SHARE ARTICLE

12 Views

ਜੂਨ 1984 ਦੇ ਘਲੂਘਾਰੇ ਦੀ ਯਾਦ ਵਿੱਚ ਓਟਾਵਾ ਪਾਰਲੀਮੈਂਟ ਮੂਹਰੇ ਹੋਵੇਗਾ ਵਿਸ਼ਾਲ ਰੋਸ ਪ੍ਰਦਰਸ਼ਨ, ਹਜ਼ਾਰਾਂ ਸੰਗਤਾਂ ਨੂੰ ਸ਼ਮੂਲੀਅਤ ਦਾ ਸੱਦਾ: ਬਾਬਾ ਖੇਲਾ

ਕੈਨੇਡਾ, 11 ਜੂਨ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਓਟਾਵਾ ਦੇ ਪਾਰਲੀਮੈਂਟ ਹਿੱਲ ਵਿਖੇ ਕੈਨੇਡੀਅਨ ਪਾਰਲੀਮੈਂਟ ਮੂਹਰੇ 13 ਜੂਨ 2026 ਨੂੰ ਦੁਪਹਿਰ 12 ਵਜੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਮਕਸਦ 1984 ਦੌਰਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਧਾਮਾਂ ‘ਤੇ ਹੋਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਅਤੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ। ਜਲਾਵਤਨੀ ਆਗੂ ਬਾਬਾ ਸੰਤੋਖ ਸਿੰਘ ਖੇਲਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਜਸਵਿੰਦਰ ਸਿੰਘ ਮੌਂਟਰੀਆਲ ਅਤੇ ਹੋਰ ਪੰਥਕ ਨੁਮਾਇੰਦਿਆਂ ਅਨੁਸਾਰ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਕੈਨੇਡਾ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਬਾਬਾ ਖੇਲਾ ਅਤੇ ਆਯੋਜਕਾਂ ਵੱਲੋਂ ਸਮੂਹ ਸਿੱਖ ਭਾਈਚਾਰੇ ਅਤੇ ਮਨੁੱਖੀ ਅਧਿਕਾਰਾਂ ਦੇ ਹਮਾਇਤੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਬਾਬਾ ਸੰਤੋਖ ਸਿੰਘ ਖੇਲਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਜਸਵਿੰਦਰ ਸਿੰਘ ਮੌਂਟਰੀਆਲ ਨੇ ਦਸਿਆ ਸੰਗਤਾਂ ਦੀ ਸਹੂਲਤ ਲਈ ਮੋਂਟਰੀਅਲ ਦੇ ਗੁਰੂ ਨਾਨਕ ਦਰਬਾਰ ਲਾਸਾਲ ਅਤੇ ਗੁਰਦੁਆਰਾ ਨਾਨਕ ਦਰਬਾਰ ਪਾਰਕ ਐਕਸ ਤੋਂ ਸਵੇਰੇ 9:30 ਵਜੇ ਬੱਸਾਂ ਰਵਾਨਾ ਹੋਣਗੀਆਂ। ਆਯੋਜਕਾਂ ਨੇ ਪਹਿਲਾਂ ਹੀ ਆਪਣੀ ਸੀਟ ਰਜਿਸਟਰ ਕਰਵਾਉਣ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਆਵਾਜਾਈ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਜਾ ਸਕਣ। ਓਨ੍ਹਾ ਦਸਿਆ ਕਿ ਇਹ ਪ੍ਰੋਗਰਾਮ ਕੇਵਲ ਯਾਦਗਾਰੀ ਇਕੱਠ ਨਹੀਂ, ਸਗੋਂ 1984 ਦੀਆਂ ਘਟਨਾਵਾਂ ਸਬੰਧੀ ਇਨਸਾਫ਼ ਅਤੇ ਇਤਿਹਾਸਕ ਸੱਚਾਈ ਦੀ ਮੰਗ ਨੂੰ ਦੁਹਰਾਉਣ ਦਾ ਮੰਚ ਵੀ ਹੋਵੇਗਾ। ਸਮਾਗਮ ਦੌਰਾਨ ਧਾਰਮਿਕ ਦੀਵਾਨ, ਸੰਬੋਧਨ ਅਤੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸ਼ਰਧਾਂਜਲੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੂਨ 1984 ਸਿੱਖ ਇਤਿਹਾਸ ਦਾ ਇੱਕ ਅਹਿਮ ਅਤੇ ਦਰਦਨਾਕ ਅਧਿਆਇ ਹੈ, ਜਿਸ ਦੀ ਯਾਦ ਨੂੰ ਜਿਉਂਦਾ ਰੱਖਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਦਾ ਸੰਦੇਸ਼ ਪਹੁੰਚਾਉਣਾ ਹਰ ਸਿੱਖ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ‘ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਦੇ ਵੱਡੇ ਕਾਫ਼ਲੇ ਓਟਾਵਾ ਪਹੁੰਚਣ ਦੀ ਸੰਭਾਵਨਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News