Home » ਕੈਨੇਡਾ » ਪ੍ਰਸਿੱਧ ਬਿਜ਼ਨਸਮੈਨ ਮਨਜੀਤ ਸਿੰਘ ਨਰਵਾਲ ਨਾਲ ਗੁਰਮਤਿ ਸਿਧਾਂਤਾਂ ਸਬੰਧੀ ਇੱਕ ਵਿਸ਼ੇਸ਼ ਇਕੱਤਰਤਾ

ਪ੍ਰਸਿੱਧ ਬਿਜ਼ਨਸਮੈਨ ਮਨਜੀਤ ਸਿੰਘ ਨਰਵਾਲ ਨਾਲ ਗੁਰਮਤਿ ਸਿਧਾਂਤਾਂ ਸਬੰਧੀ ਇੱਕ ਵਿਸ਼ੇਸ਼ ਇਕੱਤਰਤਾ

SHARE ARTICLE

14 Views

ਐਡਮਿੰਟਨ (ਕੈਨੇਡਾ) 10 ਸਤੰਬਰ (ਬਲਵਿੰਦਰ  ਬਾਲਮ) ਪ੍ਰਸਿੱਧ ਨਰਵਾਲ ਬਿਲਡਿੰਗ ਵਿਖੇ ਵਿਸ਼ਵ ਪੰਜਾਬੀ ਸਭਾ ਦੀ ਇੱਕ ਵਿਸ਼ੇਸ਼ ਇਕੱਤਰਤਾ ਨਾਮਚੀਨ ਬਿਜ਼ਨਸਮੈਨ ਮਨਜੀਤ ਸਿੰਘ ਨਰਵਾਲ ਦੀ ਰਹਿਨੁਮਾਈ ਹੇਠ ਹੋਈ। ਇਸ ਇਕੱਤਰਤਾ ਵਿੱਚ ਮੁੱਖ ਵਿਸ਼ਾ ਸਿੱਖ ਧਰਮ, ਗੁਰਮਤਿ ਸਿਧਾਂਤਾਂ ਦੇ ਉਪਦੇਸ਼ਾਂ ਤੇ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰਨੇ ਅਤੇ ਗੁਰਮਤਿ ਸਿਧਾਂਤਾਂ ਉਪਦੇਸ਼ਾਂ ਨੂੰ ਮੁਫਤ ਪੁਸਤਕਾਂ ਜ਼ਰੀਏ ਘਰ ਘਰ ਪਹੁੰਚਾਉਣ ਤੇ ਵਿਚਾਰ ਵਟਾਂਦਰਾ ਕੀਤਾ ਵਿਸ਼ੇਸ਼ ਤੌਰ ਤੇ ਵਿਸ਼ਵ ਪੰਜਾਬੀ ਸਭਾ ਐਡਮਿੰਟਨ ਦੇ ਪ੍ਰਧਾਨ ਦਲਬੀਰ ਸਿੰਘ ‘ਰਿਆੜ’, ਸਤਨਾਮ ਸਿੰਘ ਗਾਹਲੇ ਤੇ ਬਲਵਿੰਦਰ ਬਾਲਮ ਨਾਲ ਮੁਲਾਕਾਤ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਦੋ ਲਘੂ ਫਿਲਮਾਂ ਵੀ ਵਿਖਾਈਆਂ ਗਈਆਂ, ਜਿਸ ਵਿੱਚ ਪ੍ਰਾਚੀਨ ਅਤੇ ਵਰਤਮਾਨ ਹਾਲਾਤਾਂ ਬਾਰੇ ਜ਼ਿਕਰ ਸੀ। ਇਸ ਮੌਕੇ ਤੇ ਮਨਜੀਤ ਸਿੰਘ ਨਰਵਾਲ ਸੰਸਥਾਪਕ ਆਲ ਇਜ਼ ਵੰਨ ਫਾਊਂਡੇਸ਼ਨ ਨੇ ਆਪਣੇ ਸੰਬੋਧਨ ਵਿੱਚ ਕਿਹਾ-
ਕਿ ਅੱਜ ਦੁਨੀਆਂ ਦੇ ਜਿਸ ਪਾਸੇ ਵੀ ਨਜ਼ਰ ਜਾਵੇ ਦਰਦ, ਤਣਾਅ ਅਤੇ ਵੰਡ ਦਿਖਾਈ ਦਿੰਦੀ ਹੈ। ਯੂਕਰੇਨ, ਫਲਸਤੀਨ, ਇਰਾਨ, ਇਜ਼ਰਾਇਲ ਅਤੇ ਅਰਬ ਦੇਸ਼ਾਂ ਵਿੱਚ ਲੋਕ ਪੀੜਤ ਹਨ। ਭਾਰਤ ਵਿੱਚ ਵੀ ਮਜ਼੍ਹਬ ਦੇ ਨਾਂ ਤੇ ਖਿੱਚੋਤਾਣ ਵੱਧ ਰਹੀ ਹੈ। ਇਹੀ ਦਰਾਰਾਂ ਹੁਣ ਸਾਡੇ ਘਰਾਂ ਤੱਕ ਪਹੁੰਚ ਗਈਆਂ ਹਨ। ਪਤੀ ਪਤਨੀ ਵਿਚਕਾਰ ਦੂਰੀਆਂ, ਵੱਧਦੇ ਤਲਾਕ ਤੇ ਪੀੜੀਆਂ ਦਾ ਆਪਸ ਵਿੱਚ ਟੁੱਟਦਾ ਰਿਸ਼ਤਾ। ਇਹ ਸਭ ਵੇਖ ਕੇ ਮਨ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਅਸੀਂ ਸੱਚ ਮੁੱਚ ਇੱਕ ਦੂਜੇ ਤੋਂ ਇੰਨੇ ਵੱਖਰੇ ਹਾਂ, ਜਿੰਨਾ ਅਸੀਂ ਸਮਝ ਬੈਠੇ ਹਾਂ?
ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੀ ੴ (ਇੱਕ ਓਅੰਕਾਰ) ਤੋਂ ਹੁੰਦਾ ਹੈ। ਏਕਤਾ ਦਾ ਸਭ ਤੋਂ ਡੂੰਘਾ ਸੁਨੇਹਾ ਇਹ ਸਿਖਾਉਂਦਾ ਹੈ ਕਿ ਹਰ ਜੀਅ ਅੰਦਰ ਇੱਕੋ ਜੋਤ ਵੱਸਦੀ ਹੈ। ਅਸੀਂ ਸਾਰੇ ਇੱਕੋ ਊਰਜਾ ਨਾਲ ਜੁੜੇ ਹੋਏ ਹਾਂ। ‘ਅਜੂਨੀ’ ਦਾ ਭਾਵ ਹੈ ਕਿ ਪਰਮਾਤਮਾ ਜਨਮ-ਮਰਨ ਤੋਂ ਪਰੇ ਹੈ, ਕਿਸੇ ਇੱਕ ਸਰੀਰ ਵਿੱਚ ਸੀਮਤ ਨਹੀਂ। ਜੇ ਉਹੀ ਇੱਕ ਜੋਤ ਸਾਰਿਆਂ ਅੰਦਰ ਹੈ ਤਾਂ ਕੋਈ ਵੀ ਮਨੁੱਖ, ਕੌਮ ਜਾਂ ਮਜ਼੍ਹਬ ਉਸ ਸਾਂਝੇ ਸੱਚ ਉੱਤੇ ਆਪਣਾ ਇਕੱਲਾ ਹੱਕ ਨਹੀਂ ਜਤਾ ਸਕਦਾ।
ਜਿਉਂ ਜਿਉਂ ਗੁਰਬਾਣੀ ਨੂੰ ਡੁੰਘਾਈ ਨਾਲ ਸਮਝਦੇ ਹਾਂ ਇਹ ਗੱਲ ਸਾਫ ਹੁੰਦੀ ਜਾਂਦੀ ਹੈ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਕਿਸੇ ਸੰਸਥਾਗਤ ਮਜ਼੍ਹਬ ਲਈ ਨਹੀਂ ਹਨ। ਇਹ ਸਮੁੱਚੀ ਮਨੁੱਖਤਾ ਦੀ ਸਾਂਝੀ ਪੂੰਜੀ ਹਨ। ਇਹਨਾਂ ਦਾ ਮੂਲ ਸੰਦੇਸ਼ ਲੁਕਾਈ ਨੂੰ ਵੰਡਣਾ ਨਹੀਂ ਸਗੋਂ ਜੋੜਨਾ ਹੈ।
