ਲਖਵੀਰ ਸਿੰਘ ਲੋਟ ਤੇ ਸਾਥੀਆਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਿਰੋਪਾਓ ਦੇ ਕੇ ਸਨਮਾਨ ਕਰਦੇ ਹੋਏ ਮਨਪ੍ਰੀਤ ਸਿੰਘ ਇਯਾਲੀ, ਬਾਪੂ ਤਰਸੇਮ ਸਿੰਘ ਤੇ ਹੋਰ।
ਸੁਖਬੀਰ ਬਾਦਲ ਨੂੰ ਵੱਡਾ ਝਟਕਾ
ਸਾਬਕਾ ਚੇਅਰਮੈਨ ਤੇ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੋਟ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਹੋਏ ਸ਼ਾਮਲ
ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ ਨੇ ਸਿਰੋਪਾਓ ਦੇ ਕੇ ਕੀਤਾ ਸ਼ਾਮਲ
ਮੁੱਖ ਮੰਤਰੀ ਦੇ ਵੀਡੀਓ ਵਿਵਾਦ ਦਾ ਸਾਰਾ ਸੱਚ ਸੰਗਤ ਸਾਹਮਣੇ ਆਉਣਾ ਜ਼ਰੂਰੀ: ਮਨਪ੍ਰੀਤ ਸਿੰਘ ਇਯਾਲੀ
ਅਸੀਂ ਗੁਰੂ ਕੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕਰਾਂਗੇ
ਹਮ ਖਿਆਲੀ ਪੰਥਕ ਪਾਰਟੀਆਂ ਨਾਲ ਏਕੇ ਬਾਰੇ ਗੱਲਬਾਤ ਜਾਰੀ
ਪਟਿਆਲਾ, 17 ਜੂਨ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਹਨਾਂ ਦੇ ਖਾਸਮ ਖਾਸ ਮੰਨੇ ਜਾਂਦੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੋਟ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਐਮ ਐਲ ਏ ਮਨਪ੍ਰੀਤ ਸਿੰਘ ਇਯਾਲੀ ਅਤੇ ਖਡੂਰ ਸਾਹਿਬ ਦੇ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਹਾਜ਼ਰੀ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋ ਗਏ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ ਨੇ ਲੋਟ ਨੂੰ ਸਿਰੋਪਾਓ ਬਖਸ਼ਿਸ਼ ਕਰ ਕੇ ਪਾਰਟੀ ਵਿਚ ਸ਼ਾਮਲ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਥਕ ਸੋਚ ਦੇ ਧਾਰਨੀ ਪੰਜਾਬ ਦਾ ਭਲਾ ਚਾਹੁਣ ਵਾਲੇ ਤੇ ਸਮੁੱਚੀ ਕੌਮ ਦੀ ਚੜ੍ਹਦੀਕਲਾ ਦੀ ਸੋਚਣ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਦਿਨ ਬ ਦਿਨ ਸਾਡਾ ਕਾਫਲਾ ਲੰਬਾ ਹੁੰਦਾ ਜਾ ਰਿਹਾ ਹੈ ਤੇ ਸੰਗਤ ਵਿਚ ਪਾਰਟੀ ਨੂੰ ਲੈ ਕੇ ਵੱਡਾ ਉਤਸ਼ਾਹ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਦੀ ਅਕਾਲੀ ਦਲ ਪੁਨਰ ਸੁਰਜੀਤ ਸਮੇਤ ਵੱਖ-ਵੱਖ ਪੰਥਕ ਧਿਰਾਂ ਨਾਲ ਗੱਲਬਾਤ ਚਲ ਰਹੀ ਹੈ ਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਇਕ ਮੰਚ ’ਤੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪੰਥਕ ਆਗੂਆਂ ਨੇ ਇਕਜੁੱਟਤਾ ਨਾ ਵਿਖਾਈ ਤਾਂ ਫਿਰ ਸਮੁੱਚਾ ਪੰਥ ਇਕ ਪਾਸੇ ਹੋ ਕੇ ਤੁਰ ਪਵੇਗਾ ਜਿਵੇਂ ਖਡੂਰ ਸਾਹਿਬ ਤੇ ਫਰੀਦਕੋਟ ਹਲਕੇ ਵਿਚ ਲੋਕ ਸਭਾ ਚੋਣਾਂ ਦੌਰਾਨ ਹੋਇਆ ਸੀ ਤੇ ਫਿਰ ਪੰਥਕ ਆਗੂਆਂ ਨੂੰ ਮਜਬੂਰੀ ਵੱਸ ਪੰਥ ਦਾ ਹੁਕਮ ਮੰਨਣਾ ਪਵੇਗਾ।
