Home » ਜੀਵਨ ਸ਼ੈਲੀ » ਪੰਥ ਵਸੈ, ਮੈਂ ਉਜੜਾਂ” ਤੋਂ “ਮੈਂ ਵਸਾਂ, ਪੰਥ ਉਜੜੇ” ਸਿੱਖ ਕੌਮ ਦੇ ਨਿਘਾਰ ਦਾ ਦਰਦਨਾਕ ਸਫ਼ਰ :- ਗੁਰਚਰਨ ਸਿੰਘ ਗੁਰਾਇਆ

ਪੰਥ ਵਸੈ, ਮੈਂ ਉਜੜਾਂ” ਤੋਂ “ਮੈਂ ਵਸਾਂ, ਪੰਥ ਉਜੜੇ” ਸਿੱਖ ਕੌਮ ਦੇ ਨਿਘਾਰ ਦਾ ਦਰਦਨਾਕ ਸਫ਼ਰ :- ਗੁਰਚਰਨ ਸਿੰਘ ਗੁਰਾਇਆ

SHARE ARTICLE

13 Views

ਸਿੱਖ ਕੌਮ ਅੱਜ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਜਿੱਥੇ ਸੇਵਾ, ਤਿਆਗ, ਨਿਮਰਤਾ ਅਤੇ ਕੁਰਬਾਨੀ ਵਰਗੇ ਉਹ ਸੁਨਿਹਰੇ ਅਸੂਲ, ਜਿਨ੍ਹਾਂ ਨੇ ਇਸ ਕੌਮ ਨੂੰ ਇਤਿਹਾਸ ਦੀਆਂ ਉੱਚੀਆਂ ਸਿਖਰਾਂ ਤੱਕ ਪਹੁੰਚਾਇਆ ਸੀ, ਹੌਲੀ-ਹੌਲੀ ਪਿੱਛੇ ਛੁੱਟਦੇ ਜਾ ਰਹੇ ਹਨ। ਉਹਨਾਂ ਦੀ ਥਾਂ ਅਹੁਦਿਆਂ ਦੀ ਲਾਲਸਾ, ਪ੍ਰਭਾਵ ਵਧਾਉਣ ਦੀ ਦੌੜ ਅਤੇ ਚੌਧਰ ਕਾਇਮ ਕਰਨ ਦੀ ਮਨੋਵਿਰਤੀ ਨੇ ਲੈ ਲਈ ਹੈ। ਨਤੀਜੇ ਵਜੋਂ ਚੜ੍ਹਦੀ ਕਲਾ ਦਾ ਪ੍ਰਤੀਕ ਰਹੀ ਇਹ ਕੌਮ ਅੱਜ ਅੰਦਰੂਨੀ ਨਿਘਾਰ ਅਤੇ ਬੇਦਿਸ਼ਾਪਣ ਦੇ ਸੰਕਟ ਨਾਲ ਜੂਝਦੀ ਨਜ਼ਰ ਆ ਰਹੀ ਹੈ।

ਅੱਜ ਛੋਟੀਆਂ ਤੋਂ ਲੈ ਕੇ ਵੱਡੀਆਂ ਸੰਸਥਾਵਾਂ ਤੱਕ ਅਹੁਦਿਆਂ ਅਤੇ ਪ੍ਰਭਾਵ ਦੀ ਪ੍ਰਾਪਤੀ ਲਈ ਅਜਿਹੇ ਹਥਕੰਡੇ ਅਪਣਾਏ ਜਾ ਰਹੇ ਹਨ ਜਿਨ੍ਹਾਂ ਦਾ ਨਾ ਗੁਰਮਤਿ ਨਾਲ ਕੋਈ ਸੰਬੰਧ ਹੈ ਅਤੇ ਨਾ ਹੀ ਨੈਤਿਕਤਾ ਨਾਲ। ਸੱਤਾ ਦੀ ਇਸ ਅੰਨੀ ਦੌੜ ਵਿੱਚ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਕੌਮੀ ਹਿੱਤਾਂ ਨੂੰ ਪਿੱਛੇ ਧੱਕ ਦਿੱਤਾ ਗਿਆ ਹੈ। ਸੇਵਾ ਦਾ ਸਥਾਨ ਸਵਾਰਥ ਨੇ ਅਤੇ ਜ਼ਿੰਮੇਵਾਰੀ ਦਾ ਸਥਾਨ ਅਹੁਦੇ ਦੀ ਭੁੱਖ ਨੇ ਲੈ ਲਿਆ ਹੈ।

