ਇੰਗਲੈਂਡ (13 ਜੂਨ) ਗਲੋਬਲ ਸਿੱਖ ਕੌਂਸਲ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਹਿਮ ਮੁੱਦੇ ‘ਤੇ ਬਹੁਤ ਹੀ ਈਮੇਲ ਅਤੇ ਸੁਨੇਹੇ ਲਗਾਤਾਰ ਆਏ ਸਨ। ਇਸ ਵਿਸ਼ੇ ਤੇ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਮਨਦੀਪ ਕੌਰ ਦੁਬਈ ਨੇ ਕਿਹਾ ਕਿ ਜੀਐਸਸੀ ਵਲੋਂ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਜੀਐਸਸੀ ਵਲੋਂ 2 ਜੂਨ,2024 ਨੂੰ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਇੱਕ ਬਹੁਤ ਵੱਡੇ ਪੱਧਰ ਤੇ ਆਨਲਾਈਨ ਵਰਲਡ ਸਿੱਖਸ ਸਮਿਟ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਦੁਨੀਆਂ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਜਿੱਥੇ ਕੈਲੰਡਰ ਮਾਹਿਰ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ. ਇਰਵਿਨਪ੍ਰੀਤ ਸਿੰਘ, ਸ੍ਰ. ਕਿਰਪਾਲ ਸਿੰਘ ਬਠਿੰਡਾ ਅਤੇ ਡਾਕਟਰ ਸਰਬਜੀਤ ਸਿੰਘ ਜੀ ਸ਼ਾਮਿਲ ਹੋਏ, ਜਿਨ੍ਹਾਂ ਨੇ ਸੰਗਤਾਂ ਵਲੋਂ ਕੈਲੰਡਰ ਬਾਰੇ ਕੀਤੇ ਗਏ ਹਰ ਤਰ੍ਹਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਉਥੇ ਨਾਲ ਹੀ ਮੂਲ ਨਾਨਕਸ਼ਾਹੀ ਕੈਲੰਡਰ ਤੇ ਡੱਟਕੇ ਪਹਿਰਾ ਦੇਣ ਵਾਲੀਆਂ ਸ਼ਖਸੀਅਤਾਂ ਵਿੱਚ ਮੁੱਖ ਮਹਿਮਾਨਾਂ ਵਜੋਂ ਜਥੇਦਾਰ ਸੁਖਦੇਵ ਸਿੰਘ ਭੌਰ, ਪ੍ਰਧਾਨ ਜੰਮੂ ਗੁਰਦੁਆਰਾ ਕਮੇਟੀ ਸ੍ਰ. ਰਣਜੀਤ ਸਿੰਘ ਜੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਜੀ ਅਤੇ ਡਾਇਰੈਕਟਰ ਦਿਆਲ ਸਿੰਘ ਰਿਸਰਚ ਫੋਰਮ ਅਤੇ ਪੰਜਾਬੀ ਵਰਲਡ ਸੈਂਟਰ ਤੋਂ ਡਾਕਟਰ ਰਜ਼ਾਕ ਸ਼ਾਹਿਦ ਜੀ ਸ਼ਾਮਿਲ ਹੋਏ ਅਤੇ ਆਪਣੇ ਵੀਚਾਰ ਸੰਗਤਾਂ ਸਨਮੁੱਖ ਰੱਖੇ।
ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਸਚਦੇਵਾ ਨੇ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਆਉ, ਮਿਲ ਬੈਠਕੇ ਆਪਾਂ ਕਿਸੇ ਸਾਰਥਿਕ ਨਤੀਜੇ ਤੇ ਪੁਹੰਚੀਏ ਅਤੇ ਆਪਾਂ ਸਿੱਖੀ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਸੁਨਹਿਰਾ ਭਵਿੱਖ ਸਿਰਜੀਏ ਕਿਤੇ ਸਾਡੀ ਭਵਿੱਖ ਵਾਲੀ ਪੀੜ੍ਹੀ ਤਾਰੀਖਾਂ ਵਿੱਚ ਹੀ ਨਾ ਉਲਝੀ ਰਹੇ।ਇਸ ਲਈ ਸਾਰੇ ਆਪਸੀ ਮਤਭੇਦਾਂ ਨੂੰ ਦੂਰ ਕਰੀਏ ਅਤੇ ਇਕ ਸਾਰਥਿਕ ਹੱਲ ਲੱਭੀਏ। ਅਸੀਂ ਸਾਰੇ ਕੈਲੰਡਰ ਮਾਹਿਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਉ ਸਾਰੇ ਇਕੱਠੇ ਬੈਠਕੇ ਕੋਈ ਸਾਰਥਿਕ ਹੱਲ ਕੱਢੀਏ ਅਤੇ ਇੱਕ ਗ੍ਰੰਥ, ਇੱਕ ਪੰਥ , ਇੱਕ ਕੈਲੰਡਰ ਤੇ ਪਹਿਰਾ ਦੇਈਏ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।