ਆਦੇਸ਼ ਪ੍ਰਤਾਪ ਕੈਰੋਂ ਦੇ ਉਹਨਾਂ ਦੀ ਪਾਰਟੀ ਸਰਗਰਮ ਹੋਣ ਬਾਰੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਸ ਵੇਲੇ ਆਦੇਸ਼ ਪ੍ਰਤਾਪ ਕੈਰੋਂ ਸਾਡੇ ਨਾਲ ਨਹੀਂ ਪਰ ਸਾਡੀ ਉਹਨਾਂ ਨਾਲ ਗੱਲਬਾਤ ਚਲ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਲੋਕ ਸਭਾ ਚੋਣਾਂ ਵਿਚ ਆਦੇਸ਼ ਪ੍ਰਤਾਪ ਕੈਰੋਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਡੱਟ ਕੇ ਮਦਦ ਕੀਤੀ ਸੀ।
ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਖ ਮੰਤਰੀ ਅਹੁਦੇ ਦਾ ਚੇਹਰਾ ਹੋਣ ਬਾਰੇ ਉਹਨਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਉਹਨਾਂ ਦਾ ਨਾਮ ਐਲਾਨਿ ਹੋਇਆ ਹੈ। ਜਦੋਂ ਪੁੱਛਿਆ ਕਿ ਕੀ ਮਨਪ੍ਰੀਤ ਇਯਾਲੀ ਡਿਪਟੀ ਸੀ ਐਮ ਹੋਣਗੇ ਤਾਂ ਉਹਨਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਇਕ ਦਲਿਤ ਤੇ ਇਕ ਹਿੰਦੂ ਚੇਹਰਾ ਡਿਪਟੀ ਸੀ ਐਮ ਹੋਣਗੇ।
ਜਥੇਦਾਰ ਅਕਾਲ ਤਖ਼ਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਚਲ ਰਹੇ ਰੇੜਕੇ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜਿਸ ਵੀਡੀਓ ਦਾ ਵਿਵਾਦ ਚਲ ਰਿਹਾ ਹੈ, ਉਸਦਾ ਸਾਰਾ ਸੱਚ ਸੰਗਤ ਦੇ ਸਾਹਮਣੇ ਆਉਣਾ ਜ਼ਰੂਰੀ ਹੈ। ਜਦੋਂ ਪੁੱਛਿਆ ਗਿਆ ਕਿ ਜਥੇਦਾਰ ਨੇ ਸਾਰੇ ਸਿੱਖ ਵਿਧਾਇਕਾਂ ਨੂੰ ਤਲਬ ਕੀਤਾ ਹੈ, ਕੀ ਉਹ ਜਾਣਗੇ ਤਾਂ ਉਹਨਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਤਮਸਤਕ ਹਾਂ ਤੇ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਪ੍ਰਵਾਨ ਕਰਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਡਰੋਲੀ, ਗੁਰਪ੍ਰੀਤ ਸਿੰਘ ਬਾਰਨ, ਰਾਜਵੰਤ ਕੌਰ ਘੜਾਮ, ਨਿਸ਼ਾਨ ਸਿੰਘ ਸਿੱਧੂ, ਤੇਜਿੰਦਰ ਸਿੰਘ ਤੇਜੀ, ਗੁਰਚਰਨ ਸਿੰਘ ਸੇਹਰਾ, ਜੋਗਿੰਦਰ ਸਿੰਘ ਜਗਤਪੁਰਾ, ਪਰਗਟ ਸਿੰਘ ਮਨਜੀਤ ਨਗਰ, ਚਮਕੌਰ ਸਿੰਘ ਉਪੱਲ, ਤਰਵਿੰਦਰ ਸਿੰਘ ਜੌਹਰ, ਕੇਸਰ ਸਿੰਘ ਸਰਾਭਾ ਨਗਰ, ਜਸਪਾਲ ਸਿੰਘ ਨਿਰਮਾਣ, ਜਸਦੀਪ ਸਿੰਘ ਹਨੀ, ਜਸਵੰਤ ਸਿੰਘ ਸਿੰਬੜੋ, ਮਨਜੀਤ ਸਿੰਘ ਲੋਟ, ਬਲਬੀਰ ਸਿੰਘ ਭੰਗੂ, ਰਾਜਿੰਦਰ ਸਿੰਘ ਰੋਹਟੀ, ਅਮਰੀਕ ਸਿੰਘ ਅਜਨੌਦਾ, ਜਸਵੰਤ ਸਿੰਘ ਅਕੌਤ, ਗੁਰਜੰਟ ਸਿੰਘ ਇੱਛੇਵਾਲ, ਅਵਤਾਰ ਸਿੰਘ ਇੱਛੇਵਾਲ, ਜਰਨੈਲ ਸਿੰਘ ਆਨੰਦ ਨਗਰ, ਕੁਲਵੰਤ ਸਿੰਘ ਸ਼ਕਤੀਮਾਨ ਅਤੇ ਜਸਪਾਲ ਸਿੰਘ ਖਰੋੜ ਚਲੈਲਾ ਤੇ ਹੋਰ ਪਤਵੰਤੇ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