ਇਹ ਇੱਕ ਪ੍ਰਤੱਖ ਸੱਚ ਹੈ ਕਿ ਜਦੋਂ ਸਵਾਰਥੀ, ਮੌਕਾਪ੍ਰਸਤ ਅਤੇ ਧਾਰਮਿਕ ਤੇ ਰਾਜਨੀਤਿਕ ਸੂਝ ਤੋਂ ਸੱਖਣੇ ਲੋਕ ਕਿਸੇ ਸੰਸਥਾ ਜਾਂ ਅਹੁਦੇ ਉੱਤੇ ਕਾਬਜ਼ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਉਥੋਂ ਹਟਾਉਣਾ ਬਹੁਤ ਔਖਾ ਹੋ ਜਾਂਦਾ ਹੈ। ਆਪਣੀ ਕੁਰਸੀ ਅਤੇ ਪ੍ਰਭਾਵ ਨੂੰ ਕਾਇਮ ਰੱਖਣ ਲਈ ਉਹ ਚਾਪਲੂਸਾਂ, ਲੱਠਮਾਰਾਂ, ਸਮਾਜ-ਵਿਰੋਧੀ ਤੱਤਾਂ ਅਤੇ ਕੁਝ ਬੇਅਸੂਲੇ ਕਲਮਕਾਰਾਂ ਜਾਂ ਬੁੱਧੀਜੀਵੀਆਂ ਦਾ ਘੇਰਾ ਤਿਆਰ ਕਰ ਲੈਂਦੇ ਹਨ। ਅਜਿਹੇ ਲੋਕ ਸੱਚ ਅਤੇ ਸਿਧਾਂਤਾਂ ਦੀ ਨਹੀਂ, ਸਗੋਂ ਆਪਣੇ ਸਰਪ੍ਰਸਤਾਂ ਦੀ ਸੇਵਾ ਕਰਦੇ ਹਨ ਅਤੇ ਸੰਸਥਾਵਾਂ ਨੂੰ ਨਿੱਜੀ ਹਿਤਾਂ ਦਾ ਸਾਧਨ ਬਣਾ ਦਿੰਦੇ ਹਨ।

ਤਾਕਤ ਅਤੇ ਦੌਲਤ ਦੇ ਸਾਧਨਾਂ ਨਾਲ ਲੈਸ ਇਹ ਲੋਕ ਕੌਮ ਪ੍ਰਤੀ ਸੁਹਿਰਦ, ਇਮਾਨਦਾਰ ਅਤੇ ਦੂਰਅੰਦੇਸ਼ ਵਿਅਕਤੀਆਂ ਨੂੰ ਉੱਭਰਨ ਨਹੀਂ ਦਿੰਦੇ। ਇਸ ਦੇ ਉਲਟ ਉਹ ਉਹਨਾਂ ਲਈ ਰੁਕਾਵਟਾਂ ਖੜ੍ਹੀਆਂ ਕਰਦੇ ਹਨ ਜੋ ਕੌਮ ਦੇ ਦਰਦ ਨੂੰ ਸਮਝਦੇ ਹਨ ਅਤੇ ਉਸ ਦੇ ਭਵਿੱਖ ਲਈ ਚਿੰਤਤ ਹਨ। ਨਤੀਜੇ ਵਜੋਂ ਯੋਗ ਅਤੇ ਨਿਸ਼ਕਾਮ ਨੇਤ੍ਰਿਤਵ ਹਾਸ਼ੀਏ ਉੱਤੇ ਧੱਕਿਆ ਜਾਂਦਾ ਹੈ, ਜਦਕਿ ਸਵਾਰਥੀ ਤੱਤ ਕੇਂਦਰ ਵਿੱਚ ਬਣੇ ਰਹਿੰਦੇ ਹਨ।

ਇਸ ਤੋਂ ਵੀ ਵੱਧ ਦੁਖਦਾਈ ਗੱਲ ਇਹ ਹੈ ਕਿ ਅਜਿਹੇ ਅਖੌਤੀ ਆਗੂ ਕਈ ਵਾਰ ਕੁਝ ਲੋੜਵੰਦ ਜਾਂ ਪੇਸ਼ਾਵਰ ਕਲਮਕਾਰਾਂ , ਸ਼ੋਸ਼ਲ ਮੀਡੀਆ ਅਤੇ ਹੋਰ ਮੀਡੀਆ ਮਾਧਿਅਮਾਂ ਦੁਆਰਾ ਲੋਕ-ਧਾਰਨਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਰਾਹੀਂ ਉਹ ਆਪਣੇ ਆਪ ਨੂੰ ਕੌਮ-ਹਿਤੈਸ਼ੀ, ਦੂਰਅੰਦੇਸ਼ ਅਤੇ ਲੋਕਪ੍ਰਿਯ ਆਗੂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਹਕੀਕਤ ਅਕਸਰ ਇਸ ਤੋਂ ਬਿਲਕੁਲ ਵੱਖਰੀ ਹੁੰਦੀ ਹੈ।

