ਫਰੈਂਕਫ਼ੋਰਟ 16 ਜੂਨ (ਅਰਪਿੰਦਰ ਸਿੰਘ) – ਬਾਬਾ ਮੱਖਣ ਸ਼ਾਹ ਜੀ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈੰਕਫ਼ੋਰਟ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਖਾਲਸਾ ਮੁਰਾਲ਼ੇ ਵਾਲਿਆਂ ਦੀ ਯਾਦ ਵਿੱਚ ਬੀਤੇ ਐਤਵਾਰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ । ਜੋ ਇੱਕ ਸਮਾਗਮ ਤੋਂ ਵੱਧ ਜੋੜ ਮੇਲੇ ਦਾ ਰੂਪ ਧਾਰ ਗਿਆ । ਜੋੜਾ ਘਰ ਵਿੱਚ ਜੋੜੇ ਰੱਖਣ ਨੂੰ ਥਾਂ ਨਹੀਂ ਸੀ । ਗੱਡੀਆਂ ਪਾਰਕ ਕਰਨ ਵਿੱਚ ਵੀ ਬੜੀ ਦਿੱਕਤ ਆਈ ਪਰ ਸੰਗਤਾਂ ਦੂਰ ਨੇੜੇ ਜਗਾ ਲੱਭ ਕੇ ਪ੍ਰੋਗਰਾਮ ਦੇ ਅਖੀਰ ਤੱਕ ਗੁਰੂ ਘਰ ਨਤਮਸਤਕ ਹੁੰਦੀਆਂ ਰਹੀਆਂ ! ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਖਾਲਸਾ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵਿਸੇਸ਼ ਤੌਰ ਤੇ ਇਸ ਪ੍ਰੋਗਰਾਮ ਤੇ ਪਹੁੰਚੇ ! ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਦੇ ਹਰ ਪੱਖ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਸੰਗਤਾਂ ਨਾਲ ਸਾਂਝਿਆਂ ਕੀਤਾ ! ਸਫ਼ਰ ਏ ਸ਼ਹਾਦਤ ਕਰਕੇ ਸਿੱਖ ਸੰਸਾਰ ਵਿਚ ਜਾਣੇ ਜਾਂਦੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਖਾਲਸਾ ਬੜੇ ਨਿੱਘੇ ਸੁਭਾਅ ਵਾਲੀ ਰੂਹ ਦੇ ਵਿਚਾਰ ਸੁਣਨ ਲਈ ਜਰਮਨ ਭਰ ਤੋ ਸੰਗਤਾਂ ਫਰੈਂਕਫੋਰਟ ਪਹੁੰਚੀਆਂ । ਸੰਗਤਾਂ ਕਤਾਰਾਂ ਚ, ਲੱਗ ਕੇ ਗੁਰੂ ਘਰ ਨਤਮਸਤਕ ਹੁੰਦੀਆਂ ਰਹੀਆਂ ! ਭਰੇ ਹੋਏ ਵਿਸ਼ਾਲ ਦਿਵਾਨ ਹਾਲ ਵਿਚ ਸੰਗਤਾਂ ਨੇ ਇਕ ਚਿੱਤ ਹੋ ਕੇ ਗਿਆਨੀ ਹਰਪਾਲ ਸਿੰਘ ਜੀ ਨੂੰ ਬੜੀ ਸ਼ਿੱਦਤ ਨਾਲ ਸੁਣਿਆ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਅਕੀਦਤ ਨਾਲ ਯਾਦ ਕੀਤਾ ।
