ਨਵੀਂ ਦਿੱਲੀ, 9 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਆਜ਼ਾਦੀ ਲਈ ਸ਼ਹਾਦਤਾਂ ਦਾ ਜਾਮ ਪੀ ਗਏ ਸ਼ਹੀਦ ਭਾਈ ਬਲਦੀਪ ਸਿੰਘ ਬੱਬਰ, ਤੇ ਉਹਨਾਂ ਦੇ ਭਰਾ ਭਾਈ ਹਰਜੀਤ ਸਿੰਘ, ਸ਼ਹੀਦ ਭਾਈ ਨੌਨਿਹਾਲ ਸਿੰਘ ਉਰਫ਼ ਨਿਗੋਰੀ ਤੇ ਸ਼ਹੀਦ ਭਾਈ ਸੁਖਪਾਲ ਸਿੰਘ ਪਾਲਾ ਦਾ ਸ਼ਹੀਦੀ ਸਮਾਗਮ ਭਾਈ ਬਲਦੀਪ ਸਿੰਘ ਦੇ ਜੱਦੀ ਕਸਬਾ ਫੂਲ ਵਿਖੇ ਕਰਵਾਇਆ ਗਿਆ। ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ ਤੇ ਢਾਡੀ ਜਥੇ ਦੀਆਂ ਵਾਰਾਂ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਦੇ ਮਸਲਿਆਂ ਤੇ ਆਜ਼ਾਦੀ ਦਾ ਹੱਲ ਕਿਸੇ ਸੰਸਦੀ ਰਾਜਨੀਤੀ ਵਿੱਚ ਨਹੀਂ ਹੈ ਤੇ ਨਾ ਹੀ ਇਹ ਸ਼ਹੀਦ ਸਿੰਘਾਂ ਵਾਲਾ ਰਾਹ ਹੈ। ਉਹਨਾਂ ਕਿਹਾ ਕਿ ਗੁਰੂ ਹਰਗੋਬਿੰਦ ਜੀ ਦੇ ਪਵਿੱਤਰ ਸੰਕਲਪ ਪੀਰੀ ਮੀਰੀ ਨੂੰ ਦਿੱਲੀ ਦੇ ਦੁਨਿਆਦੀ ਤੇ ਜ਼ੁਲਮੀ ਤਖ਼ਤ ਨਾਲ ਜੋੜ ਕੇ ਗੁਮਰਾਹ ਪ੍ਰਚਾਰ ਕੀਤੀ ਜਾ ਰਿਹਾ ਹੈ। ਪੰਚ ਪ੍ਰਧਾਨੀ ਜਥੇ ਵੱਲੋਂ ਭਾਈ ਹਰਦੀਪ ਸਿੰਘ ਮਹਿਰਾਜ ਨੇ ਆਪਣੇ ਸੰਬੋੋਧਨੀ ਭਾਸ਼ਣ ’ਚ ਕਿਹਾ ਕਿ ਇਹ ਬਹੁਤ ਹੀ ਅਫ਼ਸੋਸ ਹੈ ਕਿ ਸ਼ਹੀਦ ਸਿੰਘਾਂ ਦੀਆਂ ਕੁਰਬਾਨੀ ਨੂੰ ਵਪਾਰ ਦੇ ਵਾਧੇ ਘਾਟੇ ਵਾਂਗ ਤੁਲਨਾ ਕਰਕੇ ਨਿਗੂਣਾ ਕੀਤਾ ਜਾ ਰਿਹਾ ਹੈ, ਜਦੋਂ ਕਿ ਅਖ਼ੌਤੀ ਹਰੇ ਇਨਕਲਾਬ ਦੇ ਫਲਾਪ ਹੋਣ ਬਾਅਦ ਲੱਖਾਂ ਹੀ ਕਿਸਾਨ ਖ਼ੁਦਕੁਸੀਆਂ ਕਰ ਗਏ ਤੇ ਸ਼ਹੀਦ ਸਿੰਘਾਂ ਤੋਂ ਕਈ ਗੁਣਾਂ ਵੱਧ ਨਸ਼ਿਆਂ ਨਾਲ ਖ਼ਤਮ ਹੋ ਗਏ ਤੇ ਇਹ ਭਿਆਨਕ ਵਰਤਾਰਾ ਅੱਜ ਵੀ ਜਾਰੀ ਹੈ, ਇਹ ਅੰਜਾਈ ਮੌਤਾਂ ਕਿਸੇ ਪਾਸੇ ਦੀਆਂ ਨਹੀਂ ਹਨ। ਲੱਖੀ ਜੰਗਲ ਜਥੇ ਵੱਲੋਂ ਬਾਬਾ ਸਵਰਨ ਸਿੰਘ ਕੋਟਧਰਮੂ ਨੇ ਕਿਹਾ ਕਿ ਸ਼ਹੀਦ ਸਿੰਘਾਂ ਦਾ ਰੁਤਬਾ ਐਨਾ ਪਵਿੱਤਰ ਹੈ ਕਿ ਸੁਵੱਖਤੇ ਉਠਣ ਵੇਲੇ ਕਿਸੇ ਸ਼ਹੀਦ ਸਿੰਘ ਨੂੰ ਯਾਦ ਕਰਕੇ ਵੇਖੋ। ਉਹਨਾਂ ‘ਸ਼ਹਾਦਤ’ ਸ਼ਬਦ ਦੀ ਗੁਰਮਤ ਦੇ ਪਰਿਪੇਖ ’ਚ ਅਧਿਆਤਮਕ ਤੌਰ ’ਤੇ ਵਿਆਖਿਆ ਵੀ ਕੀਤੀ। ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਚੈਅਰਮੇਨ ਸੁਰਜੀਤ ਸਿੰਘ ਫੂਲ ਨੇ ਆਪਣੇ ਸੰਬੋਧਨੀ ਭਾਸ਼ਣ ’ਚ ਕਿਹਾ ਕਿ ਹਥਿਆਰਬੰਦ ਲਹਿਰ ਦਾ ਰਸਤਾ ਸੱਤਾ ਵੱਲ ਬਿਲਕੁਲ ਨਹੀਂ ਜਾਂਦਾ ਸਗੋਂ ਇਹ ਇੱਕ ਦੂਜੇ ਦੇ ਵਿਰੋਧ ਤੇ ਉਲਟ ਹਨ। ਸਿੱਖ ਜਥਾ ਮਾਲਵਾ ਤੇ ਸਿੱਖ ਚਿੰਤਕ, ਲੇਖਕ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਸ਼ਹੀਦ ਸਿੰਘਾਂ ਦੀਆਂ ਸ਼ਹੀਦੀਆਂ ਦੇ ਸੰਦਰਭ ’ਚ ਦੁਨਿਆਵੀ ਰੋਲ ਖਚੋਲ ਕਰਨ ’ਤੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਇਹ ਗੁਰੂਆਂ ਦੀਆਂ ਬਖ਼ਸਿਸਾਂ ਨਾਲ ਹੋਈਆਂ ਹਨ, ਬਿਨ੍ਹਾਂ ਬਖ਼ਸਿਸ ਤੋਂ ਕੋਈ ਸ਼ਹੀਦੀ ਨਹੀਂ ਹੋ ਸਕਦੀ, ਇਸੇ ਕਰਕੇ ਹਿਸਾਬ ਕਿਤਾਬ ਤੇ ਗਿਣਤੀਆਂ ਮਿਣਤੀਆਂ ’ਚ ਪੈਣਾ ਸ਼ਹੀਦ ਸਿੰਘਾਂ ਦੀ ਤੌਹੀਨ ਹੈ। ਯੂਨਾਇਟਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਸਟੇਜ ਸਕੱਤਰ ਬੀ.ਕੇ.ਯੂ. ਕਰਾਂਤੀਕਾਰੀ ਦੇ ਸੁਖਦੇਵ ਸਿੰਘ ਮਹਿਰਾਜ, ਜਰਨੈਲ ਸਿੰਘ ਧਿੰਗੜ੍ਹ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਸਮੇਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ’ਚੋਂ ਸ਼ਹੀਦ ਭਾਈ ਨੌਨਿਹਾਲ ਸਿੰਘ ਦੇ ਵਾਰਸ ਭਾਈ ਭੋਲਾ ਸਿੰਘ, ਸ਼ਹੀਦ ਭਾਈ ਕੇਵਲ ਸਿੰਘ ਬੁਰਜ ਗਿੱਲ ਦੇ ਪਿਤਾ ਤੇ ਹੋਰਾਂ ਨੂੰ ਵੀ ਸਿਰਪਾਓ ਨਾਲ ਸਨਮਾਨਤ ਕੀਤਾ। ਇਸ ਮੌਕੇ ਸ਼ਹੀਦ ਬਲਦੀਪ ਸਿੰਘ ਦੇ ਵੱਡੇ ਭਰਾ ਸ੍ਰੀ ਬਲਜੀਤ, ਪ੍ਰਦੀਪ ਸ਼ਰਮਾ, ‘ਕੌਰਨਾਮਾ’ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਭਾਈ ਰਾਮ ਸਿੰਘ ਢਿਪਾਲੀ, ਜਗਰੂਪ ਸਿੰਘ ਚਾਚਾ, ਭਾਈ ਜਸਵੰਤ ਸਿੰਘ ਫ਼ੌਜੀ, ਭਾਈ ਗੁਰਪਾਲ ਸਿੰਘ ਧਿੰਗੜ ਸਮੇਤ ਇਲਾਕੇ ਦੀ ਸੰਗਤ ਨੇ ਵੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।