚਾਇਤ ਖਾਲੜਾ ਮੰਡੀ ਦੇ ਸਰਪੰਚ ਗੁਰਜੀਤ ਸਿੰਘ ਵੱਲੋਂ ਸੁਨੀਲ ਕੁਮਾਰ ਰਠੌਰ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਖਾਲੜਾ ਮੰਡੀ ਅਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਪਿੰਡ ਖਾਲੜਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ ਖਾਲੜਾ ਮਿਸ਼ਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਪਾਲ ਸਿੰਘ ਘਰਿਆਲਾ, ਸਕੱਤਰ ਬਲਵਿੰਦਰ ਸਿੰਘ ਝਬਾਲ ਅਤੇ ਮੁੱਖ ਬੁਲਾਰੇ ਸਤਨਾਮ ਸਿੰਘ ਅਮੀਸ਼ਾਹ ਵੱਲੋਂ ਸੁਨੀਲ ਕੁਮਾਰ ਰਠੌਰ ਨੂੰ ਨਕਦ ਰਾਸ਼ੀ ਅਤੇ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਈ ਬਲਰਾਜ ਸਿੰਘ ਗਿੱਲ, ਲਵਲੀ ਕੰਡਾ, ਲਾਲੀ ਛੀਨਾ, ਸੋਨੀ ਸਰਪੰਚ, ਜਗਤਾਰ ਸਿੰਘ ਖਾਲੜਾ, ਸੁਖਜੀਤ ਚੀਮਾ ਅਤੇ ਫੌਜੀ ਗੁਰਸਾਹਿਬ ਸਿੰਘ ਵੱਲੋਂ ਵੀ ਸੁਨੀਲ ਰਠੌਰ ਨੂੰ ਨਕਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ, ਸਾਬਕਾ ਸਰਪੰਚ ਸਾਹਿਬ ਸਿੰਘ ਅਮੀਸ਼ਾਹ, ਸਰਪੰਚ ਬਲਦੇਵ ਸਿੰਘ, ਗੋਪਾਲ ਸਿੰਘ ਖਾਲੜਾ, ਡਾਕਟਰ ਜਸਪਾਲ ਸਿੰਘ, ਹੈਪੀ ਖਾਲੜਾ, ਬਾਬਾ ਜੁਗਰਾਜ ਸਿੰਘ ਖਾਲੜਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








