*ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਵਿੱਚ ਸ਼ਰਧਾ ਪੂਰਵਕ ਸ਼ਹੀਦੀ ਗੁਰਮਤ ਸਮਾਗਮ ਦਾ ਆਯੋਜਨ*
*ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਨੂੰ ਕੀਤੀ ਗਈ ਸ਼ਰਧਾਂਜਲੀ*

ਖਾਲੜਾ 25 ਦਸੰਬਰ (ਗੁਰਪ੍ਰੀਤ ਸਿੰਘ ਸੈਡੀ) ਕਲਗੀਧਰ ਪਬਲਿਕ ਸਕੂਲ, ਭਿੱਖੀਵਿੰਡ ਵਿਖੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਇੱਕ ਸ਼ਰਧਾ ਪੂਰਵਕ ਸ਼ਹੀਦੀ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿਸ ਨਾਲ ਸਮੂਹ ਵਾਤਾਵਰਣ ਗੁਰਮਤਿ ਰਸ ਵਿੱਚ ਰੰਗਿਆ ਗਿਆ।




ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਵਾਰਾਂ ਦਾ ਗਾਇਨ ਕਰਕੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਤੰਤੀ ਸਾਜਾਂ ਨਾਲ ਰਸ ਭਰਿਆ ਕੀਰਤਨ ਗਾਇਨ ਅਤੇ ਢਾਡੀ ਵਾਰਾਂ ਦਾ ਗਾਇਨ ਕੀਤਾ ਗਿਆ, ਜਿਸ ਨੇ ਹਾਜ਼ਰ ਸੰਗਤ ਨੂੰ ਗਹਿਰੇ ਤੌਰ ‘ਤੇ ਪ੍ਰਭਾਵਿਤ ਕੀਤਾ।
ਸਮਾਗਮ ਵਿੱਚ ਇਲਾਕੇ ਦੇ ਸਤਿਕਾਰਯੋਗ ਸੰਤ ਮਹਾਂਪੁਰਖਾਂ ਨੇ ਵਿਸ਼ੇਸ਼ ਹਾਜ਼ਰੀ ਭਰ ਕੇ ਵਿਦਿਆਰਥੀਆਂ ਨੂੰ ਅਸੀਸਾਂ ਪ੍ਰਦਾਨ ਕੀਤੀਆਂ।
ਇਸ ਮੌਕੇ ਸਕੂਲ ਵੱਲੋਂ ਨਵੇਂ ਦਾਖਲ ਹੋਏ ਉਹ ਵਿਦਿਆਰਥੀ, ਜਿਨ੍ਹਾਂ ਨੇ ਇਸ ਸਾਲ ਕੇਸ ਰੱਖੇ ਹਨ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਅਰਦਾਸ ਉਪਰੰਤ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਗਤਕਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੇ ਸੰਗਤਾਂ ਦਾ ਮਨ ਮੋਹ ਲਿਆ।
ਇਸ ਮੌਕੇ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਚੀਫ ਡਾਇਰੈਕਟਰ ਸ. ਬੁੱਢਾ ਸਿੰਘ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਮਨਦੀਪ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਅਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਦਿਆਰਥੀਆਂ ਦੇ ਉਤਸਾਹ ਅਤੇ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ।
ਚੀਫ ਡਾਇਰੈਕਟਰ ਸ. ਬੁੱਢਾ ਸਿੰਘ ਜੀ ਨੇ ਵਿਦਿਆਰਥੀਆਂ ਦੀ ਕਲਾ ਅਤੇ ਗੁਰਮਤਿ ਸਿੱਖਿਆ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਕਵੀਸ਼ਰੀ ਉਸਤਾਦ ਬਗੀਚਾ ਸਿੰਘ, ਕੀਰਤਨ ਅਧਿਆਪਕ ਅਰਸ਼ਦੀਪ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਗੁਰਮਤ ਅਧਿਆਪਕ ਰਾਜਨਬੀਰ ਸਿੰਘ ਅਤੇ ਗਤਕਾ ਉਸਤਾਦ ਕੰਵਰਪਲ ਸਿੰਘ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਨੇ ਸਕੂਲ ਦੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਜੋ ਨਿਰੰਤਰ ਮਿਹਨਤ ਕਰਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰ ਰਹੇ ਹਨ।
ਇਹ ਸਮਾਗਮ ਸਿਰਫ਼ ਇੱਕ ਗੁਰਮਤ ਪ੍ਰੋਗਰਾਮ ਹੀ ਨਹੀਂ ਸੀ, ਸਗੋਂ ਵਿਦਿਆਰਥੀਆਂ ਅਤੇ ਸੰਗਤ ਨੂੰ ਸਿੱਖ ਇਤਿਹਾਸ, ਗੁਰਮਤਿ ਮੁੱਲਾਂ ਅਤੇ ਸ਼ਹੀਦਾਂ ਦੇ ਮਹਾਨ ਬਲਿਦਾਨ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਸਾਧਨ ਵੀ ਸਾਬਤ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਰਹੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









