ਫਰੈਂਕਫਰਟ, 11 ਮਾਰਚ 2025 -ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ
7 ਮਾਰਚ ਨੂੰ ਪ੍ਰਧਾਨ ਰਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਕਾਰਜਕਾਰਨੀ ਮੀਟਿੰਗ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵਿਵਾਦਪੂਰਨ ਤਰੀਕੇ ਨਾਲ ਹਟਾਏ ਜਾਣ ਦੇ ਫੈਸਲੇ ਅਤੇ ਉਸ ਉਪਰੰਤ ਪੈਦਾ ਹੋਈ ਪੰਥਕ ਸਥਿਤੀ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ। ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਲਾਹਕਾਰਾਂ ਵੱਲੋਂ ਚੁਕਿਆ ਗਿਆ ਇਹ ਕਦਮ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੀ ਆਜ਼ਾਦੀ ਅਤੇ ਪਵਿੱਤਰਤਾ ‘ਤੇ ਸਿੱਧਾ ਹਮਲਾ ਹੈ। ਇਸ ਕਦਮ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲੇ ਗੁਰਮਤਿ ਦੀ ਸੱਚੀ ਸੁੱਚੀ ਭਾਵਨਾ ਵਿੱਚੋਂ ਨਹੀਂ, ਸਗੋਂ ਇੱਕ ਸਿਆਸੀ ਪਾਰਟੀ ਅਤੇ ਇੱਕ ਪਰਿਵਾਰ ਦੇ ਨਿੱਜੀ ਰਾਜਨੀਤਿਕ ਹਿੱਤਾਂ ਨੂੰ ਮੁੱਖ ਰੱਖ ਕੇ ਵਿੱਚ ਲਏ ਜਾ ਰਹੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਆਪੇ ਹੀ ਥਾਪੇ ਇਨ੍ਹਾਂ ਜਥੇਦਾਰਾਂ ਨੂੰ ਹਟਾਉਣਾ ਤੇ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕੀਤੀ ਗਈ ਬਰਖਾਸਤਗੀ ਸਪੱਸ਼ਟ ਦਰਸਾਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਤਿੰਨ ਜਥੇਦਾਰਾਂ ਨੂੰ ਆਪਣੀ ਨਿੱਜੀ ਕਿੜ੍ਹ ਕੱਢਣ ਲਈ ਹਟਾਇਆ ਹੈ, ਜਿਨ੍ਹਾਂ ਨੇ 2007-2017 ਤੱਕ ਪੰਜਾਬ ਵਿੱਚ ਆਪਣੀ ਸਰਕਾਰ ਦੌਰਾਨ ਸਿੱਖ ਵਿਰੋਧੀ ਕਾਰਵਾਈਆਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ 2 ਦਸੰਬਰ ਫੈਸਲਾ ਸੁਣਾਇਆ ਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਸਵਰਗੀ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਫਖ਼ਰ-ਏ-ਕੌਮ ਦਾ ਖਿਤਾਬ ਵਾਪਸ ਲੈ ਲਿਆ ਸੀ, । ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਕੌਮ ਨੂੰ ਇਹ ਸੁਨੇਹਾ ਮੁੜ ਦਿੱਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਨਿੱਜੀ ਜਾਗੀਰ ਹੈ ਤੇ ਇਸ ਕਮੇਟੀ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਉਸੇ ਨਿੱਜੀ ਤੇ ਰਾਜਸੀ ਮੁਫਾਦਾਂ ਦੀ ਪੂਰਤੀ ਲਈ ਜ਼ਰੂਰੀ ਹੈ ।
ਸ਼੍ਰੋਮਣੀ ਕਮੇਟੀ ਵੱਲੋਂ ਚੁੱਕੇ ਗਏ ਇਸ ਕਦਮ ਦੀ ਪੂਰੇ ਪੰਥ ਵਿੱਚ ਵਿਆਪਕ ਨਿੰਦਾ ਹੋ ਰਹੀ ਹੈ ਤੇ ਨਵੇਂ ਥਾਪੇ ਜਾ ਰਹੇ ਜਥੇਦਾਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ । ਪਰ ਇਸ ਵਿਰੋਧ ਵਿੱਚ ਇੱਕ ਅਹਿਮ ਗੱਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ, ਸ਼੍ਰੋਮਣੀ ਕਮੇਟੀ ਵੱਲੋਂ ਹੀ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਹਟਾਇਆ ਜਾਂਦਾ ਹੈ। ਜਥੇਦਾਰਾਂ ਦੀ ਨਿਯੁਕਤੀ ਅਤੇ ਬਰਖਾਸਤਗੀ ਦਾ ਇਹ ਤਰੀਕਾ ਪੰਥ ਪ੍ਰਵਾਣਤ ਨਹੀਂ ਹੈ ਪਰ ਜਦੋਂ ਵੀ ਨਵੇਂ ਜਥੇਦਾਰਾਂ ਦੀ ਨਿਯੁਕਤੀ ਹੁੰਦੀ ਹੈ ਤਾਂ ਉਸ ਸਮੇਂ ਇਸ ਵਿਧੀ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਪਰ ਫਿਰ ਜੋ ਵਿਅਕਤੀ ਜਾਂ ਸੰਸਥਾਵਾਂ ਇਸਦਾ ਵਿਰੋਧ ਕਰਦੇ ਹਨ ਉਹ ਅੰਤ ਵਿੱਚ ਇਨ੍ਹਾਂ ਨਿਯੁਕਤੀਆਂ ਨੂੰ ਆਪਣੇ ਨਿੱਜੀ ਮੁਫਾਦਾਂ ਨੂੰ ਦੇਖਦਿਆਂ ਸਵੀਕਾਰ ਕਰ ਲੈਂਦੇ ਹਨ । 2015 ਵਿੱਚ ਬਾਦਲ ਸਰਕਾਰ ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਖਿਲਾਫ ਉਠੇ ਰੋਹ ਤੇ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਸੱਦੇ ਸਰਬੱਤ ਖਾਲਸਾ ਵਿੱਚ ਜਥੇਦਾਰ ਨਿਯੁਕਤ ਕੀਤੇ ਗਏ ਸਨ ਪਰ ਬਹੁਤਾਤ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਵੀਕਾਰਤਾ ਨਾ ਦੇ ਕੇ ਬਾਦਲ ਪਰਿਵਾਰ ਵੱਲੋਂ ਥਾਪੇ ਜਥੇਦਾਰਾਂ ਨੂੰ ਹੀ ਪ੍ਰਵਾਨ ਕੀਤਾ ਗਿਆ । ਪੰਥਕ ਜਥੇਬੰਦੀਆਂ ਦੇ ਆਪਣੇ ਨਿੱਜੀ ਹਿੱਤਾਂ ਅਤੇ ਪ੍ਰੰਪਰਾਵਾਂ ਦਾ ਹਵਾਲਾ ਦੇ ਕੇ ਚੁੱਕੇ ਇਨ੍ਹਾਂ ਕਦਮਾਂ ਨਾਲ ਹੀ ਸ਼੍ਰੋਮਣੀ ਕਮੇਟੀ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੰਟਰੋਲ ਸਿੱਖ ਸੰਸਥਾਵਾਂ ਤੇ ਬਣਿਆ ਹੋਇਆ ਹੈ ।
ਇਸ ਤੋਂ ਇਲਾਵਾ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਦੀ ਆਪਣੀ ਜਥੇਬੰਦਕ ਅਤੇ ਧੜੇ ਦੀ ਸੋਚ ਅਤੇ ਪ੍ਰੰਪਰਾ ਅਨੁਸਾਰ ਪ੍ਰਵਾਨਗੀ ਅਤੇ ਵਿਅਕਤੀਗਤ ਏਜੰਡਿਆਂ ਦੇ ਅਧਾਰ ‘ਤੇ ਉਨ੍ਹਾਂ ਵਿੱਚ ਤਬਦੀਲੀ ਕਰਵਾਉਣ ਦੇ ਅਮਲ ਵੀ ਨਾ ਸਿਰਫ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਦੇ ਹਨ ਬਲਕਿ ਅੱਜ ਸ਼੍ਰੋਮਣੀ ਕਮੇਟੀ ਦੇ ਫੈਸਲਿਆ ਦਾ ਸਿਧਾਂਤਕ ਵਿਰੋਧ ਕਰਨ ਦਾ ਦਾਅਵਾ ਕਰਨ ਵਾਲੀਆਂ ਧਿਰਾਂ ਦੀ ਭਰੋਸੇਯੋਗਤਾ ਨੂੰ ਵੀ ਘਟਾਉਂਦੇ ਹਨ। ਨਾਨਕਸ਼ਾਹੀ ਕੈਲੰਡਰ ਬਾਰੇ ਸ੍ਰੀ ਅਕਾਲ ਤਖਤ ਦੇ ਫੈਸਲੇ ਦਾ ਵਿਰੋਧ ਅਤੇ ਉਸ ਨੂੰ ਬਦਲਵਾਉਣ ਦੀ ਕਾਰਵਾਈ ਇਸ ਦੀ ਮੁੱਖ ਉਦਾਹਰਨ ਹੈ । ਅਜਿਹੀਆਂ ਕਾਰਵਾਈਆਂ ਤੇ ਫੈਸਲੇ ਪੰਥ ਦੇ ਅੰਦਰੂਨੀ ਸੰਕਟ ਨੂੰ ਹੋਰ ਡੂੰਘਾ ਕਰਦੇ ਹਨ ਅਤੇ ਪੰਥ ਵਿੱਚ ਖਿੰਡਾਓ ਦੀ ਸਥਿਤੀ ਨੂੰ ਪੈਦਾ ਕਰਦੇ ਹਨ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਦੁਆਰਾ ਐਕਟ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਹੀ ਮੌਜੂਦਾ ਮਸਲੇ ਦੀ ਅਸਲ ਜੜ੍ਹ ਹੈ । ਸਿੱਖ ਵਿਰੋਧੀ ਭਾਰਤ ਸਰਕਾਰ ਦੁਆਰਾ ਨਿਅੰਤਰਤ ਪੰਥਕ ਸੰਸਥਾਵਾਂ ਦੀ ਚੋਣ ਨੂੰ ਪੰਥਕ ਨਹੀਂ ਕਿਹਾ ਜਾ ਸਕਦਾ । ਇਸ ਐਕਟ ਦੇ ਹਵਾਲੇ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਪਲਟਾਉਣ ਦੀ ਕਾਰਵਾਈ ਗੈਰ ਪੰਥਕ ਹੈ । ਮੌਜੂਦਾ ਪੰਥਕ ਸੰਕਟ ਸਰਕਾਰੀ ਜਾਂ ਰਾਜਨੀਤਿਕ ਨਿਯੰਤਰਣ ਤੋਂ ਮੁਕਤ, ਸਵੈ-ਸ਼ਾਸਨ ਦੀ ਖਾਲਸਾ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਦੀ ਤੁਰੰਤ ਲੋੜ ਨੂੰ ਉਜਾਗਰ ਕਰਦਾ ਹੈ।
