👉 ਗੁਰਦੁਆਰਾ ਬੰਗਲਾ ਸਾਹਿਬ ਵਿਖ਼ੇ “ਆਸਾ ਦੀ ਵਾਰ” ਵੀ ਸਮੇਂ ਸਿਰ ਨਾ ਕਰਵਾ ਸਕੇ, ਦੇਣ ਅਸਤੀਫਾ
ਨਵੀਂ ਦਿੱਲੀ 7 ਜੂਨ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਜਸਪ੍ਰੀਤ ਸਿੰਘ ਕਰਮਸਰ ਦੇ ਵਿਭਾਗ ਹੇਠ ਗੁਰਦੁਆਰਾ ਬੰਗਲਾ ਸਾਹਿਬ ਵਿਖੇ “ਆਸਾ ਦੀ ਵਾਰ” ਦਾ ਕੀਰਤਨ 35 ਮਿੰਟ ਦੇਰੀ ਨਾਲ ਸ਼ੁਰੂ ਹੋਣਾ ਗੰਭੀਰ ਪ੍ਰਬੰਧਕੀ ਨਾਕਾਮੀ ਹੈ। ਜਿਨ੍ਹਾਂ ਤੋਂ ਨੌਜਵਾਨਾਂ ਅਤੇ ਸੰਗਤ ਨੂੰ ਗੁਰਮਤਿ ਨਾਲ ਜੋੜਨ ਲਈ ਕੋਈ ਪ੍ਰਭਾਵਸ਼ਾਲੀ ਧਰਮ ਪ੍ਰਚਾਰ ਮੁਹਿੰਮ ਨਹੀਂ ਚਲਾਈ ਜਾ ਸਕੀ ਅਤੇ ਕਦੇ ਅੰਮ੍ਰਿਤ ਸੰਚਾਰ ਨੂੰ “ਫ੍ਰੀ ਸੇਵਾ” ਕਹਿ ਕੇ ਗੁਰਮਤਿ ਪਰੰਪਰਾਵਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ, ਉਨ੍ਹਾਂ ਦੇ ਕਾਰਜਕਾਲ ਵਿੱਚ ਹੁਣ ਗੁਰੂ ਘਰ ਦੀ ਮਰਿਆਦਾ ਨਾਲ ਜੁੜੀ ਇਹ ਚੂਕ ਵੀ ਸਾਹਮਣੇ ਆ ਗਈ ਹੈ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ-ਚੇਅਰਮੈਨ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਜਦੋਂ ਤੋਂ ਜਸਪ੍ਰੀਤ ਸਿੰਘ ਕਰਮਸਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਦੋਂ ਤੋਂ ਪੰਥ ਅਤੇ ਸੰਗਤ ਦੇ ਹਿੱਤ ਵਿੱਚ ਕੋਈ ਵੀ ਅਜਿਹਾ ਸ਼ਲਾਘਾਯੋਗ ਜਾਂ ਯਾਦਗਾਰ ਕੰਮ ਸਾਹਮਣੇ ਨਹੀਂ ਆਇਆ ਜਿਸ ਨੂੰ ਧਰਮ ਪ੍ਰਚਾਰ ਵਿੰਗ ਦੀ ਵੱਡੀ ਪ੍ਰਾਪਤੀ ਵਜੋਂ ਗਿਣਿਆ ਜਾ ਸਕੇ। ਇਸ ਦੇ ਉਲਟ ਵਿਵਾਦਾਂ, ਗਲਤ ਬਿਆਨਾਂ ਅਤੇ ਪ੍ਰਬੰਧਕੀ ਨਾਕਾਮੀਆਂ ਨੇ ਹੀ ਵੱਧ ਚਰਚਾ ਬਟੋਰੀ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਕਿਸੇ ਛੋਟੇ ਮੁਲਾਜ਼ਮ ਨੂੰ ਬਲੀ ਦਾ ਬੱਕਰਾ ਬਣਾ ਕੇ ਅਸਲ ਜ਼ਿੰਮੇਵਾਰਾਂ ਨੂੰ ਬਚਾਉਣ ਦੀ ਨੀਤੀ ਹੁਣ ਸੰਗਤ ਸਮਝ ਚੁੱਕੀ ਹੈ। ਜੇ ਧਰਮ ਪ੍ਰਚਾਰ ਕਮੇਟੀ ਦਾ ਮੁੱਖੀ ਆਪਣੇ ਵਿਭਾਗ ਦੀਆਂ ਬੁਨਿਆਦੀ ਜ਼ਿੰਮੇਵਾਰੀਆਂ ਵੀ ਨਹੀਂ ਨਿਭਾ ਸਕਦਾ ਤਾਂ ਉਸ ਨੂੰ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਪਰਮਜੀਤ ਸਿੰਘ ਵੀਰਜੀ ਨੇ ਮੰਗ ਕੀਤੀ ਕਿ ਜਸਪ੍ਰੀਤ ਸਿੰਘ ਕਰਮਸਰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾਂ ਫਿਰ ਦਿੱਲੀ ਕਮੇਟੀ ਦੇ ਮੁੱਖ ਪ੍ਰਬੰਧਕ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਇਹ ਸਾਬਤ ਕਰਣ ਕਿ ਗੁਰੂ ਘਰ ਦੇ ਪ੍ਰਬੰਧ ਵਿੱਚ ਜਵਾਬਦੇਹੀ ਸਿਰਫ਼ ਛੋਟੇ ਕਰਮਚਾਰੀਆਂ ਲਈ ਨਹੀਂ, ਸਗੋਂ ਵੱਡੇ ਅਹੁਦਿਆਂ ‘ਤੇ ਬੈਠੇ ਲੋਕਾਂ ਲਈ ਵੀ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸੰਗਤ ਹੁਣ ਬਹਾਨੇ ਨਹੀਂ, ਜਵਾਬ ਚਾਹੁੰਦੀ ਹੈ। ਜੇ ਧਰਮ ਪ੍ਰਚਾਰ ਵਿੰਗ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਹੀ ਅਸਫਲ ਰਹੇ ਤਾਂ ਇਸ ਦੀ ਜਵਾਬਦੇਹੀ ਸਿੱਧੀ ਤੌਰ ‘ਤੇ ਉਸ ਦੇ ਮੁੱਖੀ ‘ਤੇ ਆਉਂਦੀ ਹੈ। ਗੁਰੂ ਘਰ ਦੀ ਮਰਿਆਦਾ ਅਤੇ ਪ੍ਰਬੰਧ ਨਾਲ ਜੁੜੇ ਮਾਮਲਿਆਂ ਵਿੱਚ ਲਾਪਰਵਾਹੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਅੰਤ ਵਿਚ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਸੰਗਤ ਹੁਣ ਬਹਾਨੇ ਨਹੀਂ, ਜਵਾਬ ਚਾਹੁੰਦੀ ਹੈ; ਅਤੇ ਜਿੱਥੇ ਜਵਾਬ ਨਾ ਹੋਣ, ਉੱਥੇ ਅਸਤੀਫਾ ਹੀ ਇਕੱਲਾ ਸਨਮਾਨਜਨਕ ਰਸਤਾ ਹੁੰਦਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








