ਜ਼ਿਲ੍ਹਾ ਤਰਨ ਤਾਰਨ ਵਿੱਚ 31 ਮਈ ਨੂੰ ਸ਼ਾਮ 8:30 ਤੋਂ 9.00 ਵਜੇ ਤੱਕ ਕੀਤਾ ਜਾਵੇਗਾ ਬਲੈਕ ਆਊਟ ਅਭਿਆਸ–ਡਿਪਟੀ ਕਮਿਸ਼ਨਰ
ਤਰਨ ਤਾਰਨ, 30 ਮਈ (ਗੁਰਪ੍ਰੀਤ ਸਿੰਘ)
ਕੱਲ 31 ਮਈ ਨੂੰ ਅਪਰੇਸ਼ਨ ਸ਼ੀਲਡ ਅਧੀਨ ਜ਼ਿਲਾ ਤਰਨ ਤਾਰਨ ਵਿੱਚ ਸ਼ਾਮ 8:30 ਵਜੇ ਤੋਂ ਲੈ ਕੇ 9.00 ਵਜੇ ਤੱਕ ਭਾਵ ਅੱਧੇ ਘੰਟੇ ਲਈ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਨੇ ਦੱਸਿਆ ਕਿ
ਇਹ ਕੇਵਲ ਸੰਕਟ ਕਾਲ ਵੇਲੇ ਕਿਸ ਤਰ੍ਹਾਂ ਆਪਾਂ ਸਾਰਿਆਂ ਸਹਿਯੋਗ ਕਰਨਾ ਹੈ, ਉਸ ਲਈ ਪ੍ਰੈਕਟਿਸ ਹੈ, ਇਸ ਲਈ ਘਬਰਾਉਣ ਦੀ ਲੋੜ ਨਹੀਂ, ਕੇਵਲ ਤੁਹਾਡੇ ਸਹਿਯੋਗ ਦੀ ਲੋੜ ਰਹੇਗੀ ।
ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ 8:30 ਵਜੇ ਸਾਇਰਨ ਵੱਜਣ ਤਾਂ ਤੁਸੀਂ ਆਪਣੀਆਂ ਸਾਰੀਆਂ ਘਰ ਦੇ ਬਾਹਰ ਵਾਲੀਆਂ ਲਾਈਟਾਂ ਬੰਦ ਕਰਨੀਆਂ ਹਨ, ਉਸ ਵਿੱਚ ਕੈਮਰਿਆਂ ਉੱਤੇ ਲੱਗੀ ਆਟੋਮੈਟਿਕ ਲਾਈਟ ਹੋਵੇ ਜਾਂ ਇਨਵਰਟਰ ਉਤੇ ਚੱਲਦੀਆਂ ਲਾਈਟਾਂ, ਸਾਰੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਓ।
ਇਸ ਤੋਂ ਇਲਾਵਾ ਘਰ ਦੇ ਅੰਦਰ ਜੇਕਰ ਲਾਈਟ ਜਗਾਉਣੀ ਹੈ, ਤਾਂ ਮੋਟੇ ਪਰਦੇ ਜਾਂ ਅਜਿਹਾ ਪ੍ਰਬੰਧ ਕਰੋ, ਜਿਸ ਨਾਲ ਬਾਰੀਆਂ ਵਿੱਚੋਂ ਰੌਸ਼ਨੀ ਬਾਹਰ ਨਾ ਜਾਵੇ। ਉਹਨਾਂ ਕਿਹਾ ਕਿ ਬਲੈਕ ਆਊਟ ਦੌਰਾਨ ਸਭ ਤੋਂ ਸੁਰੱਖਿਅਤ ਸਥਾਨ ਜ਼ਮੀਨ ਦੋਜ਼ ਜਾਂ ਜਮੀਨ ਵਾਲੀ ਮੰਜ਼ਿਲ ਰਹਿੰਦੀ ਹੈ, ਇਸ ਲਈ ਤੁਸੀਂ ਆਪਣੇ ਗਰਾਊਂਡ ਫਲੋਰ ਕਮਰੇ ਦੇ ਵਿਚਾਲੇ ਬੈਠਣ ਦਾ ਅਭਿਆਸ ਕਰਨਾ ਹੈ। ਕੋਸ਼ਿਸ਼ ਕਰੋ ਕਿ ਉਸ ਸਥਾਨ ‘ਤੇ ਬੈਠਿਆ ਜਾਵੇ ਜਿੱਥੇ ਨੇੜੇ ਕੋਈ ਕੱਚ ਦੀ ਖਿੜਕੀ ਨਾ ਹੋਵੇ। ਬਲੈਕ ਆਊਟ ਦੌਰਾਨ ਛੱਤ ਉੱਤੇ, ਗਲੀ ਵਿੱਚ ਜਾਂ ਬਾਹਰ ਖੁੱਲੇ ਥਾਂ ਉੱਤੇ ਨਹੀਂ ਘੁੰਮਣਾ। ਜੋ ਲੋਕ ਇਸ ਸਮੇਂ ਦੌਰਾਨ ਸੜਕ ਉੱਤੇ ਗੱਡੀ ਵਿੱਚ ਜਾ ਰਹੇ ਹੋਣਗੇ, ਉਹ ਆਪਣਾ ਵਾਹਨ ਭਾਵ ਕਾਰ ਸਕੂਟਰ, ਮੋਟਰਸਾਈਕਲ ਦੀ ਲਾਈਟ ਬੰਦ ਕਰਕੇ ਸੜਕ ਦੇ ਪਾਸੇ ਖਲੋ ਜਾਣ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਵਲ ਡਿਫੈਂਸ ਵੱਲੋਂ ਸ਼ਾਮ 06 ਵਜੇ ਐਸ. ਡੀ. ਐਮ ਦਫਤਰ ਤਰਨ ਤਾਰਨ ਵਿਖੇ ਮੌਕ ਡਰਿੱਲ ਵੀ ਕੀਤੀ ਜਾਵੇਗੀ।
——

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।