ਨਵੀਂ ਦਿੱਲੀ 31 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਸਰਕਾਰੀ ਦਖਲ ਖ਼ਿਲਾਫ਼ ਅੱਜ ਉੱਥੋਂ ਦੀ ਸੰਗਤ ਨੇ ਜੰਤਰ ਮੰਤਰ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ । ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਵਰਕਰਾਂ ਨੇ ਦਿੱਲੀ ਤੋਂ ਪਾਰਟੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਹਿੱਸਾ ਲਿਆ । ਹਜ਼ੂਰ ਸਾਹਿਬ ਤੋਂ ਸਾਬਕਾ ਮੈਂਬਰ ਸ. ਜਰਨੈਲ ਸਿੰਘ ਦੀ ਅਗਵਾਈ ‘ਚ ਆਈ ਸੰਗਤ ਨੇ ਇਹ ਦੋਸ਼ ਲਗਾਇਆ ਕਿ ਸੂਬਾ ਸਰਕਾਰ ਕੇਂਦਰ ਦੀ ਸ਼ਹਿ ਅਸਿੱਧੇ ਤਰੀਕੇ ਨਾਲ ਜਿਵੇਂ ਹੋਰਨਾਂ ਗੁਰਦੁਆਰਿਆਂ ਕਮੇਟੀਆਂ ਤੇ ਕਾਬਜ਼ ਹੋ ਰਹੀ ਹੈ । ਉਸੇ ਤਰ੍ਹਾਂ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਤੇ ਵੀ ਕਾਬਜ਼ ਹੋ ਕੇ ਸਮੁੱਚੇ ਗੁਰਦੁਆਰਾ ਨੂੰ ਸਰਕਾਰੀ ਕੰਟਰੋਲ ਅਧੀਨ ਲਿਆਂਦਾ ਜਾ ਸਕੇ । ਇਸ ਲਈ ਅਲੱਗ ਅਲੱਗ ਤਰ੍ਹਾਂ ਦੇ ਹੱਥ ਕੰਢੇ ਵਰਤੇ ਜਾ ਰਹੇ ਹਨ । ਇਸ ਸਮੇਂ ਸੰਗਤ ਨੇ ਮੰਗ ਕੀਤੀ ਕਿ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦੀ ਚੁਣੀ ਜਾਣ ਵਾਲੀ ਕਮੇਟੀ ਨੂੰ ਹੀ ਸੇਵਾ ਸੰਭਾਲ ਕਰਨ ਦਿੱਤੀ ਜਾਵੇ, ਸਰਕਾਰ ਆਪਣੇ ਬੰਦੇ ਨਾਮਜ਼ਦ ਕਰਕੇ ਗੁਰਦੁਆਰਾ ਪ੍ਰਬੰਧਕ ਤੇ ਕਾਬਜ਼ ਹੋਣ ਦੇ ਯਤਨ ਨਾ ਕਰੇ ਨਹੀਂ ਤੇ ਸਮੁੱਚੀ ਸਿੱਖ ਕੌਮ ਦਾ ਵਿਰੋਧ ਝੱਲਣ ਲਈ ਤਿਆਰ ਰਹੇ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਹ ਜਿਵੇਂ ਦਿੱਲੀ ਕਮੇਟੀ ਪੂਰੀ ਤਰ੍ਹਾਂ ਸਰਕਾਰੀ ਕਬਜ਼ੇ ਅਧੀਨ ਹੋਕੇ ਸਿੱਖ ਰਹਿਤ ਦੀਆਂ ਧੱਜੀਆਂ ਉਡਾ ਰਹੀ ਹੈ ਤੇ ਜਾਇਦਾਦਾਂ ਵੇਚ ਰਹੀ ਹੈ । ਇਸੇ ਤਰ੍ਹਾਂ ਸਰਕਾਰ ਚਾਹੁੰਦੀ ਹੈ ਕਿ ਸਿੱਖ ਦੀ ਹਰ ਵੱਡੀ ਸੰਸਥਾ ਨੂੰ ਆਪਣੇ ਅਧੀਨ ਕੀਤਾ ਜਾਵੇ । ਪਰ ਇਹ ਯਤਨ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁਰਦੁਆਰਾ ਪ੍ਰਬੰਧਕ ਵਿੱਚ ਦਖਲ ਦੇਣਾ ਬੰਦ ਕਰੇ । ਉਹਨਾਂ ਕਿਹਾ ਕਿ ਉਹ ਜਿਸ ਤਰ੍ਹਾਂ ਦਿੱਲੀ ‘ਚ ਲੜਾਈ ਲੜ ਰਹੇ ਹਨ । ਇਸੇ ਤਰ੍ਹਾਂ ਮਹਾਰਾਸ਼ਟਰ ਸਰਕਾਰ ਨਾਲ ਵੀ ਲੜਾਈ ਲੜਨ ਲਈ ਤਿਆਰ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਮਨਜੀਤ ਸਿੰਘ ਜੀ. ਕੇ, ਸ. ਤਜਿੰਦਰ ਸਿੰਘ ਗੋਪਾ, ਸ. ਮਨਜੀਤ ਸਿੰਘ ਸਰਨਾ, ਸ. ਮਹਿੰਦਰ ਸਿੰਘ ਤੇ ਸ. ਅਮਨਪ੍ਰੀਤ ਸਿੰਘ ਸ਼ਹਾਦਰਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।