ਨਵੀਂ ਦਿੱਲੀ 1 ਜੂਨ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਟੋਰਾਂਟੋ ਵਿੱਚ ਹੋਏ ਲਾਈਵ ਸ਼ੋਅ ਦੌਰਾਨ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ ਜਦੋਂ ਓਥੇ ਮੌਜੂਦ ਖਾਲਿਸਤਾਨ ਹਮਾਇਤੀ ਕਾਰਕੁਨਾਂ ਨੇ ਖਾਲਿਸਤਾਨ ਦੇ ਝੰਡੇ ਲਹਿਰਾਏ ਅਤੇ ਨਾਅਰੇਬਾਜ਼ੀ ਕੀਤੀ। ਐਸਐਫਜੇ ਨਾਲ ਜੁੜੇ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਭਾਈ ਮਨਜਿੰਦਰ ਸਿੰਘ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸ਼ੋਅ ਦੌਰਾਨ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲੱਗੇ, ਜਿਸ ਕਾਰਨ ਪੂਰਾ ਮਾਹੌਲ ਖਾਲਿਸਤਾਨ ਅੰਦੋਲਨ ਦੇ ਸਮਰਥਨ ਵਾਲੇ ਪ੍ਰਦਰਸ਼ਨ ਵਿੱਚ ਤਬਦੀਲ ਹੁੰਦਾ ਨਜ਼ਰ ਆਇਆ। ਉਨ੍ਹਾਂ ਦਸਿਆ ਖਾਲਿਸਤਾਨ ਰੈਫਰੈਂਡਮ ਨਾਲ ਜੁੜੇ ਆਗੂ ਇੰਦਰਜੀਤ ਸਿੰਘ ਗੋਸਲ ਨੇ ਖਾਲਿਸਤਾਨੀ ਝੰਡਿਆਂ ਨਾਲ ਸਟੇਜ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਦਖ਼ਲ ਦਿੰਦਿਆਂ ਉਨ੍ਹਾਂ ਨੂੰ ਸਟੇਜ ਤੱਕ ਪਹੁੰਚਣ ਤੋਂ ਰੋਕਿਆ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਟੋਰੰਟੋ ਪੁਲਿਸ ਸਰਵਿਸ ਨੂੰ ਵੀ ਮੌਕੇ ‘ਤੇ ਦਖ਼ਲ ਦੇਣਾ ਪਿਆ। ਪੁਲਿਸ ਅਤੇ ਸੁਰੱਖਿਆ ਟੀਮਾਂ ਨੇ ਹਾਲਾਤ ਨੂੰ ਸੰਭਾਲਦਿਆਂ ਕਿਸੇ ਵੀ ਵੱਡੇ ਵਿਵਾਦ ਜਾਂ ਅਣਚਾਹੀ ਘਟਨਾ ਨੂੰ ਵਾਪਰਨ ਤੋਂ ਰੋਕਿਆ। ਉਨ੍ਹਾਂ ਮੁਤਾਬਿਕ ਕੁਝ ਸਿੱਖ ਜਥੇਬੰਦੀਆਂ ਵੱਲੋਂ ਦਿਲਜੀਤ ਦੋਸਾਂਝ ਦੀ ਵੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਦਿਲਜੀਤ ਨੇ ਪਹਿਲਾਂ ਅਮਿਤਾਭ ਬੱਚਨ ਪ੍ਰਤੀ ਸਨਮਾਨ ਪ੍ਰਗਟ ਕੀਤਾ ਸੀ, ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਸਵਾਲ ਉਠਾਏ ਹਨ। ਉਨ੍ਹਾਂ ਦਾ ਮਤ ਹੈ ਕਿ ਅਮਿਤਾਭ ਬੱਚਨ ਦੇ ਨਵੰਬਰ 1984 ਸਿੱਖ ਕਤਲੇਆਮ ਨਾਲ ਜੁੜੇ ਵਿਵਾਦਾਂ ਦੇ ਮੱਦੇਨਜ਼ਰ ਦਿਲਜੀਤ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਹਾਲਾਂਕਿ, ਇਸ ਮਾਮਲੇ ‘ਤੇ ਦਿਲਜੀਤ ਵੱਲੋਂ ਕੋਈ ਅਧਿਕਾਰਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।







