ਨਵੀਂ ਦਿੱਲੀ, 12 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਅਤੇ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ 12 ਜੁਲਾਈ 1991 ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ 11 ਬੇਕਸੂਰ ਸਿੱਖ ਯਾਤਰੀਆਂ ਨੂੰ ਬੱਸ ਵਿੱਚੋਂ ਉਤਾਰ ਕੇ ਕੀਤੇ ਗਏ ਕਥਿਤ ਫ਼ਰਜ਼ੀ ਪੁਲਿਸ ਮੁਕਾਬਲੇ ਨੂੰ ਭਾਰਤੀ ਲੋਕਤੰਤਰ, ਨਿਆਂ ਪ੍ਰਣਾਲੀ ਅਤੇ ਮਨੁੱਖੀ ਅਧਿਕਾਰਾਂ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਇ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਨਿਹੱਥੇ ਸਿੱਖਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕੇ ਗੋਲੀਆਂ ਨਾਲ ਭੁੰਨ ਦੇਣਾ ਅਤੇ ਫਿਰ ਉਸ ਨੂੰ ਮੁਕਾਬਲੇ ਦਾ ਰੂਪ ਦੇਣਾ ਨਾ ਸਿਰਫ਼ ਕਾਨੂੰਨ ਦਾ ਘੋਰ ਦੁਰਉਪਯੋਗ ਸੀ, ਸਗੋਂ ਬੇਕਸੂਰ ਨਾਗਰਿਕਾਂ ਨਾਲ ਹੋਇਆ ਅਮਾਨਵੀ ਜ਼ੁਲਮ ਵੀ ਸੀ। ਉਨ੍ਹਾਂ ਕਿਹਾ ਕਿ ਅਦਾਲਤਾਂ ਵਿਚ ਲੰਮੀ ਲੜਾਈ ਲੜਨ ਮਗਰੋਂ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਸੱਚ ਨੂੰ ਲੰਮੇ ਸਮੇਂ ਲਈ ਦਬਾਇਆ ਨਹੀਂ ਜਾ ਸਕਦਾ। ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਪੀਲੀਭੀਤ ਕਾਂਡ ਸਿਰਫ਼ 11 ਪਰਿਵਾਰਾਂ ਦਾ ਦੁੱਖ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਜ਼ਮੀਰ ਨੂੰ ਝੰਜੋੜਨ ਵਾਲੀ ਘਟਨਾ ਹੈ। ਅਜਿਹੇ ਅਪਰਾਧਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਇਤਿਹਾਸ ਮੁਆਫ਼ ਕਰੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਬੇਗੁਨਾਹ ਨਾਗਰਿਕਾਂ ਦੀ ਹੱਤਿਆ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਪੀਲੀਭੀਤ ਦੇ 11 ਸ਼ਹੀਦਾਂ ਦੀ ਯਾਦ ਨੂੰ ਸਦਾ ਜਿਉਂਦਾ ਰੱਖਿਆ ਜਾਵੇ ਅਤੇ ਮਨੁੱਖੀ ਅਧਿਕਾਰਾਂ, ਨਿਆਂ ਅਤੇ ਸੱਚ ਦੀ ਰੱਖਿਆ ਲਈ ਹਮੇਸ਼ਾਂ ਅਵਾਜ਼ ਬੁਲੰਦ ਕੀਤੀ ਜਾਵੇ। ਅੰਤ ਵਿੱਚ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਪੀਲੀਭੀਤ ਫ਼ਰਜ਼ੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋਏ 11 ਬੇਕਸੂਰ ਸਿੱਖਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ, ਹੌਸਲਾ ਅਤੇ ਨਿਆਂ ਦੇ ਰਾਹ ‘ਤੇ ਅਡਿੱਗ ਰਹਿਣ ਦੀ ਤਾਕਤ ਬਖ਼ਸ਼ਣ। ਓਨ੍ਹਾ ਕਿਹਾ ਪੀਲੀਭੀਤ ਦੇ ਬੇਕਸੂਰ ਸ਼ਹੀਦਾਂ ਦੀ ਯਾਦ ਸਦਾ ਅਮਰ ਰਹੇਗੀ। ਉਨ੍ਹਾਂ ਨਾਲ ਹੋਏ ਅਨਿਆਂ ਨੂੰ ਇਤਿਹਾਸ ਕਦੇ ਨਹੀਂ ਭੁੱਲੇਗਾ ਅਤੇ ਨਾ ਹੀ ਸਿੱਖ ਕੌਮ ਭੁੱਲੇਗੀ।”
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








