Home » ਸੰਸਾਰ » ਯੂਰਪ » ਡੈਨਹਾਗ (ਨੀਦਰਲੈਂਡ) ਵਿਖੇ ਨੌਵਾਂ ਪੰਜਾਬੀ ਸੱਭਿਆਚਾਰਕ ਅਤੇ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ*

ਡੈਨਹਾਗ (ਨੀਦਰਲੈਂਡ) ਵਿਖੇ ਨੌਵਾਂ ਪੰਜਾਬੀ ਸੱਭਿਆਚਾਰਕ ਅਤੇ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ*

SHARE ARTICLE

43 Views

ਹੌਲੈਂਡ 14 ਜੁਲਾਈ (ਖਿੜਿਆ ਪੰਜਾਬ)

ਨੀਦਰਲੈਂਡ ਦੇ ਇਤਿਹਾਸਕ ਸ਼ਹਿਰ ਡੈਨਹਾਗ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਨੌਵਾਂ ਪੰਜਾਬੀ ਸੱਭਿਆਚਾਰਕ ਅਤੇ ਖੇਡ ਮੇਲਾ ਬੜੇ ਉਤਸ਼ਾਹ, ਭਾਈਚਾਰਕ ਸਾਂਝ ਅਤੇ ਰੌਣਕਾਂ ਨਾਲ ਸੰਪੰਨ ਹੋਇਆ। ਮੇਲੇ ਵਿੱਚ ਨੀਦਰਲੈਂਡ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਨੇ ਸ਼ਮੂਲੀਅਤ ਕਰਕੇ ਮੇਲੇ ਨੂੰ ਯਾਦਗਾਰੀ ਬਣਾ ਦਿੱਤਾ।

ਖੇਡ ਮੁਕਾਬਲਿਆਂ ਦੌਰਾਨ ਬੈਲਜੀਅਮ, ਫਰਾਂਸ ਅਤੇ ਹੋਰ ਦੇਸ਼ਾਂ ਦੀਆਂ ਫੁੱਟਬਾਲ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲਾ ਬੈਲਜੀਅਮ ਅਤੇ ਫਰਾਂਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਫਰਾਂਸ ਦੀ ਟੀਮ ਜੇਤੂ ਰਹੀ। ਖਿਡਾਰੀਆਂ ਦੀ ਖੇਡ ਭਾਵਨਾ ਅਤੇ ਦਰਸ਼ਕਾਂ ਦੇ ਉਤਸ਼ਾਹ ਨੇ ਪੂਰੇ ਮੇਲੇ ਦਾ ਮਾਹੌਲ ਰੌਣਕਮਈ ਬਣਾ ਦਿੱਤਾ।

ਮੇਲੇ ਦੌਰਾਨ ਵੱਖ-ਵੱਖ ਵਪਾਰੀਆਂ ਅਤੇ ਕੰਪਨੀਆਂ ਵੱਲੋਂ ਅਨੇਕਾਂ ਪ੍ਰਦਰਸ਼ਨੀ ਅਤੇ ਵਿਕਰੀ ਸਟਾਲ ਲਗਾਏ ਗਏ। ਲੇਡੀਜ਼ ਜੂਲਰੀ, ਚਾਟ-ਪਾਪੜੀ, ਗੋਲਗੱਪੇ, ਕੁਲਫੀ, ਪੀਜ਼ਾ, ਤਰਬੂਜ਼ (ਵਾਟਰਮੈਲਨ) ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਸਟਾਲਾਂ ’ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ।