ਇਤਿਹਾਸ ਗਵਾਹ ਹੈ ਕਿ ਅਜਿਹੇ ਲੋਕ ਆਪਣੇ ਨਿੱਜੀ ਲਾਭਾਂ ਲਈ ਕੌਮੀ ਹਿੱਤਾਂ ਦਾ ਸੌਦਾ ਕਰਨ ਤੋਂ ਵੀ ਨਹੀਂ ਝਿਜਕਦੇ। ਉਹ ਹਾਲਾਤਾਂ ਅਨੁਸਾਰ ਆਪਣੀ ਜ਼ਮੀਰ ਨੂੰ ਵੀ ਗਿਰਵੀ ਰੱਖ ਦਿੰਦੇ ਹਨ। ਲੋਕਾਂ ਦੀਆਂ ਨਜ਼ਰਾਂ ਵਿੱਚ ਅਚਾਰ ਵਿਹਾਰ ਤੋਂ ਡਿੱਗ ਜਾਣ ਦੇ ਬਾਵਜੂਦ ਵੀ ਉਹ ਹਾਊਮੈ ਤੇ ਬੇਸ਼ਰਮੀ ਨਾਲ ਸਮਾਜ ਵਿੱਚ ਵਿਚਰ ਰਹੇ ਹਨ ਕਿਉਂਕਿ ਪੈਸਾ ਦਾ ਪ੍ਰਭਾਵ ਅਤੇ ਚਾਪਲੂਸਾਂ ਦੀ ਭੀੜ ਉਹਨਾਂ ਦੀ ਢਾਲ ਬਣੀ ਰਹਿੰਦੀ ਹੈ।

ਜੇ ਇਹ ਵਰਤਾਰਾ ਕੇਵਲ ਰਾਜਨੀਤੀ ਤੱਕ ਸੀਮਿਤ ਹੁੰਦਾ ਤਾਂ ਵੀ ਚਿੰਤਾ ਘੱਟ ਸੀ, ਪਰ ਅਫ਼ਸੋਸ ਕਿ ਅੱਜ ਸਿੱਖ ਕੌਮ ਦੀਆਂ ਕਈ ਧਾਰਮਿਕ ਸੰਸਥਾਵਾਂ ਵੀ ਇਸ ਦੀਰਘ ਰੋਗ ਦਾ ਸ਼ਿਕਾਰ ਹੋ ਚੁੱਕੀਆਂ ਹਨ। ਨਤੀਜੇ ਵਜੋਂ ਕੌਮ ਦੇ ਮਹਾਨ ਇਤਿਹਾਸ, ਉਸਦੇ ਅਸੂਲਾਂ ਅਤੇ ਸ਼ਹਾਦਤਾਂ ਨਾਲ ਭਰੇ ਵਿਰਸੇ ਨੂੰ ਜੀਵਨ ਦਾ ਮਾਰਗਦਰਸ਼ਕ ਬਣਾਉਣ ਦੀ ਥਾਂ ਰਸਮੀ ਸਮਾਗਮਾਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ।

ਜਦੋਂ ਕੋਈ ਕੌਮ ਆਪਣੇ ਲਹੂ ਨਾਲ ਲਿਖੇ ਇਤਿਹਾਸ ਨੂੰ ਜੀਵਨ ਦਾ ਅਧਾਰ ਬਣਾਉਣ ਦੀ ਬਜਾਏ ਕੇਵਲ ਯਾਦਗਾਰੀ ਰਸਮਾਂ ਦਾ ਹਿੱਸਾ ਬਣਾ ਲੈਂਦੀ ਹੈ ਤਾਂ ਉਹ ਹੌਲੀ-ਹੌਲੀ ਆਪਣੀ ਜੀਵੰਤਤਾ, ਸੰਘਰਸ਼ਸ਼ੀਲਤਾ ਅਤੇ ਆਤਮਿਕ ਤਾਕਤ ਗੁਆ ਬੈਠਦੀ ਹੈ। ਫਿਰ ਉਹ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਵਾਰਸ ਕੌਮ ਹੋਣ ਦੀ ਥਾਂ ਸਿਰਫ਼ ਉਹਨਾਂ ਦੀਆਂ ਯਾਦਾਂ ਦੀ ਵਾਰਸ ਬਣ ਕੇ ਰਹਿ ਜਾਂਦੀ ਹੈ।

