Home » ਨਵੀਂ ਦਿੱਲੀ » ਬੀਬੀ ਰਣਜੀਤ ਕੌਰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਚੇਅਰਪਰਸਨ ਅਤੇ ਅਮਰਜੀਤ ਸਿੰਘ ਫਤਿਹ ਨਗਰ ਕੋ ਚੇਅਰਪਰਸਨ ਬਣੇ

ਬੀਬੀ ਰਣਜੀਤ ਕੌਰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਚੇਅਰਪਰਸਨ ਅਤੇ ਅਮਰਜੀਤ ਸਿੰਘ ਫਤਿਹ ਨਗਰ ਕੋ ਚੇਅਰਪਰਸਨ ਬਣੇ

SHARE ARTICLE

22 Views

ਨਵੀਂ ਦਿੱਲੀ, 19 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ਨੂੰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਚੇਅਰਪਰਸਨ ਅਤੇ ਅਮਰਜੀਤ ਸਿੰਘ ਫਤਿਹ ਨਗਰ ਕੋ ਚੇਅਰਪਰਸਨ ਚੁਣੇ ਗਏ ਹਨ।
ਉਹਨਾਂ ਦੇ ਅਹੁਦਾ ਸੰਭਾਲਣ ਨੂੰ ਲੈ ਕੇ ਅੱਜ ਇੰਸਟੀਚਿਊਟ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ 2021 ਤੋਂ ਪਹਿਲਾਂ ਕੋਰੋਨਾ ਕਾਲ ਵਿਚ ਸਾਡੀ ਟੀਮ ਨੇ ਸੰਗਤ ਦੀ ਸੇਵਾ ਕੀਤੀ ਅਤੇ 14 ਮਹੀਨਿਆਂ ਤੱਕ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇਣ ਆਏ ਕਿਸਾਨਾਂ ਦੀ ਸੇਵਾ ਕੀਤੀ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸਿਹਤ ਤੇ ਸਿੱਖਿਆ ਖੇਤਰ ਵਿਚ ਵੀ ਅਸੀਂ ਸੇਵਾ ਕੀਤੀ ਜਿਸਦੀ ਬਦੌਲਤ ਹੀ 2021 ਦੀਆਂ ਚੋਣਾਂ ਵਿਚ ਸੰਗਤਾਂ ਨੇ ਸਾਨੂੰ ਮੁੜ ਸੇਵਾ ਸੌਂਪਣ ਦਾ ਆਸ਼ੀਰਵਾਦ ਦਿੱਤਾ। ਉਹਨਾਂ ਕਿਹਾ ਕਿ ਪਿਛਲੇ ਤਕਰੀਬਨ ਸਾਢੇ ਤਿੰਨ ਸਾਲਾਂ ਤੋਂ ਸੰਗਤ ਦੇ ਸਹਿਯੋਗ ਨਾਲ ਅਸੀਂ ਗੁਰੂ ਘਰਾਂ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਖੇਤਰ ਵਿਚ ਕਾਫੀ ਮਿਹਨਤ ਨਾਲ ਕੰਮ ਕੀਤਾ ਹੈ ਜਿਸ ਲਈ ਅਸੀਂ ਸਾਰੀ ਸੰਗਤ ਦੇ ਧੰਨਵਾਦੀ ਹਾਂ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਵਿਰੋਧੀਆਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਅੰਦਰ ਇਹ ਦਿੱਲੀ ਦੀ ਸੰਗਤ ਲਈ ਬਹੁਤ ਔਖਾ ਸਮਾਂ ਸੀ ਜਦੋਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੇ ਫੈਸਲਿਆਂ ਕਾਰਨ ਅਸੀਂ ਇਕੋ ਸਮੇਂ ਗੁਰਪੁਰਬ ਤੇ ਸੰਗਰਾਂਦਾ ਨਹੀਂ ਮਨਾ ਸਕਦੇ ਸੀ ਕਿਉਂਕਿ ਇਹਨਾਂ ਦੋਵਾਂ ਭਰਾਵਾਂ ਨੇ ਕੌਮ ਵਿਚ ਦੁਬਿਧਾ ਪੈਦਾ ਕੀਤੀ ਹੋਈ ਸੀ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਭਰਾਵਾਂ ਨੇ ਹਮੇਸ਼ਾ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕੀਤਾ ਅਤੇ ਅਕਾਲੀ ਦਲ ਨੂੰ ਦੋਫਾੜ ਕਰਨ ਵਿਚ ਵੀ ਸਰਗਰਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਇਹਨਾਂ ਦੀ ਨਾਂਹ ਪੱਖੀ ਰਾਜਨੀਤੀ ਕਾਰਨ ਹੀ ਸੰਗਤ ਨੇ ਇਹਨਾਂ ਨੂੰ ਸੇਵਾ ਤੋਂ ਲਾਂਭੇ ਕੀਤਾ। ਉਹਨਾਂ ਕਿਹਾ ਕਿ ਹੁਣ ਇਹ ਦੋਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਦੋ-ਦੋ ਥਾਵਾਂ ’ਤੇ ਮਨਾਉਣ ਵਾਸਤੇ ਪੱਬਾਂ ਭਾਰ ਹਨ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰ ਰਹੇ ਹਨ ਕਿ ਦਿੱਲੀ ਗੁਰਦੁਆਰਾ ਕਮੇਟੀ ਨਾਲੋਂ ਵੱਖਰੇ ਸਮਾਗਮ ਰੱਖੇ ਜਾਣ ਕਿਉਂਕਿ ਲਾਲ ਕਿਲ੍ਹੇ ’ਤੇ ਹੋਣ ਵਾਲੇ ਸਮਾਗਮਾਂ ਵਿਚ ਦੋਵੇਂ ਸਰਨਾ ਭਰਾ ਸ਼ਾਮਲਹੋ ਨਹੀਂ ਸਕਦੇ। ਉਹਨਾਂ ਕਿਹਾ ਕਿ ਨਿੱਜੀ ਹਿੱਤਾਂ ਦੀ ਖ਼ਾਤਰ ਦੋਵੇਂ ਭਰਾ ਕੌਮ ਨੂੰ ਵੰਡਣ ’ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਸਾਹਿਬ ਦੀ ਇਹ ਸ਼ਤਾਬਦੀ ਵੱਡੀ ਪੱਧਰ ’ਤੇ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਹੈ ਜੋ ਸੰਗਤ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਨੇਪਰੇ ਚੜ੍ਹਾਏ ਜਾਣਗੇ। ਉਹਨਾਂ ਦੱਸਿਆ ਕਿ 23 ਅਗਸਤ ਨੂੰ ਸ਼ਾਮੀਂ 8 ਵਜੇ ਤੋਂ ਰਾਤ 10.30 ਵਜੇ ਤੱਕ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਕਵੀ ਸੰਮੇਲਨ ਹੋਵੇਗਾ ਜਿਸ ਵਿਚ ਗੁਰੂ ਸਾਹਿਬ ਦਾ ਮਹਿਮਾ ਗਾਇਨ ਕੀਤਾ ਜਾਵੇਗਾ ਤੇ ਇਤਿਹਾਸ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸਮਾਗਮਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ। ਉਹਨਾਂ ਦੱਸਿਆ ਕਿ ਲਾਲ ਕਿਲ੍ਹੇ ’ਤੇ ਪੰਜ ਰੋਜ਼ਾ ਸਮਾਗਮ ਰੱਖੇ ਜਾ ਰਹੇ ਹਨ ਜਿਹਨਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪ੍ਰੋਗਰਾਮ ਫਾਈਨਲ ਹੁੰਦੇ ਸਾਰ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ।
ਇਸ ਮੌਕੇ ਬੀਬੀ ਰਣਜੀਤ ਕੌਰ ਤੇ ਅਮਰਜੀਤ ਸਿੰਘ ਫਤਿਹ ਨਗਰ ਨੇ ਸੇਵਾ ਸੌਂਪਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਸਾਰੀ ਟੀਮ ਦਾ ਧੰਨਵਾਦ ਕੀਤਾ। ਉਹਨਾਂ ਭਰੋਸਾ ਦੁਆਇਆ ਕਿ ਉਹ ਇਸ ਇਤਿਹਾਸਕ ਇੰਸਟੀਚਿਊਟ ਦੀ ਹੋਰ ਤਰੱਕੀ ਵਾਸਤੇ ਦਿਨ ਰਾਤ ਇਕ ਕਰਨਗੇ।
ਇਸ ਮੌਕੇ ਐਮ ਪੀ ਐਸ ਚੱਢਾ, ਹਰਵਿੰਦਰ ਸਿੰਘ ਕੇ.ਪੀ. ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਸੁਰਜੀਤ ਸਿੰਘ ਜੀਤੀ, ਸੁਖਵਿੰਦਰ ਸਿੰਘ ਬੱਬਰ, ਇੰਦਰਪ੍ਰੀਤ ਸਿੰਘ ਮੋਂਟੀ ਕੋਛੜ, ਭੁਪਿੰਦਰ ਸਿੰਘ ਗਿੰਨੀ, ਰਮਨਜੋਤ ਸਿੰਘ ਮੀਤਾ, ਗੁਰਮੀਤ ਸਿੰਘ ਭਾਟੀਆ, ਸਤਵਿੰਦਰਪਾਲ ਸਿੰਘ ਨਾਗੀ, ਜਸਪ੍ਰੀਤ ਸਿੰਘ ਵਿੱਕੀ ਮਾਨ, ਦਲਜੀਤ ਸਿੰਘ ਸਰਨਾ, ਮਨਜੀਤ ਸਿੰਘ ਔਲਖ, ਸੁਖਦੇਵ ਸਿੰਘ ਰਿਆੜ, ਤਰਲੋਚਨ ਸਿੰਘ, ਹਰਜੀਤ ਸਿੰਘ ਪੱਪਾ ਅਤੇ ਬਲਵਿੰਦਰ ਸਿੰਘ ਆਦਿ ਸ਼ਖਸੀਅਤਾਂ ਵੀ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 👉 ਅਮਰੀਕਾ ’ਚ ਗ੍ਰਿਫਤਾਰ ਸਿੱਖ ਨੌਜਵਾਨ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਲਹਿਰ ਸਿਰਜਣ ਦਾ ਸੱਦਾ