ਜਰਮਨੀ 27 ਮਾਰਚ : ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਸਵਿੰਦਰ ਸਿੰਘ ਹਾਲੈਡ, ਭਾਈ ਭਗਤ ਸਿੰਘ , ਭਾਈ ਮਨਬੀਰ ਸਿੰਘ ਕਨੇਡਾ ਭਾਈ ਪਿ੍ਰਤਪਾਲ ਸਿੰਘ ਸਵਿਟਜਲੈਡ ਭਾਈ ਸਤਨਾਮ ਸਿੰਘ ਫਰਾਂਸ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਸਿੱਖ ਸੰਘਰਸ਼ ਦੇ ਮੁੱਢ ਤੋਂ ਸਰਗਰਮ ਅਤੇ ਪੰਥ ਦੇ ਇੱਕ ਸਿਦਕੀ ਯੋਧੇ, ਨਾਮ ਸਿਮਰਨ ਵਿੱਚ ਰੰਗੀ ਰੂਹ ਤੇ ਮਿਲਾਪੜੇ ਸੁਭਾਅ ਦੇ ਮਾਲਕ ਜਥੇਦਾਰ ਭਾਈ ਮਹਿਲ ਸਿੰਘ ਬੱਬਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ । ਭਾਈ ਮਹਿਲ ਸਿੰਘ ਦਾ ਇਸ ਫਾਨੀ ਦੁਨੀਆਂ ਤੋਂ ਕੂਚ ਕਰ ਜਾਣਾ ਉਹਨਾਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਕੀਤੇ ਨਿਰਸਵਾਰਥ ਸੰਘਰਸ਼ ਅਤੇ ਕੁਰਬਾਨੀ ਦੇ ਇੱਕ ਯੁੱਗ ਦਾ ਅੰਤ ਹੈ।
1978 ਦੀ ਵਿਸਾਖੀ ਉਤੇ ਗੁਰ ਨਿੰਦਾ ਨਾ ਸਹਾਰਦਿਆਂ ਸ਼ਾਂਤਮਈ ਪ੍ਰਦਰਸ਼ਨ ਕਰਦੇ 13 ਸਿੰਘਾਂ ਦੇ ਨਿਰੰਕਾਰੀਆਂ ਵੱਲੋਂ ਕਤਲੇਆਮ ਤੋਂ ਬਾਅਦ ਚੱਲੀ ਸੰਘਰਸ਼ ਦੀ ਲਹਿਰ ਵਿੱਚ ਭਾਈ ਸਾਹਿਬ ਦਾ ