Home » ਸੰਸਾਰ » ਜਰਮਨੀ » ਵਰਲਡ ਸਿੱਖ ਪਾਰਲੀਮੈਂਟ ਵੱਲੋਂ ‘ਵੰਦੇ ਮਾਤਰਮ’ ਬਿੱਲ ਦਾ ਸਖ਼ਤ ਵਿਰੋਧ: ਹਿੰਦੂਤਵੀ ਏਜੰਡੇ ਖਿਲਾਫ਼ ਆਜ਼ਾਦ ਸਿੱਖ ਰਾਜ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ

ਵਰਲਡ ਸਿੱਖ ਪਾਰਲੀਮੈਂਟ ਵੱਲੋਂ ‘ਵੰਦੇ ਮਾਤਰਮ’ ਬਿੱਲ ਦਾ ਸਖ਼ਤ ਵਿਰੋਧ: ਹਿੰਦੂਤਵੀ ਏਜੰਡੇ ਖਿਲਾਫ਼ ਆਜ਼ਾਦ ਸਿੱਖ ਰਾਜ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ

SHARE ARTICLE

17 Views

 

ਜਰਮਨੀ 9 ਸਤੰਬਰ ( ਸੰਦੀਪ ਸਿੰਘ ) ਵਰਲਡ ਸਿੱਖ ਪਾਰਲੀਮੈਂਟ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ (ਅਮਰੀਕਾ), ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ (ਜਰਮਨੀ), ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ (ਇੰਗਲੈਂਡ), ਭਾਈ ਮਨਬੀਰ ਸਿੰਘ ਸੰਧੂ, ਭਾਈ ਭਗਤ ਸਿੰਘ (ਕੈਨੇਡਾ), ਭਾਈ ਪ੍ਰਿਤਪਾਲ ਸਿੰਘ (ਸਵਿਟਜ਼ਰਲੈਂਡ), ਭਾਈ ਹਰਜੋਤ ਸਿੰਘ ਸੰਧੂ (ਹਾਲੈਂਡ), ਭਾਈ ਸਤਨਾਮ ਸਿੰਘ ਅਤੇ ਭਾਈ ਸ਼ਿੰਗਾਰਾ ਸਿੰਘ ਮਾਨ (ਫਰਾਂਸ) ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ‘ਪ੍ਰੀਵੈਨਸ਼ਨ ਆਫ਼ ਇਨਸਲਟਸ ਟੂ ਨੈਸ਼ਨਲ ਆਨਰ (ਸੋਧ) ਬਿੱਲ, 2026’ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਇਸ ਬਿੱਲ ਤਹਿਤ ਗੀਤ ‘ਵੰਦੇ ਮਾਤਰਮ’ ਦਾ ਗਾਇਨ ਨਾ ਕਰਨ ਜਾਂ ਇਸਦੇ ਗਾਇਨ ਵਿੱਚ ਰੁਕਾਵਟ ਪਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਤਜਵੀਜ਼ ਰੱਖੀ ਗਈ ਹੈ।

ਭਾਰਤ ਦੀ ਮੌਜੂਦਾ ਸਰਕਾਰ ਵੱਲੋਂ ਚੁੱਕਿਆ ਇਹ ਕਦਮ ਦਰਅਸਲ ਭਾਰਤ ਨੂੰ ਪੂਰੀ ਤਰ੍ਹਾਂ ਇੱਕ ਕੱਟੜ ‘ਹਿੰਦੂ ਰਾਸ਼ਟਰ’ ਬਣਾਉਣ ਦੀ ਦਿਸ਼ਾ ਵਿੱਚ ਚੁੱਕਿਆ ਇੱਕ ਹੋਰ ਕਦਮ ਹੈ। ਸਿੱਖ ਕੌਮ ਉੱਤੇ ਹਿੰਦੁਤਵੀ ਕਦਰਾਂ ਕੀਮਤਾਂ, ਤਿਰੰਗਾ ਝੰਡਾ, ਜਨ-ਗਣ-ਮਨ ਅਤੇ ਵੰਦੇ ਮਾਤਰਮ ਵਰਗੇ ਫਿਰਕੂ ਨਿਸ਼ਾਨਾਂ ਨੂੰ ਥੋਪਣ ਦੀ ਕੋਸ਼ਿਸ਼ ਸਿੱਖਾਂ ਦੀ ਵਿਲੱਖਣ ਅਤੇ ਸੁਤੰਤਰ ਹੋਂਦ ਨੂੰ ਖਤਮ ਕਰਨ ਦੀ ਗਹਿਰੀ ਸਾਜ਼ਿਸ਼ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਕਿਹਾ ਕਿ ਸਿੱਖੀ ਦਾ ਮੂਲ ਸਿਧਾਂਤ ਅਤੇ ਫਲਸਫਾ “ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ” ਹੈ। ਅਸੀਂ ਸਿਰਫ਼ ਇੱਕ ਅਕਾਲ ਪੁਰਖ ਦੇ ਉਪਾਸ਼ਕ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਨੂੰ ਹੀ ਆਪਣਾ ਆਧਾਰ ਮੰਨਦੇ ਹਾਂ।