ਇਸ ਸਮੇਂ ਭਾਈ ਸਰੂਪ ਸਿੰਘ ਜੀ ਕੰਡਿਆਣਾ ਦੇ ਪੰਥਕ ਢਾਡੀ ਜਥੇ ਨੇ ਬਾਬਾ ਜੀ ਦੇ ਜੀਵਨ ਨੂੰ ਵਾਰਾਂ ਦੇ ਰੂਪ ਵਿਚ ਪੇਸ਼ ਕੀਤਾ ! ਉਹਨਾਂ ਬਾਬਾ ਜੀ ਦੇ ਧਰਮ , ਰਾਜਨੀਤੀ, ਸੇਵਾ, ਵਿੱਦਿਆ ਤੇ ਹਰ ਪਹਿਲੂ ਨੂੰ ਸੰਦਾਂ ਵਿੱਚ ਖੂਬ ਦਰਸਾਇਆ ! ਸ਼ੁਰੂਆਤ ਲਹਿਰੀਏ ਛੰਦ ਤੋ ਕਰ ਕੇ ਭਰੇ ਹੋਏ ਦੀਵਾਨ ਨੂੰ ਬੰਨ ਕੇ ਰੱਖ ਦਿੱਤਾ ਤੇ ਅਖੀਰ ਵਿੱਚ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਸਿਪਾਹੀ ਬਾਬਾ ਏ ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਵਾਰ ਗਾ ਕੇ ਪੰਡਾਲ ਜੈਕਾਰਿਆਂ ਨਾਲ ਗੂੰਜਾ ਦਿੱਤਾ ! ਗੱਲ ਕੀ ਇਹ ਏਕਤਾ ਇਤਫ਼ਾਕ ਦਾ ਹੀ ਕਮਾਲ ਹੈ ਕਿ ਸੰਗਤਾਂ ਏਡੇ ਉਤਸ਼ਾਹ ਨਾਲ ਆਪਣਿਆਂ ਪੁਰਵਜਾਂ ਨੂੰ ਯਾਦ ਕੀਤਾ ! ਵਾਹਿਗੁਰੂ ਜੀ ਇਹ ਏਕਤਾ ਇਤਫ਼ਾਕ ਬਣਾਈ ਰੱਖਣ !
ਸੰਗਤ ਜੀ ਬਹੁਤ ਸੋਹਣਾ ਉਪਰਾਲਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈੰਕਫ਼ੋਰਟ ਵਾਲੇ ਵੀਰਾਂ ਦਾ ਤੇ ਸਾਡਾ ਵੀ ਫਰਜ਼ ਬਣਦਾ ਕਿ ਐਸੇ ਪ੍ਰੋਗਰਾਮਾਂ ਤੋਂ ਕੁਹ ਸਿੱਖੀਏ ਤੇ ਸੰਤਾਂ ਮਹਾਂਪੁਰਖਾਂ ਦੇ ਦਰਸਾਏ ਰਾਹ ਤੇ ਚੱਲੀਏ ! ਜਿਸ ਤਰਾਂ ਬਾਬਾ ਪ੍ਰੇਮ ਸਿੰਘ ਜੀ ਸ਼ਾਂਤੀ ਦੇ ਪੁੰਜ ਤੇ ਤਿਆਗ ਦੀ ਭਾਵਨਾ ਰੱਖਦੇ ਸਨ ! ਇਹ ਗੁਣ ਅੰਹੀ ਵੀ ਗ੍ਰਹਿਣ ਕਰੀਏ ਤੇ ਅਹੁਦਿਆਂ ਪ੍ਰਧਾਨਗੀਆਂ ਦੇ ਜੱਫੇ ਢਿੱਲੇ ਕਰੀਏ ! ਇਕ ਜ਼ਰੂਰੀ ਕਾਰਜ ਜੋ ਬਾਬਾ ਜੀ ਨੇ ਅਰੰਭਿਆ ਸੀ ਵਿਦਿਆ ਪਰਸਾਰ ਦਾ ਉਸ ਨੂੰ ਅੱਗੇ ਤੋਰੀਏ ! ਬੇਥਵੀਆਂ ਗੱਲਾਂ ਕਿ ਹਕੂਮਤ ਏ ਪਾਕਿਸਤਾਨ ਨਾਲ ਸਪੰਰਕ ਕਰਕੇ ਬਾਬਾ ਜੀ ਹੋਣਾ ਵੱਲੋਂ ਖੋਲੇ ਸਕੂਲਾਂ ਦੇ ਬਦਲ ਚੁੱਕੇ ਨਾਂ ਬਾਬਾ ਜੀ ਦੇ ਨਾ ਕਰਾਉਣ ਨਾਲ ਕੀ ਹਾਸਲ ਹੋਵੇਗਾ ! ਪੜੀ ਤੇ ਓਥੇ ਨਮਾਜ਼ ਹੀ ਜਾਣੀ ਏ ! ਅੰਹੀ ਕਿਹੜੇ ਨਿਆਣੇ ਦਾਖ਼ਲ ਕਰਾਉਣੇ ਓਥੇ ! ਸੋ ਆਓ ਜੋ ਕਾਰਜ ਕਰਨ ਵਾਲਾ ਓਹ ਕਰੀਏ ! ਬਾਬਾ ਜੀ ਦੇ ਨਾਮ ਤੇ “ਬਾਬਾ ਪ੍ਰੇਮ ਸਿੰਘ ਜੀ ਖਾਲਸਾ ਐਲੀਮੈੰਟਰੀ ਸਕੂਲ ਫਰੈਂਕਫੋਰਟ” ਦਾ ਅਗਾਜ ਕਰੀਏ ! ਅਜੇ ਵੀ ਡੁੱਲੇ ਬੇਰਾਂ ਦਾ ਕੱਖ ਨਹੀਂ ਵਿਗੜਿਆ ! ਗੁਰੂ ਹਾਨੂੰ ਅਕਲ ਨਾਲ ਨਿਵਾਜਣ !
