ਨਵੀਂ ਦਿੱਲੀ 11 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਗੁਲਜ਼ਾਰ ਸਿੰਘ ਦੀ ਮੌਤ ਤੋਂ ਬਾਅਦ ਸੁਨਾਮ ਦੇ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਉਤੇ ਗੁਲਜ਼ਾਰ ਹੂਲ ਖਾਲਿਸਤਾਨ ਦੇ ਨਾਅਰੇ ਲਿਖੇ ਜਾਣ ਨਾਲ ਮਾਮਲਾ ਬਹੁਤ ਗਰਮਾ ਗਿਆ ਹੈ। ਸਿੱਖਸ ਫਾਰ ਜਸਟਿਸ ਨੇ ਇਸ ਘਟਨਾ ਦੀ ਵੀਡੀਓ ਜਾਰੀ ਕਰਕੇ ਨਾਅਰੇਬਾਜ਼ੀ ਦੀ ਜ਼ਿੰਮੇਵਾਰੀ ਦਾਅਵੇ ਨਾਲ ਚੁੱਕੀ ਹੈ ਅਤੇ ਪੀੜਤ ਪਰਿਵਾਰ ਲਈ ਪੰਜ ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਸਟੇਸ਼ਨ ਦੀਆਂ ਕੰਧਾਂ ਉਤੇ ਲਿਖੇ ਇਹ ਨਾਅਰੇ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ, ਰੇਲਵੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵਿਚ ਭਾਜੜ ਪੈ ਗਈ ਹੈ ਜਿਸ ਕਰਕੇ ਪੁਲਿਸ ਨੇ ਤੁਰੰਤ ਮੌਕੇ ਉਤੇ ਪੁੱਜ ਕੇ ਨਾਅਰਿਆਂ ਉਤੇ ਰੰਗ ਫੇਰਿਆ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ। ਇਸ ਪੂਰੇ ਹੰਗਾਮੇ ਦੀ ਜੜ੍ਹ ਗੁਲਜ਼ਾਰ ਸਿੰਘ ਵਲੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਮਣੇ ਚਿੱਟੇ ਦੀ ਸ਼ਰੇਆਮ ਵਿਕਰੀ ਅਤੇ ਆਪਣੇ ਪੁੱਤਰ ਦੀ ਨਸ਼ੇ ਦੀ ਆਦਤ ਨੂੰ ਲੈ ਕੇ ਕੀਤੇ ਤਿੱਖੇ ਸਵਾਲ ਸਨ। ਮੰਤਰੀ ਨੂੰ ਲਾਈਵ ਘੇਰਨ ਦੇ ਮਹਿਜ਼ ਇੱਕ ਦਿਨ ਬਾਅਦ ਗੁਲਜ਼ਾਰ ਸਿੰਘ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਮੌਤ ਤੋਂ ਪਹਿਲਾਂ ਬਣਾਏ ਵੀਡੀਓ ਬਿਆਨ ਵਿਚ ਉਸ ਨੇ ਦੋਸ਼ ਲਾਇਆ ਕਿ ਸਵਾਲ ਪੁੱਛਣ ਤੋਂ ਬਾਅਦ ਉਸ ਉਤੇ ਪੁਲਿਸ ਅਤੇ ਸਿਆਸੀ ਆਗੂਆਂ ਵਲੋਂ ਲਗਾਤਾਰ ਧਮਕੀਆਂ ਅਤੇ ਬੇਅੰਤ ਦਬਾਅ ਪਾਇਆ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ । ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਹੋਣੀ ਅਜੇ ਬਾਕੀ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








