ਆਇਆ ਹੜ ਤੇ ਲੈ ਗਿਆ ਰੋਹੜ ਸਭ ਕੁਝ, ਅਸੀਂ ਹੋ ਗਏ ਨੰਗ ਮਲੰਗ ਮੀਆਂ। ਮਰਦ ਤੀਵੀਆਂ ਬੱਚੇ ਜਵਾਨ ਰੁੜ ਗਏ, ਸਾਡੇ ਰੁੜ ਗਏ ਸਾਕ ਤੇ ਅੰਗ ਮੀਆਂ। ਮੱਜਾਂ ਗਊਆਂ ਬਲੈਤਨ ਰੁੜ ਗਈਆਂ, ਦੇਖੋ ਬੋਲਦ ਵਛਰੂਟ ਨਿਸੰਗ ਮੀਆਂ। ਕਿਹੜੀ ਕਿਹੜੀ ਸੁਣਾਵਾਂ ਮੈਂ ਚੀਜ਼ ਰੁੜ ਗਈ, ਸਾਡੇ ਚਾਅ ਤੇ ਰੂੜੀ ਉਮੰਗ ਮੀਆਂ। ਰੁੜ ਕੀਮਤੀ ਗਏ ਸਮਾਨ ਸਾਡੇ , ਕੀਤੇ ਪੇਟੀਆਂ ਦੇ ਵਿੱਚ ਬੰਦ ਮੀਆਂ । ਹੋ ਫਸਲਾਂ ਸਭ ਤਬਾਹ ਗਈਆਂ, ਪੱਠੇ ਰਹੇ ਨਾ ਤੂੜੀ ਤੇ ਤੰਦ ਮੀਆਂ। ਹੜ 88 ਦਾ ਸੰਨ 55 ਨਾਲੋਂ , ਵੱਧ ਦੱਸਦੇ ਨੇ ਫੁੱਟ ਨੇ ਪੰਜ ਮੀਆਂ । ਜਿਉਂਦੇ ਜੀਅ ਵੀ ਰਹੇ ਨਾ ਜੀਣ ਜੋਗੇ, ਸਾਡੇ ਸਿਰਾਂ ਤੇ ਪੈ ਗਏ ਗੰਜ ਮੀਆਂ । ਐਡਾ ਨਹੀਂ ਸੀ ਵਰਤਣਾ ਇਹ ਸਾਕਾ, ਵਾਰਸ ਹੋਵਦੇ ਜੇ ਅਕਲ ਮੰਦ ਮੀਆਂ। ਏਕਾ ਦੇਖਿਆ ਜਦੋਂ ਪੰਜਾਬੀਆਂ ਦਾ, ਖੱਟੇ ਦੁਸ਼ਮਣਾਂ ਦੇ ਹੋ ਗਏ ਦੰਦ ਮੀਆਂ। ਗੋਰਮਿੰਟ ਜੇ ਕਰਦੀ ਗੋਰ ਪਹਿਲਾਂ, ਪਾਣੀ ਦਿੰਦੀ ਦਰਿਆਵਾਂ ਚ ਵੰਡ ਮੀਆਂ। ਕੀਤਾ ਤੰਗ ਹੈ ਸਭ ਪੰਜਾਬੀਆਂ ਨੂੰ, ਮਾਰੀ ਸਭ ਦੇ ਮੂੰਹ ਤੇ ਚੰਡ ਮੀਆਂ । ਭਲਾ ਉਸ ਦਾ ਕਦੇ ਨਹੀਂ ਹੋ ਸਕਦਾ, ਕੀਤਾ ਜਿਹਨੇ ਆਪਰੇਸ਼ਨ ਮੰਡ ਮੀਆਂ। ਸਾਡੀ ਸਾਡੇ ਭਰਾਵਾਂ ਜੋ ਮਦਦ ਕੀਤੀ , ਉਹਦੇ ਸਾਹਵੇ ਸਰਕਾਰੀ ਕੀ ਫੰਡ ਮੀਆਂ । ਲੱਖ ਹੜ ਤੇ ਆਉਣ ਤੂਫਾਨ ਭਾਵੇਂ , ਸਾਡੇ ਹੌਸਲੇ ਰਹਿਣ ਬੁਲੰਦ ਮੀਆਂ । ਤਾਹੀ ਸਿਫਤਾਂ ਪਿੰਡ ਪਸੌਲ ਕਰਦਾ , ਸੰਧਾ ਜੋੜਦਾ ਸੋਹਣੇ ਛੰਦ ਮੀਆਂ। ।…. ਇਹ ਕਵਿਤਾ 1988 ਵਿੱਚ ਆਏ ਹੜ ਤੋਂ ਦੋ ਦਿਨ ਬਾਅਦ ਲਿਖੀ ਸੀ ਇਸ ਹੜ ਵਿੱਚ 1955 ਵਿੱਚ ਆਏ ਹੜ ਨਾਲੋਂ ਪੰਜ ਫੁੱਟ ਪਾਣੀ ਜਿਆਦਾ ਸੀ ਇਹ ਅਨੁਮਾਨ ਜਿਹਨਾਂ ਬਜ਼ੁਰਗਾਂ ਨੇ 1955 ਵਾਲਾ ਹੜ ਅੱਖੀ ਦੇਖਿਆ ਸੀ ਲਾ ਕੇ ਦੱਸਿਆ ਸੋ ਮੈਂ 1988 ਦੇ ਹੜ ਵਾਲੀ ਤਸਵੀਰ ਪੇਸ਼ ਕਰ ਰਿਹਾ ਹਾਂ, ਇਹ ਕਵਿਤਾ 1988 ਵਿੱਚ ਗੁਰਦੁਆਰਾ ਬੇਰ ਸਾਹਿਬ (ਸੁਲਤਾਨਪੁਰ ਲੋਧੀ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਪੜੀ ਗਈ , ਜਿਸ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਗੁਰਬਚਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਅਤੇ ਕਿਹਾ ਕਿ ਕਵੀਆਂ ਨੂੰ ਸਮੇਂ ਦੇ ਸੱਚ ਨੂੰ ਉਲੀਕਣਾ ਚਾਹੀਦਾ ਹੈ ਜਿਵੇਂ ਕਿ ਸ੍ਰੀ ਸੰਧਾ ਜੀ ਨੇ ਹਕੀਕਤ ਨੂੰ ਪਛਾਣ ਕੇ ਲਿਖਿਆ ਹੈ …ਲੇਖਕ ਬਲਵਿੰਦਰ ਸਿੰਘ ਸੰਧਾ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









