ਨਵੀਂ ਦਿੱਲੀ 6 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਨੂੰ ਵਿਸ਼ਵ ਪੱਧਰੀ ਤੌਰ ਤੇ ਮਨਾਉਣ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਜੋ ਆਪਣੇ ਤਿੰਨ ਚਾਰ ਬੰਦਿਆਂ ਵਿਚ ਹੀ ਘਿਰੇ ਹੋਏ ਹਨ, ਜਦਕਿ ਉਨ੍ਹਾਂ ਨੂੰ ਸਮੂਹ ਸਿੱਖ ਪੰਥ ਦੀਆਂ ਧਾਰਮਿਕ, ਰਾਜਸੀ, ਨਿਹੰਗ ਜੱਥੇਬੰਦੀਆਂ, ਟਕਸਾਲਾਂ ਅਤੇ ਫੈਡਰੇਸ਼ਨਾਂ ਨੂੰ ਨਾਲ ਲੈ ਕੇ ਇਕ ਸਾਂਝਾ ਪਲੇਟਫਾਰਮ ਬਨਾਣ ਦਾ ਉਪਰਾਲਾ ਕਰਣ ਦੀ ਜਰੂਰਤ ਸੀ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਇਹ ਸ਼ਤਾਬਦੀ ਸਮਾਰੋਹ ਇੱਕਲੇ ਦਿੱਲੀ ਕਮੇਟੀ ਦਾ ਨਹੀਂ ਹੈ ਪੂਰੇ ਪੰਥ ਦਾ ਹੈ ਤੇ ਇਸ ਲਈ “ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ” ਕਿਸ ਲਈ ਹੋਈ, ਬਾਰੇ ਵੱਡੇ ਤੌਰ ਤੇ ਪ੍ਰਚਾਰ ਦੀ ਸਖ਼ਤ ਲੋੜ ਹੈ ਜਿਸ ਨਾਲ ਸੰਸਾਰ ਨੂੰ ਪਤਾ ਲਗ ਸੱਕੇ ਕਿ ਨੌਵੇਂ ਪਾਤਸ਼ਾਹ ਨੇ “ਤਿਲਕ ਅਤੇ ਜੰਝੂ” ਦੀ ਰਾਖੀ ਲਈ ਸੀਸ ਵਾਰਿਆ ਤੇ ਉਨ੍ਹਾਂ ਦੇ ਤਿੰਨ ਅਨਿਨ ਸਿੱਖਾਂ ਨੇ ਵੀਂ ਮੁਗਲਾਂ ਦੀ ਇੰਨ ਨਾ ਮੰਨਦਿਆ ਸ਼ਹਾਦਤ ਦਾ ਜਾਮ ਪੀਣਾ ਸਵੀਕਾਰ ਕੀਤਾ ਸੀ, ਪਰ ਅਜ ਸਿੱਖਾਂ ਨੂੰ ਦੇਸ਼ ਅੰਦਰ ਦੂਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਵਾਰ ਵਾਰ ਕਰਵਾਇਆ ਜਾਂਦਾ ਹੈ ਕਦੇ ਪੇਪਰ ਦੇ ਰਹੇ ਬੱਚਿਆਂ ਦੇ ਕਕਾਰਾਂ ਤੇ ਪਾਬੰਦੀਆਂ, ਕਦੇ ਏਅਰਪੋਰਟ ਤੇ ਕੰਮ ਕਰਦੇ ਸਿੱਖ ਨੌਜੁਆਨਾਂ ਨੂੰ ਤੰਗ ਪ੍ਰੇਸ਼ਾਨ ਕਰਣਾ, ਕਦੇ ਸਿੱਖ ਇਤਿਹਾਸ ਨਾਲ ਛੇੜਖਾਣੀ, ਕਦੇ ਦਸਤਾਰਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਰਾਮ ਰਹੀਮ, ਆਸਾ ਰਾਮ ਵਰਗੇ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਵਾਰ ਵਾਰ ਪਰੋਲ ਫਰਲੋ ਦੇਂਦੇ ਰਹਿਣਾ ਤੇ ਸਿੱਖ ਬੰਦੀ ਸਿੰਘਾਂ ਦੇ ਮਾਮਲਿਆਂ ਤੇ ਵਿਚਾਰ ਤਕ ਨਹੀਂ ਕਰਣਾ । ਕਿ ਦਿੱਲੀ ਕਮੇਟੀ ਪ੍ਰਬੰਧਕ ਸ਼ਤਾਬਦੀ ਸਮਾਰੋਹ ਅੰਦਰ ਹਾਜ਼ਿਰੀ ਭਰਣ ਵਾਲੇ ਦੇਸ਼ ਦੇ ਪੀਐਮ ਅਤੇ ਗ੍ਰਿਹਮੰਤਰੀ ਅੱਗੇ ਸਿੱਖਾਂ ਦੇ ਗੰਭੀਰ ਮੁੱਦੇ ਸਰਕਾਰ ਅੱਗੇ ਚੁੱਕਣਗੇ ਜਾਂ ਸਿਰਫ ਰਸਮੀ ਤੌਰ ਤੇ ਸਮਾਗਮ ਕਰਕੇ ਆਪਣਾ ਪਲਾ ਝਾੜ ਲੈਣਗੇ । ਸ਼ਤਾਬਦੀ ਸਮਾਗਮ ਲਈ ਦਿੱਲੀ ਕਮੇਟੀ ਵਲੋਂ ਤਿਆਰੀਆਂ ਤਿੰਨ ਮਹੀਨੇ ਪਹਿਲਾਂ ਹੀ ਕਰ ਲੈਣੀਆਂ ਚਾਹੀਦੀਆਂ ਸਨ ਪਰ ਹਰ ਮਾਮਲੇ ਵਿਚ ਉਨ੍ਹਾਂ ਦੀ ਨਾਤਜੁਰਬੇਕਾਰੀ ਕੌਮ ਨੂੰ ਨਮੋਸ਼ੀ ਹੀ ਦਿਵਾਉਂਦੀ ਹੈ । ਗੁਰੂ ਸਾਹਿਬਾਨ ਦੇ ਦਿੱਲੀ ਵਿਖ਼ੇ ਸ਼ਹਾਦਤ ਦਿੱਤੀ ਇਸ ਲਈ ਇਹ ਸਮਾਰੋਹ ਦਿੱਲੀ ਵਿਖ਼ੇ ਹੀ ਵੱਡੇ ਪੱਧਰ ਤੇ ਮਨਾਉਣਾ ਚਾਹੀਦਾ ਹੈ, ਪਰ ਕਮੇਟੀ ਪ੍ਰਧਾਨ ਵਲੋਂ ਰਸਮੀ ਤੌਰ ਤੇ ਐਸਜੀਪੀਸੀ ਨੂੰ ਪੱਤਰ ਲਿਖ ਕੇ ਪਲਾ ਝਾੜਨਾ ਠੀਕ ਨਹੀਂ ਹੈ, ਉਨ੍ਹਾਂ ਦਾ ਫਰਜ਼ ਬਣਦਾ ਸੀ ਓਹ ਆਪ ਐਸਜੀਪੀਸੀ ਪ੍ਰਧਾਨ ਸਾਹਿਬ, ਤਖਤ ਹਜੂਰ ਸਾਹਿਬ ਕਮੇਟੀ, ਤਖਤ ਪਟਨਾ ਸਾਹਿਬ ਕਮੇਟੀ ਨੂੰ ਮਿਲਕੇ ਬੇਨਤੀ ਕਰਦੇ, ਪਰ ਤਿੰਨ ਚਾਰ ਬੰਦਿਆਂ ਵਿਚ ਘਿਰੇ ਹੋਣ ਕਰਕੇ ਉਨ੍ਹਾਂ ਦੀ ਸੋਚ ਵੀਂ ਉਨ੍ਹਾਂ ਤਕ ਹੀ ਰਹਿ ਗਈ ਹੈ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।