ਨਵੀਂ ਦਿੱਲੀ, 30 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਇਤਿਹਾਸ ਅਤੇ ਸਿਧਾਤਾਂ ਦੀ ਵਿਰਾਸਤ ਨੂੰ ਮੁੱਖ ਧਾਰਾ ਸਿੱਖਿਆ ਵਿੱਚ ਉਭਾਰਣ ਵੱਲ ਇੱਕ ਇਤਿਹਾਸਕ ਕਦਮ ਦੇ ਤੌਰ ’ਤੇ, ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ, ਮਹਾਰਾਸ਼ਟਰ ਸਰਕਾਰ ਅਤੇ 11 ਮੈਂਬਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਸਿੱਖ ਸ਼ਹੀਦੀ (1500–1765) ਵਿਸ਼ੇ ’ਤੇ ਇੱਕ ਚੋਣਵਾਂ ਕੋਰਸ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲਾਗੂ ਕਰਨ ਦੀ ਪ੍ਰਸਤਾਵਨਾ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਇਸ ਸੰਬੰਧ ਵਿੱਚ ਮਹਾਰਾਸ਼ਟਰ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਦੇਵਿੰਦਰ ਫਡਣਵੀਸ ਨੂੰ ਬਲ ਮਲਕੀਤ ਸਿੰਘ, ਚੇਅਰਮੈਨ, ਅਕੈਡਮੀ ਵੱਲੋਂ ਇੱਕ ਆਧਿਕਾਰਿਕ ਪੱਤਰ ਭੇਜਿਆ ਗਿਆ ਸੀ। ਉਨ੍ਹਾਂ ਕੋਲ ਅਪੀਲ ਕੀਤੀ ਗਈ ਕਿ ਇਹ ਕੋਰਸ ਨੈਸ਼ਨਲ ਐਜੂਕੇਸ਼ਨ ਪਾਲਸੀ 2020 ਦੇ ਅਨੁਕੂਲ ਰੂਪ ਵਿੱਚ ਰਾਜ ਦੇ ਸਿੱਖਿਆਕ ਸੰਸਥਾਨਾਂ ਵਿੱਚ ਲਾਗੂ ਕੀਤਾ ਜਾਵੇ। ਇਹ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੇ ਸੰਦਰਭ ਵਿੱਚ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਸਨਮਾਨਿਤ ਕਰੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਬਲਿਦਾਨ, ਧੀਰਜ, ਧਾਰਮਿਕ ਅਡੋਲਤਾ ਅਤੇ ਰਾਸ਼ਟਰਕ ਤਤਵਾਂ ਬਾਰੇ ਸਿੱਖਣ ਦਾ ਮੌਕਾ ਦੇਵੇਗਾ। ਪੱਤਰ ਦੇ ਜਵਾਬ ਵਿੱਚ ਮੁੰਬਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਵਿੰਦਰ ਡੀ. ਕੁਲਕਰਨੀ ਵੱਲੋਂ ਤੁਰੰਤ ਅਤੇ ਹੋਂਸਲਾ ਅਫਜ਼ਾਈ ਕਰਨ ਵਾਲਾ ਉੱਤਰ ਮਿਲਿਆ । ਯੂਨੀਵਰਸਿਟੀ ਨੇ ਕੋਰਸ ਦੀ ਸੰਕਲਪਨਾ ਲਈ ਪੂਰਾ ਸਮਰਥਨ ਦਿੱਤਾ ਹੈ ਅਤੇ ਦੱਸਿਆ ਕਿ ਇਸ ਦਾ ਸਿਲੇਬਸ ਉਨ੍ਹਾਂ ਦੇ ਅਕੈਡਮਿਕ ਟੀਮਾਂ ਵੱਲੋਂ ਸੁਚੱਜੇ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਸਿੱਖ ਸ਼ਹੀਦਾਂ ਦੀ ਸ਼ਿਖਿਆ, ਇਤਿਹਾਸ ਅਤੇ ਰਾਸ਼ਟਰੀ ਯਤਨਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕਰੇਗਾ। ਬਲ ਮਲਕੀਤ ਸਿੰਘ ਨੇ ਦਸਿਆ ਕਿ ਇਹ ਯਤਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਅਤੇ ਅਸੀਸ ਹੇਠ ਜਾਰੀ ਹੈ। ਉਨ੍ਹਾਂ ਦੀ ਆਤਮਕ ਪ੍ਰੇਰਣਾ ਸਾਡੀਆਂ ਸਿੱਖਿਆਕ, ਸੱਭਿਆਚਾਰਕ ਅਤੇ ਨੌਜਵਾਨੀ ਪ੍ਰੋਜੈਕਟਾਂ ਲਈ ਮੂਲ ਚੇਤਨਾ ਬਣੀ ਹੋਈ ਹੈ। ਬਲ ਮਲਕੀਤ ਸਿੰਘ, ਚੇਅਰਮੈਨ, ਮਹਾਰਾਸ਼ਟਰ ਸਟੇਟ ਪੰਜਾਬੀ ਸਾਹਿਤ ਅਕੈਡਮੀ ਨੇ ਕਿਹਾ ਕਿ ਇਹ ਸਿਰਫ਼ ਇੱਕ ਵਿਸ਼ਾ ਸ਼ੁਰੂ ਕਰਨ ਦੀ ਗੱਲ ਨਹੀਂ ਹੈ, ਇਹ ਨੌਜਵਾਨ ਪੀੜ੍ਹੀ ਨੂੰ ਬਲਿਦਾਨ, ਨੈਤਿਕ ਤਾਕਤ ਅਤੇ ਧਰਮ ਪਥ ’ਤੇ ਕਾਇਮ ਰਹਿਣ ਦੀ ਪ੍ਰੇਰਣਾ ਦੇਣ ਦੀ ਕੋਸ਼ਿਸ਼ ਹੈ। ਮਹਾਰਾਸ਼ਟਰ ਹਮੇਸ਼ਾ ਸਮਾਵੇਸ਼ੀ ਸਿਧਾਤਾਂ ਲਈ ਜਾਣਿਆ ਜਾਂਦਾ ਹੈ ਅਤੇ ਇਹ ਕੋਰਸ ਉਨ੍ਹਾਂ ਸਿਧਾਤਾਂ ਨੂੰ ਹੋਰ ਮਜ਼ਬੂਤ ਕਰੇਗਾ। ਮੈਂ ਦਿਲੋਂ ਧੰਨਵਾਦ ਕਰਦਾ ਹਾਂ ਮਾਣਯੋਗ ਮੁੱਖ ਮੰਤਰੀ ਸ੍ਰੀ ਦੇਵਿੰਦਰ ਫਡਣਵੀਸ ਦਾ, ਜਿਨ੍ਹਾਂ ਦੀ ਦੂਰਦਰਸ਼ਤਾ ਅਤੇ ਪ੍ਰੋਤਸਾਹਨ ਨਾਲ ਇਹ ਯਤਨ ਅੱਗੇ ਵਧ ਰਿਹਾ ਹੈ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।