ਇਸ ਮੇਲੇ ਦੀ ਵਿਸ਼ੇਸ਼ ਖਿੱਚ ਗੁਰਦੁਆਰਾ ਸਿੰਘ ਸਭਾ ਡੈਨਹਾਗ ਵੱਲੋਂ ਲਗਾਇਆ ਗਿਆ ਗੁਰਮਤਿ ਕਿਤਾਬਾਂ ਦਾ ਲੰਗਰ ਰਿਹਾ। ਇਸ ਸੇਵਾ ਲਈ ਬਾਬਾ ਪ੍ਰੇਮ ਸਿੰਘ ਜੀ ਮੁਰਾਲਾ ਕਿਤਾਬ ਘਰ, ਫਰੈਂਕਫਰਟ (ਜਰਮਨੀ) ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ। ਜਿਸ ਵਿੱਚ ਭਾਈ ਹਰਸਿਮਰਨਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਪਰਿਵਾਰਾਂ ਸਮੇਤ ਪਹੁੰਚੇ ਸਨ। ਉਹਨਾਂ ਨਾਲ ਵਿਸ਼ੇਸ਼ ਸਹਿਯੋਗ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਕੀਤਾ। ਉਨ੍ਹਾਂ ਵੱਲੋਂ ਗੁਰਮਤਿ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਦਾ ਸਟਾਲ ਲਗਾ ਕੇ ਸੰਗਤਾਂ ਨੂੰ ਧਾਰਮਿਕ ਸਾਹਿਤ ਨਾਲ ਜੋੜਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ, ਜਿਸ ਦੀ ਹਾਜ਼ਰੀਨ ਨੇ ਭਰਪੂਰ ਪ੍ਰਸ਼ੰਸਾ ਕੀਤੀ।

ਇਸ ਦੇ ਨਾਲ ਹੀ ਦਸਤਾਰ ਸਜਾਓ ਮੁਹਿੰਮ ਅਧੀਨ ਵਿਸ਼ੇਸ਼ ਦਸਤਾਰ ਸਜਾਉਣ ਵਾਲਾ ਸਟਾਲ ਵੀ ਲਗਾਇਆ ਗਿਆ। ਵੱਖ-ਵੱਖ ਉਮਰ ਵਰਗਾਂ ਅਤੇ ਕੌਮਾਂ ਨਾਲ ਸੰਬੰਧਿਤ ਲੋਕਾਂ ਨੇ ਬੜੇ ਉਤਸ਼ਾਹ ਨਾਲ ਆਪਣੇ ਸਿਰਾਂ ’ਤੇ ਦਸਤਾਰ ਸਜਾ ਕੇ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਇਸ ਸਿਰ ਦੇ ਤਾਜ ਦਾ ਸਤਿਕਾਰ ਕੀਤਾ ਅਤੇ ਇਸ ਅਨੋਖੇ ਤਜਰਬੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਦਸਤਾਰਾਂ ਸਜਾਉਣ ਦੀ ਸੇਵਾ ਭਾਈ ਗੁਰਨਿਸ਼ਾਨ ਸਿੰਘ ਪੱਟੀ, ਭਾਈ ਹਰਦੀਪ ਸਿੰਘ, ਭਾਈ ਲਵਪ੍ਰੀਤ ਸਿੰਘ ਹੋਣਾਂ ਨੇ ਨਿਭਾਈ।

ਮੇਲੇ ਦੌਰਾਨ ਗੁਰਦੁਆਰਾ ਸਿੰਘ ਸਭਾ ਡੈਨਹਾਗ ਵੱਲੋਂ ਗੁਰੂ ਕੇ ਲੰਗਰ, ਠੰਢੇ ਮਿੱਠੇ ਜਲ ਦੀ ਛਬੀਲ, ਚਾਹ ਅਤੇ ਹੋਰ ਲੰਗਰਾਂ ਦੀ ਨਿਰੰਤਰ ਸੇਵਾ ਨਿਭਾਈ ਗਈ, ਜਿਸ ਦਾ ਹਜ਼ਾਰਾਂ ਸੰਗਤਾਂ ਨੇ ਲਾਭ ਪ੍ਰਾਪਤ ਕੀਤਾ।

ਮਨੋਰੰਜਨ ਦੇ ਪ੍ਰੋਗਰਾਮਾਂ ਵਿੱਚ ਇੰਗਲੈਂਡ ਤੋਂ ਪਹੁੰਚੀ ਪ੍ਰਸਿੱਧ ਕਲਾਕਾਰ ਬੀਬੀ ਸਾਜ਼ੀਆ ਜੱਜ ਅਤੇ ਉਨ੍ਹਾਂ ਦੇ ਸੁਪੁੱਤਰ ਗੁਰਾਜ਼ ਜੱਜ ਨੇ ਆਪਣੇ ਸੁਰੀਲੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਨ ਲਗਾ ਦਿੱਤੇ। ਇਸ ਸਮੇਂ ਭੰਗੜਾ ਕੋਚ ਪਰਮਜੋਤ ਸਿੰਘ ਦੀ ਭੰਗੜਾ ਟੀਮ ਨੇ ਪੰਜਾਬੀ ਲੋਕ ਨਾਚ ਭੰਗੜਾ ਦੀ ਪੇਸ਼ਕਾਰੀ ਕੀਤੀ।

