ਫਰੈਂਕਫਰਟ 7 ਜੂਨ (ਖਿੜਿਆ ਪੰਜਾਬ): ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ 37 ਹੋਰ ਗੁਰਧਾਮਾਂ ਉੱਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਫੌਜੀ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਜਰਮਨੀ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਕੌਂਸਲੇਟ ਫਰੈਂਕਫਰਟ ਸਾਹਮਣੇ ਇੱਕ ਵਿਸ਼ਾਲ ਰੋਹ ਮੁਜ਼ਾਹਰਾ ਕੀਤਾ ਗਿਆ।
ਬੁਲਾਰਿਆਂ ਨੇ ਆਪਣੇ ਸੰਬੋਧਨਾਂ ਦੌਰਾਨ ਕਿਹਾ ਕਿ ਜੂਨ 1984 ਦੇ ਖ਼ੂਨੀ ਘੱਲੂਘਾਰੇ ਨੇ ਵਿਸ਼ਵ ਭਰ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਤੇ ਨਾ ਮਿਟਣ ਵਾਲੇ ਜੋ ਜ਼ਖ਼ਮ ਉੱਕਰੇ ਹਨ ਉਹ ਚੜ੍ਹਦੇ ਜੂਨ ਮਹੀਨੇ ਆਪ ਮੁਹਾਰੇ ਰਿਸਕਣ ਲੱਗ ਪੈਂਦੇ ਹਨ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਉੱਤੇ ਕੀਤੇ ਗਏ ਫੌਜੀ ਹਮਲੇ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਇਸ ਨੂੰ ਇਤਿਹਾਸਕ ਸਾਕੇ ਵਜੋਂ ਯਾਦ ਕਰਦੀ ਹੈ। ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਆਦਰਸ਼ਾਂ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਤੱਕ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ ।
ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਸੰਗਤ ਵੱਲੋਂ ਹਰ ਸਾਲ ਸੈਮੀਨਾਰਾਂ, ਗੁਰਮਤਿ ਸਮਾਗਮਾਂ, ਪ੍ਰਦਰਸ਼ਨੀਆਂ ਅਤੇ ਰੋਸ ਮੁਜ਼ਾਹਰਿਆਂ ਰਾਹੀਂ ਜੂਨ 1984 ਦੀ ਯਾਦ ਨੂੰ ਜਿਊਂਦਾ ਰੱਖਿਆ ਜਾਂਦਾ ਹੈ ਅਤੇ ਮਨੁੱਖੀ ਅਧਿਕਾਰਾਂ, ਧਾਰਮਿਕ ਅਜ਼ਾਦੀ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਸਬੰਧੀ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ।
ਮੁਜ਼ਾਹਰੇ ਦੌਰਾਨ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਨਾਅਰੇਬਾਜ਼ੀ ਕੀਤੀ ਗਈ। ਵੱਖ-ਵੱਖ ਪੰਥਕ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਅਤੇ ਸਿੱਖ ਕੌਮ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।
ਇਸ ਮੌਕੇ ਭਾਈ ਰੇਸ਼ਮ ਸਿੰਘ ਬੱਬਰ, ਬੱਬਰ ਖਾਲਸਾ ਜਰਮਨੀ, ਭਾਈ ਗੁਰਦਿਆਲ ਸਿੰਘ ਲਾਲੀ (ਸਿੱਖ ਫੈਡਰੇਸ਼ਨ ਜਰਮਨੀ), ਭਾਈ ਗੁਰਚਰਨ ਸਿੰਘ ਗੁਰਾਇਆ (ਵਰਲਡ ਸਿੱਖ ਪਾਰਲੀਮੈਂਟ), ਭਾਈ ਰਜਿੰਦਰ ਸਿੰਘ ਬੱਬਰ, ਭਾਈ ਜਸਵੰਤ ਸਿੰਘ ਬੱਬਰ, ਭਾਈ ਲਖਵਿੰਦਰ ਸਿੰਘ ਮੱਲੀ (ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ), ਭਾਈ ਸੁਖਵਿੰਦਰ ਸਿੰਘ ਕਲੋਨ, ਭਾਈ ਪ੍ਰਤਾਪ ਸਿੰਘ, ਭਾਈ ਪਿਰਥੀਪਾਲ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਭਾਈ ਜਗਤਾਰ ਸਿੰਘ ਮਾਹਲ (ਅਕਾਲੀ ਦਲ ਵਾਰਿਸ ਪੰਜਾਬ ਦੇ), ਭਾਈ ਦਲਜੀਤ ਸਿੰਘ, ਭਾਈ ਜੁਗਰਾਜ ਸਿੰਘ, ਭਾਈ ਹਰਮੀਤ ਸਿੰਘ ਲੇਹਲ (ਪ੍ਰਧਾਨ ਦਲ ਖਾਲਸਾ ਜਰਮਨੀ), ਭਾਈ ਅੰਗਰੇਜ਼ ਸਿੰਘ, ਭਾਈ ਅਵਤਾਰ ਸਿੰਘ ਹੁੰਦਲ ਅਤੇ ਭਾਈ ਅਵਤਾਰ ਸਿੰਘ ਬੱਬਰ ਗੁਰਬਿੰਦਰ ਸਿੰਘ ਨਡਾਲੋ, ਭਾਈ ਸੁਖਦੇਵ ਸਿੰਘ ਛੋਟੂ , ਸਮੇਤ ਹੋਰ ਪੰਥਕ ਆਗੂ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








