ਆਪ’ ਸਰਕਾਰ ਖਾਨਾਪੂਰਤੀ ਨਾ ਕਰੇ, ਕੈਬਨਿਟ ‘ਚ ਮਤੇ ਤੇ ਗਜ਼ਟ ਨੋਟੀਫਿਕੇਸ਼ਨ ਨਾਲ ਪੱਕੇ ਤੌਰ ‘ਤੇ ਰੱਦ ਕਰੇ ਲੈਂਡ ਪੂਲਿੰਗ ਪਾਲਿਸੀ - ਬ੍ਰਹਮਪੁਰਾ
ਆਪ’ ਸਰਕਾਰ ਪਿੱਛੇ ਹਟਣ ਲਈ ਮਜਬੂਰ ਹੋਈ, ਇਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੀ ਤਾਕਤ ਹੈ – ਬ੍ਰਹਮਪੁਰਾ
ਤਰਨ ਤਾਰਨ 12 ਅਗਸਤ (ਗੁਰਪ੍ਰੀਤ ਸਿੰਘ ਸੈਡੀ) ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਪੰਜਾਬ ਦੀ ‘ਆਪ’ ਸਰਕਾਰ ‘ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਮਾਮਲੇ ਵਿੱਚ ਸਿਰਫ਼ ਖ਼ਾਨਾਪੂਰਤੀ ਕਰਕੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਇਸ ਕਿਸਾਨ-ਮਾਰੂ ਕਾਨੂੰਨ ਦੀ ਪੂਰਨ ਕਾਨੂੰਨੀ ਸਮਾਪਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਕਿਸੇ ਵੀ ਨੀਤੀ ਨੂੰ ਕਾਨੂੰਨੀ ਤੌਰ ‘ਤੇ ਖ਼ਤਮ ਕਰਨ ਲਈ ਇੱਕ ਪੂਰੀ ਪ੍ਰਕਿਰਿਆ ਹੁੰਦੀ ਹੈ, ਜਿਸ ਤੋਂ ‘ਆਪ’ ਸਰਕਾਰ ਭੱਜ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਸਾਡੀ ਮੰਗ ਹੈ ਕਿ ਇਸ ਨੀਤੀ ਨੂੰ ਰੱਦ ਕਰਨ ਦਾ ਫ਼ੈਸਲਾ ਰਸਮੀ ਤੌਰ ‘ਤੇ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਜਾਵੇ ਅਤੇ ਫ਼ਿਰ ਇਸਨੂੰ ਰੱਦ ਕਰਨ ਦਾ ਸਰਕਾਰੀ ਨੋਟੀਫਿਕੇਸ਼ਨ ਪੰਜਾਬ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ। ਸਿਰਫ਼ ਇਸੇ ਤਰ੍ਹਾਂ ਹੀ ਇਸ ਖਤਰਨਾਕ ਕਾਨੂੰਨ ਦੀ ਹੋਂਦ ਪੱਕੇ ਤੌਰ ‘ਤੇ ਖ਼ਤਮ ਹੋਵੇਗੀ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੁੱਦੇ ‘ਤੇ ਉਲੀਕੇ ਗਏ ਤਿੱਖੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸ੍ਰ. ਬਾਦਲ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੇ ਦਬਾਅ ਦਾ ਹੀ ਨਤੀਜਾ ਹੈ ਕਿ ਇਸ ਹੰਕਾਰੀ ‘ਆਪ’ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਇੱਕ ਵਾਰ ਫ਼ਿਰ ਸਾਬਤ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ, ਪੰਜਾਬੀ ਅਤੇ ਕਿਸਾਨੀ ਦੇ ਹਿੱਤਾਂ ਦੀ ਅਸਲ ਰਾਖੀ ਕਰਨ ਵਾਲੀ ਇੱਕੋ-ਇੱਕ ਜਮਾਤ ਹੈ।
ਸ੍ਰ. ਬ੍ਰਹਮਪੁਰਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ, ਮਾਣਯੋਗ ਸ਼੍ਰੀ. ਗੁਲਾਬ ਚੰਦ ਕਟਾਰੀਆ ਜੀ ਨੂੰ ਇੱਕ ਵਿਸਤ੍ਰਿਤ ਪੱਤਰ ਵੀ ਲਿਖਿਆ ਹੈ। ਉਨ੍ਹਾਂ ਕਿਹਾ, “ਅਸੀਂ ਰਾਜਪਾਲ ਜੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਸਿਰਫ਼ ਇੱਕ ਨੀਤੀ ਦੀ ਨਾਕਾਮੀ ਨਹੀਂ, ਬਲਕਿ ਜਨਤਕ ਖ਼ਜ਼ਾਨੇ ਦੀ ਲੁੱਟ ਅਤੇ ਪ੍ਰਸ਼ਾਸਨਿਕ ਅਣਗਹਿਲੀ ਦਾ ਗੰਭੀਰ ਮਾਮਲਾ ਹੈ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਹੋਵੇ, ਇਸ਼ਤਿਹਾਰਾਂ ‘ਤੇ ਖਰਚ ਹੋਏ ਕਰੋੜਾਂ ਰੁਪਇਆਂ ਦਾ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਸੀ.ਏ.ਜੀ.) ਤੋਂ ਵਿਸ਼ੇਸ਼ ਆਡਿਟ ਕਰਵਾਇਆ ਜਾਵੇ ਅਤੇ ਇਸ ਗਲਤ ਅਤੇ ਕਿਸਾਨ-ਮਾਰੂ ਫੈਸਲੇ ਲਈ ਜ਼ਿੰਮੇਵਾਰ ਮੰਤਰੀਆਂ ਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
ਇਸ ਮੌਕੇ ਸਾਬਕਾ ਵਿਧਾਇਕ ਬ੍ਰਹਮਪੁਰਾ ਨਾਲ ਹਰਜਿੰਦਰ ਸਿੰਘ ਬਾਦਸ਼ਾਹ, ਡਾਕਟਰ ਜਤਿੰਦਰ ਸਿੰਘ ਚੋਹਲਾ ਸਾਹਿਬ, ਦਲਬੀਰ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਗੁਰਦੇਵ ਸਿੰਘ ਸ਼ਬਦੀ, ਦਿਲਬਰ ਸਿੰਘ ਚੋਹਲਾ ਸਾਹਿਬ, ਅਵਤਾਰ ਸਿੰਘ ਮੈਂਬਰ ਪੰਚਾਇਤ ਰੇਮੰਡ ਵਾਲੇ ਹਾਜ਼ਰ ਸਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।