ਗੁਰਦੁਆਰਾ ਸਿੰਘ ਸਭਾ ਡੈਨਹਾਗ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲਿਆਂ ਸਦਕਾ ਇਹ ਸਮਾਗਮ ਬੇਹੱਦ ਸਫ਼ਲ ਅਤੇ ਯਾਦਗਾਰੀ ਸਾਬਤ ਹੋਇਆ। ਇਸ ਨੂੰ ਸਫ਼ਲ ਬਣਾਉਣ ਲਈ ਮੇਲਾ ਪ੍ਰਬੰਧਕਾਂ ਵਿੱਚ ਜਸਪਾਲ ਸਿੰਘ(ਇੰਡੀਆਂ ਗੇਟ), ਅਵਤਾਰ ਸਿੰਘ ਤਾਰੀ, ਸ਼ਿੰਗਾਰਾ ਸਿੰਘ ਵਿਰਕ, ਗੁਰਮੀਤ ਸਿੰਘ ਖਹਿਰਾ, ਗੁਰਿੰਦਰ ਸਿੰਘ ਬੈਂਸ, ਹਰਭਜਨ ਸਿੰਘ ਬੈਂਸ, ਹਰਬੰਸ ਸਿੰਘ, ਜਸਪਿੰਦਰ ਸਿੰਘ ਜੱਸੀ, ਨਰੇਸ਼ ਕੁਮਾਰ, ਰਮੇਸ਼ ਲਾਲ ਮੇਸ਼ੀ, ਹਾਜ਼ਰ ਸਨ ਉਥੇ ਹੀ ਦੂਰ-ਦੂਰ ਦੇ ਸ਼ਹਿਰਾਂ ਅਤੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਲੋਕਾਂ ਨੇ ਮੇਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਇਸ ਨੂੰ ਪੰਜਾਬੀ ਸੱਭਿਆਚਾਰ, ਖੇਡਾਂ, ਭਾਈਚਾਰਕ ਏਕਤਾ ਅਤੇ ਗੁਰਮਤਿ ਪ੍ਰਚਾਰ ਦਾ ਸੁੰਦਰ ਸੰਗਮ ਕਰਾਰ ਦਿੱਤਾ।

ਇਹ ਨੌਵਾਂ ਪੰਜਾਬੀ ਸੱਭਿਆਚਾਰਕ ਅਤੇ ਖੇਡ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਫ਼ਲਤਾਪੂਰਵਕ ਸੰਪੰਨ ਹੋਇਆ ਅਤੇ ਹਾਜ਼ਰੀਨ ਦੇ ਦਿਲਾਂ ਵਿੱਚ ਲੰਮੇ ਸਮੇਂ ਤੱਕ ਆਪਣੀ ਅਮਿੱਟ ਛਾਪ ਛੱਡ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੋਸਾਇਟੀ ਵੱਲੋਂ ਕਰਵਾਏ ਗਏ ਧਾਰਮਿਕ ਮੁਕਾਬਲੇ ਨੌਜਵਾਨ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜਿਕ ਕੁਰੀਤੀਆਂ ਦਾ ਤਿਆਗ ਕਰਕੇ ਰੱਬੀ ਗੁਣਾਂ ਨੂੰ ਬਣਾਉਣ ਆਪਣੇ ਜੀਵਨ ਦਾ ਹਿੱਸਾ : ਦਸਤੂਰ ਇ ਦਸਤਾਰ ਲਹਿਰ

ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਵੱਲੋਂ 51ਵੀਂ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਗੁਰਦੁਆਰਾ ਹਾਪਰਜ਼ ਕਰਾਸਿੰਗ (ਆਸਟ੍ਰੇਲੀਆ) ਦੇ ਗ੍ਰੰਥੀ ਸਿੰਘ ਗੋਲਡ ਮੈਡਲ ਨਾਲ ਸਨਮਾਨਿਤ।, 55 ਸਾਲ ਦੀ ਉਮਰ ਵਿੱਚ ਸੰਸਕ੍ਰਿਤ ਵਿਦਿਆ ਪ੍ਰਾਪਤ ਕਰਕੇ ਕੀਤਾ ਸਨਮਾਨ ਪ੍ਰਾਪਤ।