ਨਵੀਂ ਦਿੱਲੀ 2 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨ ਵੇਲੇ ਇਸਦਾ ਵਿਧੀ ਵਿਧਾਨ ਤੇ ਨੀਤੀ ਕੀ ਹੋਵੇ, ਇਸ ਵਿਸ਼ੇ ਨੂੰ ਮੁੱਖ ਰੱਖਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਉੱਦਮ ਨਾਲ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਤੇਜਾ ਸਿੰਘ ਹਾਲ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਸ਼ੁਰੂ ਹੋਈ ਵਿਚਾਰ ਗੋਸ਼ਟੀ ਦਾ ਦੂਸਰੇ ਦਿਨ ਵੀ ਸੰਜੀਦਾ ਬੁਲਾਰਿਆਂ ਅਤੇ ਸਰੋਤਿਆਂ ਨਾਲ ਭਰਭੂਰ ਰਿਹਾ, ਜਿਸ ਵਿਚ ਦੂਰੋਂ ਨੇੜਿਓਂ ਆਮ ਖਾਸ ਚਿਹਰੇ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਖਾਸ ਤੌਰ ਤੇ ਪੁੱਜੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਖ ਵੱਖ ਸਮੇਂ ਹਿੱਸਾ ਰਹੇ ਵਿਚਾਰਕਾਂ ਨੇ ਅਕਾਲੀ ਦਲ ਦੀਆਂ ਖਾਮੀਆਂ ਉਜਾਗਰ ਕਰਕੇ ਦੱਸੀਆਂ। ਦੂਜੇ ਦਿਨ ਦੀ ਵਿਚਾਰ ਗੋਸ਼ਟੀ ਦੀ ਆਰੰਭਤਾ ਵੀ ਨਾਮ ਸਿਮਰਨ ਤੋਂ ਹੋਈ, ਉਪਰੰਤ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਵਲੋਂ ਗੋਸ਼ਟੀ ਦਾ ਮਨੋਰਥ ਸੰਖੇਪ ਸ਼ਬਦਾਂ ਵਿਚ ਆਏ ਪਤਵੰਤਿਆਂ ਨਾਲ ਸਾਂਝਾ ਕੀਤਾ ਗਿਆ। ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਭਾਈ ਮਲਕੀਤ ਸਿੰਘ ਭਵਾਨੀਗੜ ਅਤੇ ਭੁਪਿੰਦਰ ਸਿੰਘ ਗਰੇਵਾਲ ਵਲੋਂ ਨਿਭਾਈ ਗਈ। ਪਹਿਲੇ ਬੁਲਾਰੇ ਵਜੋਂ ਸ੍ਰ. ਦਵਿੰਦਰ ਸਿੰਘ ਸੇਖੋਂ ਨੇ ਆਖਿਆ ਕਿ ਸਿੱਖੀ ਤੋਂ ਸੱਖਣੇ ਵਿਅਕਤੀਆਂ ਦੀ ਅਗਵਾਈ ਕਰਕੇ ਅਕਾਲੀ ਦਲ ਵਿੱਚ ਗਿਰਾਵਟ ਆਈ। ਸ੍ਰ. ਮਨਦੀਪ ਸਿੰਘ ਸਿੱਧੂ (ਭਰਾ ਮਰਹੂਮ ਦੀਪ ਸਿੱਧੂ) ਅਤੇ ਸ਼੍ਰੋਮਣੀ ਕਮੇਟੀ ਮੈਂਬਰ ਡਾ. ਕਿਰਨਜੋਤ ਕੌਰ ਨੇ ਸਿੱਖੀ ਜਜਬੇ ਬਿਨਾਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਨੂੰ ਅਸੰਭਵ ਦੱਸਿਆ। ਪੰਜ ਮੈਂਬਰੀ ਕਮੇਟੀ ਵਿਚੋਂ ਸ੍ਰ. ਇਕਬਾਲ ਸਿੰਘ ਝੂੰਦਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਆਖਿਆ ਕਿ ਤਖ਼ਤ ਸਬੰਧੀ ਪੂਰੇ ਸੰਸਾਰ ਦੇ ਸਿੱਖਾਂ ਦੀ ਸਹਿਮਤੀ ਬਿਨਾਂ ਇਕੱਲੀ ਸ੍ਰੋਮਣੀ ਕਮੇਟੀ ਨੂੰ ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਡਾ. ਕੰਵਲਜੀਤ ਸਿੰਘ ਨੇ ਅਕਾਲੀ ਦਲ ਸਬੰਧੀ ਕਿਹਾ ਕਿ ਨੀਤੀ ਸਪਸਟ ਕੀਤੇ ਬਗੈਰ ਢਾਂਚਾ ਨਹੀਂ ਬਣ ਸਕਦਾ। ਡਾ. ਤਜਿੰਦਰ ਕੌਰ ਨੇ ਸ੍ਰੋਮਣੀ ਕਮੇਟੀ ਅਤੇ ਦਲ ਦੇ ਪ੍ਰਧਾਨ ਦੀ ਅਗਵਾਈ ਸਬੰਧੀ ਢਾਂਚਾ ਬਣਾਉਣ ਦੀ ਗੱਲ ਆਖੀ। ਅਕਾਲੀ ਦਲ (ਅੰਮ੍ਰਿਤਸਰ) ਤੋਂ ਪ੍ਰੋ. ਮਹਿੰਦਰਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਭਾਗੀਵਾਂਦਰ ਅਕਾਲੀਆਂ ਵਿਚ ਸਿੱਖੀ ਕਿਰਦਾਰ ਨੂੰ ਮੁੱਖ ਮੰਨਿਆ। ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਸਭਰਾਅ ਨੇ ਗੁਰਦੁਆਰਾ ਪ੍ਰਬੰਧ ਵਿਚ ਚੋਣਾਂ ਨੂੰ ਸਮੱਸਿਆ ਦੱਸਿਆ। ਸੰਤ ਅਤਰ ਸਿੰਘ ਜੀ ਦੇ ਹਵਾਲੇ ਨਾਲ ਸੁਖਦੀਪ ਸਿੰਘ ਮੀਕੇ ਨੇ ਅਕਾਲੀਆਂ ਵਿਚਲੀ ਦੁਬਿਧਾ ਨੂੰ ਦੂਰ ਕਰਨ ਹਿੱਤ ਹੋਰ ਵਿਚਾਰਾਂ ਕਰਨ ਦੀ ਗੱਲ ਆਖੀ। ਉਪਰੰਤ ਆਏ ਹੋਏ ਬੁਲਾਰਿਆਂ ਅਤੇ ਸਰੋਤਿਆਂ ਦਾ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਧੰਨਵਾਦ ਕੀਤਾ। ਗੋਸ਼ਟੀ ਦੇ ਦੂਜੇ ਦਿਨ ਵੀ ਵਿਚਾਰਵਾਨਾਂ ਦੇ ਵੀਚਾਰ ਸੁਣਨ ਲਈ ਵੱਡੀ ਗਿਣਤੀ ਪਿੰਡਾਂ ਸਹਿਰਾਂ ਦੇ ਪਤਵੰਤੇ ਸੱਜਣ ਹਾਜ਼ਰ ਰਹੇ, ਜਿੰਨਾਂ ਵਿੱਚ ਲਾਭ ਸਿੰਘ, ਹਰਦੀਪ ਸਿੰਘ ਮਹਿਰਾਜ, ਮਿੱਠੂ ਸਿੰਘ ਕਾਨ੍ਹੇਕੇ, ਪਰਦੀਪ ਸਿੰਘ ਇਆਲੀ, ਕੰਵਲਜੀਤ ਸਿੰਘ ਟਿੱਬਾ, ਬੂਟਾ ਸਿੰਘ ਰਣਸ਼ੀਹ, ਸਵਰਨ ਸਿੰਘ ਦਮਦਮਾ ਸਾਹਿਬ, ਸਤਨਾਮ ਸਿੰਘ ਰੱਤੋਕੇ, ਨਿਰਮਲ ਸਿੰਘ ਸਾਰੋਂ, ਬਲਵੰਤ ਸਿੰਘ ਸਿੱਧੂ ਆਦਿ ਸੰਸਥਾਵਾਂ ਅਤੇ ਸਖਸੀਅਤਾਂ ਹਾਜ਼ਰ ਸਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।