ਅੱਜ ਦੁਖਦਾਈ ਹਕੀਕਤ ਇਹ ਹੈ ਕਿ ਸਾਡੇ ਬਹੁਤ ਸਾਰੇ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਉਹਨਾਂ ਪਵਿੱਤਰ ਦਿਹਾੜਿਆਂ ਨੂੰ ਵੀ ਰਸਮਾਂ ਵਿੱਚ ਬਦਲ ਦਿੱਤਾ ਹੈ, ਜਿਨ੍ਹਾਂ ਤੋਂ ਕੌਮ ਨੇ ਪ੍ਰੇਰਣਾ ਲੈ ਕੇ ਆਪਣਾ ਭਵਿੱਖ ਸਿਰਜਣਾ ਸੀ। ਸਮਾਗਮ ਤਾਂ ਹੋ ਰਹੇ ਹਨ, ਪਰ ਉਹਨਾਂ ਵਿੱਚੋਂ ਸੇਧ, ਸੰਕਲਪ ਅਤੇ ਆਤਮ-ਚਿੰਤਨ ਲਗਾਤਾਰ ਗਾਇਬ ਹੁੰਦੇ ਜਾ ਰਹੇ ਹਨ।

ਇਸ ਲਈ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਲੇਵਾ ਸਿੱਖ ਜੋ ਆਪਣੇ ਮੂਲ ਤੋ ਦੂਰ ਹੋ ਗਏ ਹਨ ਉਹਨਾਂ ਨੂੰ ਆਪਣੇ ਮੂਲ ਨਾਲ ਜੁੜਕੇ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣਾ ਮਾਰਗਦਰਸ਼ਕ ਬਣਾਕੇ , ਸਿੱਖ ਇਤਿਹਾਸ ਦੇ ਸੁਨਿਹਰੇ ਅਸੂਲਾਂ ਨੂੰ ਮੁੜ ਆਪਣੇ ਜੀਵਨ ਦਾ ਹਿੱਸਾ ਬਣਾਵੇ ਅਤੇ ਇਹੋ ਅਜਿਹੇ ਆਗੂਆਂ ਨੂੰ ਹੀ ਅੱਗੇ ਲਿਆਵੇ ਜੋ ਅਹੁਦੇ ਲਈ ਨਹੀਂ, ਸੇਵਾ ਲਈ ਜੀਉਂਦੇ ਹੋਣ; ਜੋ ਚੌਧਰ ਲਈ ਨਹੀਂ, ਸਗੋਂ ਪੰਥ ਅਤੇ ਕੌਮ ਦੀ ਭਲਾਈ ਲਈ ਸਮਰਪਿਤ ਹੋਣ।

ਕਿਉਂਕਿ ਅੱਜ ਵੀ ਇਹ ਸੱਚ ਅਟੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਤੇ ਨਿਸ਼ਕਾਮ, ਇਮਾਨਦਾਰ ਤੇ ਕੌਮ-ਸਮਰਪਿਤ ਆਗੂਆਂ ਦੀ ਰਹਿਨੁਮਾਈ ਹੀ ਮੰਝਧਾਰ ਵਿੱਚ ਫਸੀ ਸਿੱਖ ਕੌਮ ਦੀ ਬੇੜੀ ਨੂੰ ਸੁਰੱਖਿਅਤ ਕੰਢੇ ਤੱਕ ਪਹੁੰਚਾ ਸਕਦੀ ਹੈ। ਬਾਕੀ ਸਭ ਕੁਝ ਸਮੇਂ ਦੀ ਧੂੜ, ਪ੍ਰਚਾਰ ਅਤੇ ਭਰਮ ਸਾਬਤ ਹੋਵੇਗਾ।

“ਪੰਥ ਵਸੈ, ਮੈਂ ਉਜੜਾਂ” ਤੋਂ “ਮੈਂ ਵਸਾਂ, ਪੰਥ ਉਜੜੇ” ਤੱਕ ਦਾ ਸਫ਼ਰ ਹੀ ਅੱਜ ਸਾਡੀ ਸਭ ਤੋਂ ਵੱਡੀ ਚਿੰਤਾ ਅਤੇ ਆਤਮ-ਚਿੰਤਨ ਦਾ ਵਿਸ਼ਾ ਬਣ ਚੁੱਕਾ ਹੈ।
ਗੁਰਚਰਨ ਸਿੰਘ ਗੁਰਾਇਆ ਜਰਮਨੀ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News