ਭਿੱਖੀਵਿੰਡ 13 ਜੁਲਾਈ (ਜਗਜੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਕਿਰਤੀ ਗੁਰਸਿੱਖ, ਨਾਮ ਬਾਣੀ ਦੇ ਰਸੀਏ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਸੂਰਬੀਰ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪਿੰਡ ਪੂਹਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਹਰਮੋਹਿੰਦਰ ਸਿੰਘ ਜੀ ਜੀ ਦੇ ਭਰਪੂਰ ਸਹਿਯੋਗ ਸਦਕਾ ਬੱਚਿਆਂ ਦੇ ਦਸਤਾਰ , ਦੁਮਾਲਾ, ਗੁਰਬਾਣੀ ਕੰਠ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਇਲਾਕੇ ਦੇ ਗੁਰੂ ਨਾਨਕ ਡੀ ਏ ਵੀ ਪਬਲਿਕ ਸਕੂਲ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਭਿੱਖੀਵਿੰਡ, ਗੁਰੂ ਕੁਲ ਸਕੂਲ ਮਾੜੀ ਗੌੜ ਸਿੰਘ, ਆਈ ਟੀ ਆਈ ਸਕੂਲ ਲੜਕੀਆਂ ਭਗਵਾਨ ਪੁਰਾ, ਰੈਡੀਅਨਸ਼ ਸਕੂਲ, ਬਾਬਾ ਦੀਪ ਸਿੰਘ ਪਬਲਿਕ ਸਕੂਲ ਪਹੂਵਿੰਡ ਅਤੇ ਇਲਾਕੇ ਦੇ ਲਗਭਗ 200 ਬੱਚਿਆਂ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਦਸਤਾਰ, ਦੁਮਾਲਾ ਮੁਕਾਬਲੇ ਵਿੱਚ ਚਾਰ ਗਰੁੱਪ, ਗੁਰਬਾਣੀ ਕੰਠ ਮੁਕਾਬਲੇ ਵਿੱਚ ਦੋ ਗਰੁੱਪ ਅਤੇ ਕਵੀਸ਼ਰੀ ਮੁਕਾਬਲੇ ਵਿੱਚ ਦੋ ਗਰੁੱਪ ਬਣਾ ਕੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਦਸਤਾਰ ਦੁਮਾਲਾ ਮੁਕਾਬਲੇ ਵਿੱਚ ਸਮੂਹ ਸਕੂਲਾਂ ਦੇ ਬੱਚਿਆਂ ਨੇ ਪਹਿਲਾ , ਦੂਸਰਾ, ਤੀਸਰਾ ਸਥਾਨ, ਗੁਰਬਾਣੀ ਕੰਠ ਮੁਕਾਬਲੇ ਦੇ ਜੂਨੀਅਰ ਗਰੁੱਪ ਵਿੱਚ ਗੁਰਲੀਨ ਕੌਰ ਪਹਿਲਾ, ਸ਼ਬਨਾਜ ਕੌਰ ਦੂਸਰਾ ਰੈਡੀਅਨਸ਼ ਸਕੂਲ ਪਹੂਵਿੰਡ, ਰਨਦੀਪ ਸਿੰਘ ਸ਼ਹੀਦ ਭਗਤ ਸਿੰਘ ਸਕੂਲ ਨੇ ਤੀਸਰਾ ਅਤੇ ਸੀਨੀਅਰ ਗਰੁੱਪ ਵਿੱਚ ਵਿਸ਼ਾਲ ਪ੍ਰੀਤ ਸਿੰਘ ਨੇ ਪਹਿਲਾ, ਗੁਰਨੂਰ ਕੌਰ ਜਪਜੀਤ ਕੌਰ ਆਈ ਟੀ ਆਈ ਸਕੂਲ ਨੇ ਲਗਾਤਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਵੀਸ਼ਰੀ ਮੁਕਾਬਲੇ ਦੇ ਜੂਨੀਅਰ ਅਤੇ ਸੀਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਆਈ ਟੀ ਆਈ ਸਕੂਲ ਭਗਵਾਨਪੁਰਾ ਅਤੇ ਦੂਸਰਾ ਸਥਾਨ ਸ਼ਹੀਦ ਭਗਤ ਸਿੰਘ ਸਕੂਲ ਨੇ ਪ੍ਰਾਪਤ ਕਰਕੇ ਅਧਿਆਪਕ ਮਾਪੇ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਹਨਾਂ ਸਾਰੇ ਜੇਤੂ ਬੱਚਿਆਂ ਨੂੰ ਸ਼ੀਲਡਾਂ ਅਤੇ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਬਾਕੀ ਸਭਨਾਂ ਨੂੰ ਮੈਡਲ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਸੁਸਾਇਟੀ ਵੱਲੋ ਉਚੇਚੇ ਤੌਰ ਤੇ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਮੁੱਖ ਬੁਲਾਰੇ ਭਾਈ ਸੁਖਵਿੰਦਰ ਸਿੰਘ ਖਾਲੜਾ, ਖਜਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਪ੍ਰੋਗਰਾਮ ਕੋਆਡੀਨੇਟਰ ਹਰਜੀਤ ਸਿੰਘ ਲਹਿਰੀ, ਭਾਈ ਮਨਦੀਪ ਸਿੰਘ ਘੋਲੀਆਂ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਸਮੇਂ ਜ਼ਿੰਦਗੀ ਦੇ ਕੁਰਾਹੇ ਪੈਣ ਦਾ ਜਿਆਦਾ ਡਰ ਹੁੰਦਾ ਹੈ ਉਸ ਸਮੇਂ ਵਿੱਚ ਭਾਈ ਤਾਰੂ ਸਿੰਘ ਜੀ ਵੱਲੋਂ ਆਪਣਾ ਖੋਪੜ ਕੇਸਾਂ ਸਮੇਤ ਲੁਹਾ ਕੇ ਅਨੋਖੀ ਮਿਸਾਲ ਪੈਦਾ ਕੀਤੀ ਗਈ। ਉਹਨਾਂ ਨੇ ਦੁਨੀਆਂ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਕਿ ਤੁਹਾਡੇ ਕੋਲ ਜ਼ਿੰਦਗੀ ਜਿਉਣ ਦੇ ਕਿਤਨੇ ਵੀ ਮੌਕੇ ਹੋਣ ਪਰ ਉਹ ਗੁਰੂ ਦੀ ਬਖਸ਼ੀ ਹੋਈ ਸਰਦਾਰੀ ਤੋਂ ਵੱਧ ਨਹੀਂ ਹੋ ਸਕਦੇ। ਇਸ ਕਰਕੇ ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਗੁਰੂ ਵੱਲ ਪਿੱਠ ਕਰਕੇ ਜਿਉਣਾ ਹੈ ਜਾਂ ਗੁਰੂ ਵੱਲ ਮੁੱਖ ਕਰਕੇ। ਇਸ ਮੌਕੇ ਆਈ ਟੀ ਆਈ ਕਾਲਜ ਭਗਵਾਨਪੁਰਾ ਦੇ ਡਾਇਰੈਕਟਰ ਭਾਈ ਇੰਦਰਜੀਤ ਸਿੰਘ ਬਾਗਾਂ ਵਾਲੇ, ਬਾਬਾ ਹਰਮੋਹਿੰਦਰ ਸਿੰਘ ਜੀ ਬੀਬੀ ਕੌਲਾਂ ਭਲਾਈ ਕੇਂਦਰ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਜਗੀਰ ਸਿੰਘ, ਰਿਸੀਵਰ ਭਾਈ ਜਸਪਾਲ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਹੈਡ ਗ੍ਰੰਥੀ ਭਾਈ ਮਨਦੀਪ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਗੁਰੂ ਦੀ ਬਖਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਵੱਲੋਂ ਇਨਾਮਾਂ ਲਈ ਸੱਤ ਹਜਾਰ ਰੁਪਏ ਦੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ। ਗੁਰਬਾਣੀ ਕੰਠ ਮੁਕਾਬਲੇ ਵਿੱਚ ਜਜਮੈਂਟ ਦੀਆਂ ਸੇਵਾਵਾਂ ਭਾਈ ਭਗਵਾਨ ਸਿੰਘ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਸਰਕਲ ਭਿੱਖੀਵਿੰਡ , ਭਾਈ ਮਨਦੀਪ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਕਵੀਸ਼ਰੀ ਮੁਕਾਬਲੇ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਖਾਲੜਾ ਵੱਲੋਂ ਨਿਭਾਈ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਅਧਿਆਪਕ ਸਾਹਿਬਾਨ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ , ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਵੱਲੋਂ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕਰਨ ਵਾਲੀਆਂ ਤਮਾਮ ਸ਼ਖਸ਼ੀਅਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਅਸੀਂ ਹਮੇਸ਼ਾ ਹੀ ਆਪ ਜੀ ਦੇ ਰਿਣੀ ਰਹਾਂਗੇ ਜੋ ਸੁਸਾਇਟੀ ਨੂੰ ਉਚ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਆਪਣਾ ਸਹਿਯੋਗ ਕਰ ਰਹੇ ਹੋ। ਇਸ ਮੌਕੇ ਪੱਤਰਕਾਰ ਹਰਜਿੰਦਰ ਸਿੰਘ ਗੋਲਣ, ਪ੍ਰੈਸ ਸਕੱਤਰ ਅਜੀਤ ਸਿੰਘ ਘਰਿਆਲਾ, ਗੁਰਪ੍ਰੀਤ ਸਿੰਘ ਸੈਡੀ ਪੱਤਰਕਾਰ ਸਪੋਕਸਮੈਨ ਅਖਬਾਰ, ਵਜ਼ੀਰ ਸਿੰਘ ਹਾਸਲ, ਦਿਲਬਾਗ ਸਿੰਘ ਡੱਲ, ਗੁਰਮੀਤ ਸਿੰਘ ਮਾਲੂਵਾਲ, ਆਕਾਸ਼ਦੀਪ ਸਿੰਘ ਪੱਟੀ, ਬਖਸ਼ਿੰਦਰ ਸਿੰਘ, ਮੈਡਮ ਕਮਲਜੀਤ ਕੌਰ ਅਤੇ ਇਲਾਕੇ ਦੀਆਂ ਬੇਅੰਤ ਸੰਗਤਾਂ ਹਾਜ਼ਰ ਸਨ।। ਅਖੀਰ ਸੰਗਤਾਂ ਨੇ ਚਾਹ ਪਾਣੀ ਅਤੇ ਗੁਰੂ ਕੇ ਲੰਗਰ ਦਾ ਆਨੰਦ ਮਾਣਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