ਗੁਰਬਾਣੀ ਸਾਨੂੰ ਉਹ ਕਦਰਾਂ ਕੀਮਤਾਂ ਦਿੰਦੀ ਹੈ ਜੋ ਹਰ ਇਨਸਾਨ ਦੇ ਦਿਲ ਦੀ ਸਾਂਝ ਹਨ- ਦਇਆ, ਸਬਰ ਤੇ ਧੀਰਜ, ਸੱਚ ਤੇ ਇਮਾਨਦਾਰੀ, ਹਲੀਮੀ ਤੇ ਨਿਮਰਤਾ ਅਤੇ ਸਰਬੱਤ ਦਾ ਭਲਾ, ਇਹ ਗੁਣ ਕਿਸੇ ਇੱਕ ਧਰਮ ਦੀ ਮਲਕੀਅਤ ਨਹੀਂ, ਇਹ ਵਿਸ਼ਵ ਭਾਈਚਾਰੇ ਦੀ ਨੀਂਹ ਹਨ। ਜਦੋਂ ਇਹੀ ਨਿਮਰਤਾ ਤੇ ਪ੍ਰੇਮ ਅਸੀਂ ਆਪਣੇ ਘਰ ਲੈ ਆਉਂਦੇ ਹਾਂ ਤਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਇਮਾਨਦਾਰੀ, ਹਲੀਮੀ ਤੇ ਨਿਮਰਤਾ, ਅਤੇ ਸਰਬੱਤ ਦਾ ਭਲਾ। ਜਦੋਂ ਇਹੀ ਨਿਮਰਤਾ ਦੇ ਪ੍ਰੇਮ ਅਸੀਂ ਆਪਣੇ ਘਰ ਲੈ ਆਉਂਦੇ ਹਾਂ ਤਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਸਤਿਕਾਰ ਪਰਤਦਾ ਹੈ ਤੇ ਨੌਜਵਾਨ ਤੇ ਬਿਰਧ ਪੀੜੀਆਂ ਵਿਚਕਾਰ ਨਿੱਘ ਮੁੜ ਜਾਗਦਾ ਹੈ।
ਇਸੇ ਸਮਝ ਨੇ ਸਾਨੂੰ ਕੁਝ ਕਰ ਗੁਜਰਨ ਦੀ ਪ੍ਰੇਰਨਾ ਦਿੱਤੀ। ਆਲ ਇਜ਼ ਵੰਨ ਫਾਊਂਡੇਸ਼ਨ (All Is One Foundation) ਇਸੇ ਭਾਵਨਾ ਨਾਲ ਜਨਮੀ ਇਕ ਗੈਰ ਮੁਨਾਫ਼ਾ ਸੰਸਥਾ ਹੈ। ਇਸ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਸਧਾਰਨ, ਸਹਿਜ ਭਾਸ਼ਾ ਵਿੱਚ ਤੇ ਦੁਨੀਆਂ ਦੀਆਂ ਕਈ ਬੋਲੀਆਂ ਵਿੱਚ ਹਰ ਉਸ ਵਿਅਕਤੀ ਤੱਕ ਪਹੁੰਚਾਉਣਾ ਹੈ ਜੋ ਦਇਆ, ਸਤਿਕਾਰ ਤੇ ਸ਼ਾਂਤੀ ਨਾਲ ਜੀਣਾ ਸਿੱਖਣਾ ਚਾਹੁੰਦਾ ਹੈ।