‘ਵੰਦੇ ਮਾਤਰਮ’ ਗੀਤ ਵਿੱਚ ਸਿੱਧੇ ਤੌਰ ‘ਤੇ ਦੁਰਗਾ, ਲਕਸ਼ਮੀ ਅਤੇ ਸਰਸਵਤੀ ਵਰਗੀਆਂ ਹਿੰਦੂ ਦੇਵੀਆਂ ਦੀ ਉਸਤਤ ਅਤੇ ਪੂਜਾ ਦਾ ਵਰਣਨ ਹੈ। ਹਾਲਾਂਕਿ ਸਿੱਖ ਧਰਮ ਦੂਜੇ ਧਰਮਾਂ ਦੀਆਂ ਮਾਨਤਾਵਾਂ ਦਾ ਪੂਰਾ ਸਤਿਕਾਰ ਕਰਦਾ ਹੈ ਅਤੇ ਕਿਸੇ ਨੂੰ ਆਪਣੇ ਇਸ਼ਟ ਦੀ ਪੂਜਾ ਕਰਨ ਤੋਂ ਨਹੀਂ ਰੋਕਦਾ, ਪਰ ਸਾਡੇ ਉੱਤੇ ਸਾਡੇ ਬੁਨਿਆਦੀ ਧਾਰਮਿਕ ਅਕੀਦਿਆਂ ਦੇ ਉਲਟ ਅਜਿਹੇ ਗੀਤ ਜਬਰੀ ਠੋਸਣੇ ਬਿਲਕੁਲ ਨਾ-ਮਨਜ਼ੂਰ ਹਨ।

ਸਿੱਖ ਕੌਮ ਦੀ ਆਪਣੀ ਹੌਨਦ ਤੋਂ ਹੀ ਨਿਆਰੀ ਹਸਤੀ ਹੈ ਅਤੇ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਆਪਣੀ ਨਿਆਰੀ ਪਛਾਣ ਕਾਇਮ ਰੱਖੀ ਹੈ ਅਤੇ ਅਸੀਂ ਆਪਣੀ ਆਜ਼ਾਦ ਹਸਤੀ ਨੂੰ ਇਨ੍ਹਾਂ ਬਿਪਰਵਾਦੀ ਚਾਲਾਂ ਰਾਹੀਂ ਰੱਤੀ ਭਰ ਵੀ ਖੋਰਾ ਨਹੀਂ ਲੱਗਣ ਦੇਵਾਂਗੇ।

ਭਾਰਤ ਸਰਕਾਰ ਵੱਲੋਂ ਸਿੱਖਾਂ ਉੱਤੇ ਥੋਪੇ ਜਾ ਰਹੇ ਕੱਟੜਵਾਦੀ ਫਿਰਕੂ ਕਾਨੂੰਨਾਂ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਸਟੇਟ ਘੱਟ ਗਿਣਤੀਆਂ ਨੂੰ ਹਿੰਦੂਤਵੀ ਢਾਂਚੇ ਵਿੱਚ ਜਜ਼ਬ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਮੌਜੂਦਾ ਹਾਲਾਤਾਂ ਵਿੱਚ, ਜਦੋਂ ਭਾਰਤ ਤੇਜ਼ੀ ਨਾਲ ਇੱਕ ਫਾਸ਼ੀਵਾਦੀ ਹਿੰਦੂ ਰਾਸ਼ਟਰ ਵਿੱਚ ਤਬਦੀਲ ਹੋ ਰਿਹਾ ਹੈ, ਭਾਰਤ ਅੰਦਰ ਸਿੱਖਾਂ ਨੂੰ ਇਸ ਹਿੰਦੁਤਵੀ ਏਜੰਡੇ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ।

ਵਰਲਡ ਸਿੱਖ ਪਾਰਲੀਮੈਂਟ ਭਾਰਤੀ ਸਿਸਟਮ ਵੱਲੋਂ ਸਿਖਾਂ ‘ਤੇ ਥੋਪੇ ਜਾ ਰਹੇ ਹਿੰਦੁਤਵੀ ਏਜੰਡੇ ਨੂੰ ਮੁੱਢੋਂ ਰੱਦ ਕਰਦੀ ਹੈ ਅਤੇ ਸਿੱਖਾਂ ਨੂੰ ਅਪੀਲ ਕਰਦੀ ਹੈ ਕਿ ਹਿੰਦੁਤਵਾ ਦੀ ਗੁਲਾਮੀ ਦੇ ਜੂਲੇ ਵਿੱਚੋਂ ਨਿਕਲਣ ਲਈ ਆਪਣੀ ‘ਆਜ਼ਾਦ ਸਟੇਟ’ ਦੀ ਮੰਜ਼ਿਲ ਪ੍ਰਾਪਤ ਕਰਨ ਲਈ ਆਪਣਾ ਕੌਮੀ ਸੰਘਰਸ਼ ਹੋਰ ਤੇਜ਼ ਕਰੀਏ। ਸਾਡੀ ਕੌਮੀ ਹਸਤੀ, ਸਾਡੇ ਸਿਧਾਂਤਾਂ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਸੁਰੱਖਿਆ ਕੇਵਲ ਤੇ ਕੇਵਲ ਸਾਡੇ ਆਪਣੇ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਵਿੱਚ ਹੀ ਸੰਭਵ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News