ਵਰਲਡ ਸਿੱਖ ਪਾਰਲੀਮੈਂਟ ਦੁਨੀਆ ਭਰ ਦੀਆਂ ਸਾਰੀਆਂ ਸਿੱਖ ਸੰਸਥਾਵਾਂ, ਪੰਥ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਧਾਰਮਿਕ ਸੰਸਥਾਵਾਂ ਦੇ ਇੱਕ ਰਾਜਨੀਤਿਕ ਪਰਿਵਾਰ ਅਤੇ ਇੱਕ ਪਾਰਟੀ ਦੇ ਕਬਜ਼ੇ ਦੇ ਵਿਰੋਧ ਵਿੱਚ ਇੱਕਜੁੱਟ ਹੋਣ ਦਾ ਸੱਦਾ ਦਿੰਦੀ ਹੈ। ਪੰਥ ਦੀ ਤਾਕਤ ਇਸਦੀ ਏਕਤਾ ਵਿੱਚ ਹੈ, ਅਤੇ ਇਹ ਜ਼ਰੂਰੀ ਹੈ ਕਿ ਸਾਰੇ ਧੜੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੀ ਪਵਿੱਤਰਤਾ ਦੀ ਰਾਖੀ ਕਰਨ। ਮੌਜੂਦਾ ਪੰਥਕ ਸੰਕਟ ਦਾ ਹੱਲ ਨਿਸ਼ਚਤ ਤੌਰ ‘ਤੇ ਏਕਤਾ ਵਿੱਚ ਹੈ, ਅਤੇ ਇਸਨੂੰ ਗੁਰ ਫੁਰਮਾਨ ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥’ ਅਨੁਸਾਰ ਹੀ ਹੱਲ ਕੀਤਾ ਜਾ ਸਕਦਾ ਹੈ। ਅੱਜ ਜ਼ਰੂਰੀ ਹੈ ਕਿ ਪੰਥ ਦੀ ਚੜ੍ਹਦੀ ਕਲਾ ਨੂੰ ਧਿਆਨ ਵਿੱਚ ਰੱਖਦੇ ਹੋਏ, ਧੜੇਬੰਦੀ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਫੈਸਲੇ ਲਏ ਜਾਣ। ਪੰਥ ਸਾਰੇ ਧੜਿਆਂ ਤੋਂ ਉੱਪਰ ਹੈ, ਅਤੇ ਇਕੱਠੇ ਕੰਮ ਕਰਕੇ ਹੀ ਅਸੀਂ ਆਪਣੀਆਂ ਸੰਸਥਾਵਾਂ ਵਿੱਚ ਸੱਚੀ ਸੁੱਚੀ ਖਾਲਸਾਈ ਸੋਚ ਨੂੰ ਬਹਾਲ ਕਰ ਸਕਦੇ ਹਾਂ।
ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਮੌਜੂਦਾ ਸੰਕਟ ਦਾ ਇੱਕੋ ਇੱਕ ਹੱਲ ਰਵਾਇਤੀ ਖਾਲਸਈ ਫੈਸਲੇ ਲੈਣ ਦੀ ਵਿਧੀ ਦੀ ਬਹਾਲੀ ਵਿੱਚ ਹੈ, ਜਿੱਥੇ ਲੀਡਰਸ਼ਿਪ ਸਰਬੱਤ ਖਾਲਸਾ ਰਾਹੀਂ ਸਮੁੱਚੇ ਸਿੱਖ ਪੰਥ ਪ੍ਰਤੀ ਜਵਾਬਦੇਹ ਹੈ, ਨਾ ਕਿ ਕਿਸੇ ਰਾਜਨੀਤਿਕ ਪਾਰਟੀ ਦੇ ਆਕਾਵਾਂ ਨੂੰ । ਮਸਲਿਆਂ ਦਾ ਸਦੀਵੀ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰਮਤੇ ਦੀ ਵਿਧੀ ਰਾਹੀ ਹੋਏ ਪੰਥਕ ਫੈਸਲਿਆਂ ਦਾ ਸਤਿਕਾਰ ਵਿੱਚ ਹੈ।ਵਰਲਡ ਸਿੱਖ ਪਾਰਲੀਮੈਂਟ ਸਿੱਖ ਸੰਸਥਾਵਾਂ ਦੀ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਹੈ ਅਤੇ ਤਖ਼ਤਾਂ ਦੇ ਸੰਚਾਲਨ ਲਈ ਗੁਰਮਤਿ ਅਨੁਸਾਰੀ ਪ੍ਰਣਾਲੀ ਸਥਾਪਤ ਕਰਨ ਅਤੇ ਸਰਬ ਪ੍ਰਵਾਨਤ ਵਿਧੀ-ਵਿਧਾਨ ਤਿਆਰ ਕਰਨ ਲਈ ਸਿੱਖ ਜਥੇਬੰਦੀਆਂ, ਸੰਗਠਨਾਂ ਅਤੇ ਵਿਦਵਾਨਾਂ ਵਿਚ ਆਪਸੀ ਸੰਵਾਦ ਕਰਨ ਦਾ ਸੱਦਾ ਦਿੰਦੀ ਹੈ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