ਅਖੀਰ ਵਿੱਚ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈੰਕਫ਼ੋਰਟ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਖਾਲਸਾ ਮੁਰਾਲ਼ੇ ਵਾਲਿਆਂ ਦੀ ਯਾਦ ਵਿੱਚ ਸੋਹਣਾ ਸਮਾਗਮ ਕਰਾਉਣ ਮੁਬਾਰਕ ਤੇ ਧੰਨਵਾਦ ਨੋਜਵਾਨ ਵੀਰਾਂ ਦਾ ! ਵਿਸ਼ੇਸ਼ ਧੰਨਵਾਦ ਸਾਰੇ ਪ੍ਰੋਗਰਾਮ ਵਿੱਚ ਬੜੀ ਨਿਸ਼ਠਾ ਨਾਲ ਸੇਵਾ ਕਰਨ ਲਈ ਸਾਡੇ ਵੀਰ ਹਰਪ੍ਰੀਤ ਸਿੰਘ ਸ਼ੰਮੀ ਦਾ ਜਿੰਨਾ ਸਦਕਾ ਸ਼ਹੀਦਾਂ ਦੀ ਧਰਤੀ ਤੋਂ ਪਹੁੰਚੇ ਗਿਆਨੀ ਹਰਪਾਲ ਸਿੰਘ ਜੀ ਦੇ ਸੰਗਤਾਂ ਵਿਚਾਰ ਸੁਣੇ ਤੇ ਭਾਈ ਸਰੂਪ ਸਿੰਘ ਕੰਡਿਆਣੇ ਵਾਲੇ ਢਾਡੀ ਜੱਥੇ ਦੀਆਂ ਵਾਰਾਂ ਸੰਦਾਂ ਦਾ ਅਨੰਦ ਮਾਣਿਆ ! ਘਰ ਵਾਪਸੀ ਭਾਵ ਸਿੱਖ ਵਿਹੜੇ ਦੀ ਸ਼ਾਨ ਬਣੇ ਵੀਰ ਹਰਪ੍ਰੀਤ ਸਿੰਘ ਸ਼ੰਮੀ ਨੂੰ ਸਿੱਖੀ ਸਰੂਪ ਧਾਰਨ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਵਧਾਈਆਂ ! ਸਤਿਗੁਰੂ ਗਰੀਬ ਨਿਵਾਜ਼ ਇਹ ਬਖਸ਼ਿਸ਼ ਸੱਭ ਤੇ ਕਰਨ ! ਤਾਂ ਹੀ ਕਿਹੇ ਨੇ ਕਿਹਾ “ ਮੁਖੜੇ ਸਤਿਗੁਰ ਵੱਲ ਹੋਣਗੇ ਆਖਿਰ ਨੂੰ, ਮਸਲੇ ਸਾਰੇ ਹੱਲ ਹੋਣਗੇ ਆਖਿਰ ਨੂੰ ! ਸੋ ਐਤਵਾਰ ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਦਾ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਸਭਨਾਂ ਦਾ ਕਦਮ ਕਦਮ ਲੇਖੇ ਲਾਉਣ ਤੇ ਰਹਿਮਤਾਂ ਦਾ ਮੀਂਹ ਵਰਸਾਉਣ!
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








