ਨਵੀਂ ਦਿੱਲੀ, 2 ਜੂਨ (ਮਨਪ੍ਰੀਤ ਸਿੰਘ ਖਾਲਸਾ):- ਬੈਲਜੀਅਮ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ਬੀਬੀਆਂ ਵੱਲੋਂ ‘ਕੌਰਨਾਮਾ-3’ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਕਿਤਾਬ ਜਾਰੀ ਕੀਤੀ ਗਈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਸਰਗਰਮ ਆਗੂ ਤੇ ਸਿੱਖ ਫੈਡਰੇਸ਼ਨ ਜਰਮਨ ਦੇ ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਹਾ ਕਿ ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਨੇ ਜਿੱਥੇ ਮੌਜੂਦਾ ਸੰਘਰਸ਼ ’ਚ ਸੇਵਾਵਾਂ ਦਿੱਤੀਆਂ ਨੇ ਉਥੇ ਦੂਜੀ ਸੰਸਾਰ ਜੰਗ ਦੌਰਾਨ ਸ਼ਹੀਦ ਸਿੰਘ ਦੀ ਯਾਦ ’ਚ ਬੈਲਜੀਅਮ ਦੇ ਸ਼ਹਿਰ ਈਪਰ ’ਚ ਦਰਵਾਜਾ ਤੇ ਸ਼ਹੀਦਾਂ ਦੀ ਯਾਦਗਰ ਦੀ ਸਥਾਪਨਾ ਵੀ ਕੀਤੀ, ਜਿੱਥੇ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਤਾਬ ‘ਕੌਰਨਾਮਾ-3’ ਬਾਰੇ ਬੋਲਦਿਆ ਕਿਹਾ ਕਿ ਮੌਜੂਦਾ ਸਿੱਖ ਸੰਘਰਸ਼ ਤੇ ਜੂਨ ਚੁਰਾਸੀ ਦੇ ਘੱਲੂਘਾਰਾ ਦੇ ਇਤਿਹਾਸ ਨੂੰ ਸਾਂਭਣਾ ਵਰਤਮਾਨ ਤੇ ਭਵਿੱਖ ਲਈ ਬਹੁਤ ਜਰੂਰੀ ਹੈ, ਕਿਉਂਕਿ ਇੰਡੀਅਨ ਸਟੇਟ ਦਾ ਹਰ ਟੂਲ ਸਾਡੀ ਪੀੜ੍ਹੀ ਨੂੰ ਇਸ ਇਤਿਹਾਸ ਤੋਂ ਇਕ ਸਾਜਿਸ ਤਹਿਤ ਸੱਖਣਾ ਤੇ ਬੇਮੁੱਖ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਸਬੰਧੀ ‘ਕੌਰਨਾਮਾ’ ਲੜੀ ਦੀ ਤੀਜੀ ਕਿਤਾਬ ’ਚ ਜੂਨ ਚੁਰਾਸੀ ਘੱਲੂਘਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ ’ਚ ਸ਼ਹੀਦ ਹੋਈਆਂ ਬੀਬੀਆਂ ਦਾ ਸਾਖੀ ਹੈ, ਜਿਹੜੇ ਉਹਨਾਂ ਦੀ ਬਚ ਗਏ ਵਾਰਸ਼ਾਂ, ਰਿਸ਼ਤੇਦਾਰਾਂ ਜਾਂ ਜਾਣੂਆਂ ਤੋਂ ਤੱਥ ਇਕੱਠੇ ਕੀਤੇ ਹਨ। ਉਹਨਾਂ ਕਿਹਾ ਕਿ ਭਾਈ ਦਲਜੀਤ ਸਿੰਘ ਬਿੱਟੂ ਖਾਲਸਾ ਜੀ ਦੀ ਅਗਵਾਈ ਹੇਠ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਸਖ਼ਤ ਮਿਹਨਤ ਕਰਕੇ ਇਸ ਨੂੰ ਦਸਤਾਵੇਜ ਦਾ ਰੂਪ ਦਿੱਤਾ, ਜਿਸ ਨੂੰ ਸੰਗਤ ਭਰਭੂਰ ਹੁੰਗਾਰਾ ਦੇ ਰਹੀ ਹੈ। ਸਮਾਗਮ ’ਚ ਦੇਸ਼ਾਂ ਵਿਦੇਸ਼ਾਂ ਤੋਂ ਪੁੱਜੇ ਬੁਲਾਰਿਆਂ ’ਚ ਸਿੱਖ ਫੈਡਰੇਸ਼ਨ ਜਰਮਨ ਦੇ ਪ੍ਰਧਾਨ ਭਾਈ ਖੁਸਹਾਲ ਸਿੰਘ ਲਾਲੀ, ਸਤਨਾਮ ਸਿੰਘ ਦੋਆਬਾ, ਭਾਈ ਰਜਿੰਦਰ ਸਿੰਘ ਜਰਮਨੀ, ਭਾਈ ਇੰਦਰਜੀਤ ਸਿੰਘ ਹੋਲੈਂਡ, ਭਾਈ ਕਰਨਪਾਲ ਸਿੰਘ ਹੇਰਾਂ ਸ਼ਾਮਲ ਸਨ। ਸਟੇਜ ਦੀ ਸੇਵਾ ਭਾਈ ਰਘਬੀਰ ਸਿੰਘ ਪੁਆੜ ਫਰਾਂਸ ਸਟੇਟ ਨੇ ਬਾਖੂਬੀ ਨਿਭਾਈ। ਭਾਈ ਮਨਜੋਤ ਸਿੰਘ ਭੂਰਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਜਾਗੋ ਵਾਲਾ ਜਥਾ ਯੂ.ਕੇ. ਨੇ ਸ਼ਹੀਦਾਂ ਦੀਆਂ ਵਾਰਾਂ ਤੇ ਜੂਨ ਚੁਰਾਸੀ ਦੇ ਘੱਲੂਘਾਰਾ ਦੇ ਪ੍ਰਸੰਗ ਪੇਸ਼ ਕੀਤੇ। ਵਿਸੇਸ ਤੌਰ ’ਤੇ ਭਾਈ ਗੁਰਦਿਆਲ ਸਿੰਘ ਢਗਾਸੂ, ਭਾਈ ਪ੍ਰਿਥਪਾਲ ਸਿੰਘ ਪਟਵਾਰੀ, ਭਾਈ ਜਸਵੰਤ ਸਿੰਘ ਪਾੜ੍ਹਾ, ਭਾਈ ਪਰਤਾਪ ਸਿੰਘ ਜਰਮਨੀ ਅਤੇ ਸੁਖਦੇਵ ਸਿੰਘ ਹੇਰਾਂ ਨੇ ਵੀ ਹਾਜ਼ਰੀ ਭਰੀ। ਭਾਈ ਭੂਰਾ ਦੀ ਚੌਥੀ ਬਰਸੀ ਮੌਕੇ ਯੂਰਪ ਦੀਆਂ ਸੰਗਤਾਂ ਦੀ ਵੀ ਸਮੂਲੀਅਤ ਰਹੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








