ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਮ ਬੇਨਤੀ ਪੱਤਰ ਸੌਂਪ ਕੇ 15 ਅਕਤੂਬਰ 2024 ਵਾਲੇ ਹੁਕਮਨਾਮੇ ਤੇ ਵਿਚਾਰ ਕਰਨ ਲਈ ਕਿਹਾ
ਖਾਲੜਾ 28 ਮਈ (ਗੁਰਪ੍ਰੀਤ ਸਿੰਘ ਸੈਡੀ) ਹਲਕਾ ਖੇਮਕਰਨ ਦੇ ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਮੁੱਖ ਬੁਲਾਰੇ ਸ: ਵਿਰਸਾ ਸਿੰਘ ਵਲਟੋਹਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪੁੱਜੇ ਅਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਮ ਬੇਨਤੀ ਪੱਤਰ ਸੌਂਪ ਕੇ 15 ਅਕਤੂਬਰ 2024 ਨੂੰ ਪੰਜ ਸਾਹਿਬਾਨ ਵਲੋਂ ਉਨ੍ਹਾਂ ਦੀ ਅਕਾਲੀ ਦਲ ਦੀ ਮੈਂਬਰਸ਼ਿਪ ਖਾਰਜ ਕਰਨ ਸੰਬੰਧੀ ਜਾਰੀ ਆਦੇਸ਼ਾਂ ‘ਤੇ ਗੁਰਮਤਿ ਦੀ ਰੋਸ਼ਨੀ ਵਿਚ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਾਬਕਾ ਅਕਾਲੀ ਆਗੂ ਵਲਟੋਹਾ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਤੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਆਪਣਾ ਪੱਤਰ ਸੌਂਪਿਆ। ਪੱਤਰ ਵਿੱਚ ਵਲਟੋਹਾ ਨੇ ਕਿਹਾ ਕਿ ਮੇਰੀ ਅਰਜ਼ ਹੈ ਕਿ ਮੈਂ ਗੁਰੂ ਦਾ ਇਕ ਨਿਮਾਣਾ ਸਿੱਖ ਹਾਂ। ਮੈਂ ਬਚਪਨ ਤੋਂ ਅੰਮ੍ਰਿਤਧਾਰੀ ਹਾਂ। ਮੈਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਚੱਲੇ ਕੌਮੀ ਸੰਘਰਸ਼ ਵਿਚ ਸੇਵਾ ਕਰਕੇ ਉਨ੍ਹਾਂ ਦੀਆਂ ਅਥਾਹ ਖੁਸ਼ੀਆਂ ਵੀ ਲਈਆਂ ਹਨ। ਮੈਂ ਆਪਣੀ ਜ਼ਿੰਦਗੀ ਹਮੇਸ਼ਾਂ ਸਿੱਖੀ ਆਸ਼ੇ ਤੇ ਮਰਯਾਦਾ ਅਨੁਸਾਰ ਬਤੀਤ
ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਲਿਖਿਆ ਕਿ ਮੈਂ ਜ਼ਿੰਦਗੀ ਵਿਚ ਧਾਰਮਿਕ ਤੌਰ ‘ਤੇ ਜਾਂ ਕੌਮੀ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਕਦੇ ਕੋਈ ਅਵੱਗਿਆ ਨਹੀਂ ਕੀਤੀ। ਫਿਰ ਵੀ ਮੈਂ ਇਕ ਭੁੱਲਣਹਾਰ ਸਿੱਖ ਹੋਣ ਦੇ ਨਾਤੇ ਜਾਣੇ ਅਨਜਾਣੇ ਵਿਚ ਹੋਈ ਹਰੇਕ ਗਲਤੀ ਦੀ ਗੁਰੂ ਪੰਥ ਤੋਂ ਆ ਮੁਆਫੀ ਮੰਗਦਾ ਹਾਂ। ਮੈਂ ਇਹ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਭਵਿੱਖ ਵਿਚ ਮਰਯਾਦਾ, ਗੁਰਮਤਿ ਤੇ ਸਿਧਾਂਤ ਦੀ ਉਲੰਘਣਾ ਦੀ ਮੇਰੇ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੇਗੀ। ਉਨ੍ਹਾਂ – ਲਿਖਿਆ ਕਿ ਬੇਨਤੀ ਹੈ ਕਿ ਮੇਰੇ ਬਾਰੇ 15 ਅਕਤੂਬਰ 2024 ਨੂੰ ਦਿੱਤੇ ਹੋਏ ਆਦੇਸ਼ ਨੂੰ ਗੁਰਮਤਿ ਦੀ ਕਸਵੱਟੀ ‘ਤੇ ਪਰਖਦਿਆਂ ਹੋਇਆਂ ਮੁੜ ਵਿਚਾਰਿਆ ਜਾਵੇ। ਅੱਜ ਭਾਵੇਂ ਗਿਆਨੀ ਗੜਗੱਜ ਸਕੱਤਰੇਤ ਵਿਖੇ ਹਾਜ਼ਰ ਸਨ ਪਰ ਵਲਟੋਹਾ ਦੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋਈ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।