ਸੰਸਥਾ ਵੱਲੋਂ ਲੋੜਵੰਦਾਂ ਲਈ ਭੋਜਨ ਦੀ ਸੇਵਾ, ਕਿਤਾਬਾਂ ਦਾ ਲੰਗਰ ਅਤੇ ਗੁਰਬਾਣੀ ਦੇ ਸਰਲ ਅਨੁਵਾਦ ਦਾ ਕਾਰਜ ਨਿਰੰਤਰ ਜਾਰੀ ਹੈ। ਕਿਤਾਬਾਂ ਤੋਂ ਇਲਾਵਾ ਆਲ ਇਜ਼ ਵੰਨ ਲਾਈਫ (All Is One Life) ਨਾਂ ਦਾ ਐਪ ਵੀ ਸਭ ਦੀ ਸੇਵਾ ਵਿੱਚ ਹਾਜ਼ਰ ਹੈ, ਜਿਸ ਰਾਹੀਂ ਆਪ ਆਪਣੀ ਭਾਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸੁਣ, ਪੜ੍ਹ, ਸਮਝ ਅਤੇ ਸਿੱਖ ਸਕਦੇ ਹੋ। ਏਕਤਾ ਦਾ ਇਹ ਰਾਹ ਕਿਸੇ ਇੱਕ ਕੌਮ ਦਾ ਨਹੀਂ। ਇਹ ਸਾਰੀ ਲੁਕਾਈ ਦਾ ਸਾਂਝਾ ਰਾਹ ਹੈ। ਆਓ ! ਇੱਕੋ ਜੋਤ ਨੂੰ ਪਛਾਣੀਏ ਤੇ ਪਿਆਰ ਦੇ ਇਸ ਰਾਹ ‘ਤੇ ਇਕੱਠੇ ਤੁਰੀਏ। ਕਿਉਂਕਿ ਸੱਚ ਤਾਂ ਇਹੀ ਹੈ – ਅਸੀਂ ਸਾਰੇ ਇੱਕ ਹਾਂ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਭਵਿੱਖ ਵਿੱਚ ਪੰਜਾਬੀ ਮਾਂ ਬੋਲੀ ਅਤੇ ਗੁਰਮਤਿ ਸਿਧਾਂਤਾਂ, ਉਪਦੇਸ਼ਾਂ ਨੂੰ ਘਰ ਘਰ ਪਹੁੰਚਾਉਣ ਦੇ ਪ੍ਰਯੋਜਨ ਵੀ ਰੱਖੇ। ਇਸੇ ਇਕੱਤਰਤਾ ਵਿੱਚ ਕੇਵਲ ਸਿੰਘ ਬੱਲ, ਬਲਵਿੰਦਰ ਬਾਲਮ, ਮੈਨੇਜਰ ਕਸ਼ਮੀਰਾ ਸਿੰਘ ਨਿਰਮਾਣ, ਮੈਨੇਜਰ ਨਰਿੰਦਰ ਸਿੰਘ, ਤਜਿੰਦਰ ਪਾਲ ਸਿੰਘ ਰਿਆੜ, ਕਰਨੈਲ ਸਿੰਘ ਪਰਮਾਰ, ਗੁਰਨਾਮ ਸਿੰਘ ਅਟਵਾਲ, ਗੁਰਦਿਆਲ ਸਿੰਘ, ਪਾਰਸ ਮਹੀਨੀਆਂ, ਸਤਨਾਮ ਸਿੰਘ ਗਾਹਲੇ, ਕਾਰਜ ਸਿੰਘ, ਮਾਸਟਰ ਅਜੀਤ ਸਿੰਘ ਖੰਗੂੜਾ, ਸੁਖਦੇਵ ਸਿੰਘ, ਹਰਪਾਲ ਸਿੰਘ ਬੋਪਾਰਾਏ, ਪ੍ਰੀਤ ਹਰਪਾਲ, ਅਵਦੇਸ਼ ਸ਼ਰਮਾ, ਗੁਰਦਿਆਲ ਸਿੰਘ, ਮੋਹਣ ਸਿੰਘ, ਰਵਿੰਦਰ ਕੁਮਾਰ ਬਾਲੀ ਐਡਵੋਕੇਟ ਵਿਪਨ ਮੋਦੀ ਆਦਿ ਬੁਲਾਰਿਆਂ ਨੇ ਵਿਚਾਰ ਰੱਖੇ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News