Home » ਪੰਜਾਬ » ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਏਆਈ ਦੇ ਦੁਰਵਰਤੋਂ ’ਤੇ ਜਤਾਈ ਚਿੰਤਾ 👉 ਇਤਰਾਜ਼ਯੋਗ ਸਮੱਗਰੀ ਨੂੰ ਤੁਰੰਤ ਰਿਪੋਰਟ ਕਰਨ ਲਈ ਦਿੱਤਾ ਸੰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਏਆਈ ਦੇ ਦੁਰਵਰਤੋਂ ’ਤੇ ਜਤਾਈ ਚਿੰਤਾ 👉 ਇਤਰਾਜ਼ਯੋਗ ਸਮੱਗਰੀ ਨੂੰ ਤੁਰੰਤ ਰਿਪੋਰਟ ਕਰਨ ਲਈ ਦਿੱਤਾ ਸੰਦੇਸ਼

SHARE ARTICLE

17 Views

ਅੰਮ੍ਰਿਤਸਰ 18 ਮਾਰਚ (ਮਨਪ੍ਰੀਤ ਸਿੰਘ ਖਾਲਸਾ):-
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਮਾਮਲਿਆਂ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸਿੱਖ ਕੌਮ ਅਤੇ ਨੌਜਵਾਨਾਂ ਦੇ ਨਾਮ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕੌਮ ਨੂੰ ਆਗਾਹ ਕਰਦਿਆਂ ਕਿਹਾ ਕਿ ਜਦੋਂ ਵੀ ਏਆਈ ਨਾਲ ਬਣੀ ਕੋਈ ਇਤਰਾਜ਼ਯੋਗ ਵੀਡੀਓ, ਫੋਟੋ ਆਦਿ ਸਾਹਮਣੇ ਆਵੇ ਤਾਂ ਉਸ ਨੂੰ ਅਗਾਂਹ ਸਾਂਝੀ ਕਰਨ ਦੀ ਬਜਾਏ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਤੁਰੰਤ ਹੀ ਇਤਰਾਜ਼ਯੋਗ ਸਮੱਗਰੀ ਵਜੋਂ ਰਿਪੋਰਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਅਕਸਰ ਹੀ ਜਦੋਂ ਕੋਈ ਏਆਈ ਨਾਲ ਬਣੀ ਇਤਰਾਜ਼ਯੋਗ ਵੀਡੀਓ, ਫੋਟੋ ਆਦਿ ਸਾਹਮਣੇ ਆਉਂਦੀ ਹੈ ਤਾਂ ਸਾਡੇ ਲੋਕ ਉਸ ਸਮੱਗਰੀ ਨੂੰ ਆਪਣੇ ਸੋਸ਼ਲ ਮੀਡੀਆ ਮੰਚਾਂ ਉੱਤੇ ਅਪਲੋਡ ਜਾਂ ਸਾਂਝਾ ਕਰਕੇ ਹੋਰ ਵੀ ਅਗਾਂਹ ਫੈਲਾ ਦਿੰਦੇ ਹਨ, ਜਿਸ ਨਾਲ ਸ਼ਰਾਰਤੀ ਅਨਸਰਾਂ ਦਾ ਮੰਤਵ ਪੂਰਾ ਹੁੰਦਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਹੋਰ ਵੀ ਸੱਟ ਵੱਜਦੀ ਹੈ। ਇਸ ਦੀ ਬਜਾਏ ਵੀਡੀਓ, ਫੋਟੋ ਨੂੰ ਤੁਰੰਤ ਰਿਪੋਰਟ ਕੀਤਾ ਜਾਵੇ ਅਤੇ ਉਸ ਨੂੰ ਕਿਤੇ ਵੀ ਸਾਂਝਾ ਨਾ ਕੀਤਾ ਜਾਵੇ ਤਾਂ ਜੋ ਉਹ ਸਮੱਗਰੀ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਮੀਡੀਆ, ਸੋਸ਼ਲ ਮੀਡੀਆ ਅਤੇ ਵੈੱਬ ਚੈਨਲਾਂ ਨੂੰ ਵੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਏਆਈ ਸਮੱਗਰੀ ਨੂੰ ਡਾਊਨਲੋਡ ਕਰਕੇ ਆਪਣੇ ਮੰਚਾਂ ਉੱਤੇ ਅਪਲੋਡ ਨਾ ਕਰਨ, ਇਸ ਨਾਲ ਭਾਵਨਾਵਾਂ ਨੂੰ ਹੋਰ ਵੀ ਸੱਟ ਵੱਜਦੀ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਹਦਾਇਤ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਸਖਤੀ ਵਰਤੀ ਜਾਵੇ ਅਤੇ ਆਪਣੇ ਆਪ ਨੋਟਿਸ ਲੈ ਕਿ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਏਆਈ ਤਕਨੀਕ ਦੀ ਦੁਰਵਰਤੋਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਵਰਤਾਰੇ ਨੂੰ ਠੱਲ੍ਹਣ। ਇਸ ਨੂੰ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਏਆਈ ਨੀਤੀ ਬਣਾਈ ਜਾਵੇ ਜਿਸ ਅਨੁਸਾਰ ਕਿਸੇ ਵੀ ਏਆਈ ਟੂਲ/ਸਾਫ਼ਟਵੇਅਰ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਸਮੱਗਰੀ ਨਾ ਬਣਾਈ ਜਾ ਸਕੇ ਅਤੇ ਨਾ ਹੀ ਅਪਲੋਡ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਜੇਕਰ ਅਜਿਹੀ ਇਤਰਾਜ਼ਯੋਗ ਸਮੱਗਰੀ ਦੀ ਪਛਾਣ ਜਨਤਕ ਹੋਣ ਤੋਂ ਪਹਿਲਾਂ ਹੀ ਹੋ ਜਾਵੇ ਤਾਂ ਇਸ ਨਾਲ ਇਹ ਵਰਤਾਰਾ ਕਾਫੀ ਹੱਦ ਤੱਕ ਠੱਲ੍ਹਿਆ ਜਾ ਸਕਦਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਏਆਈ ਤਕਨਾਲੋਜੀ ਮਾੜੀ ਨਹੀਂ ਅਤੇ ਜੇਕਰ ਤਕਨੀਕ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ ਪਰ ਜਦੋਂ ਧਰਮਾਂ ਦੇ ਸਿਧਾਂਤਾਂ, ਪਰੰਪਰਾਵਾਂ ਅਤੇ ਇਤਿਹਾਸ ਆਦਿ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਹ ਆਧੁਨਿਕ ਤਕਨੀਕ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਸੰਗਤ ਇੱਕ ਲਹਿਰ ਵਜੋਂ ਵੱਧ ਤੋਂ ਵੱਧ ਸ਼ਮੂਲੀਅਤ ਕਰੇ ਅਤੇ ਸੰਜੀਦਗੀ ਨਾਲ ਇਸ ਦੇ ਵਿਰੁੱਧ ਠੋਸ ਕਾਰਜ ਕੀਤੇ ਜਾਣ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News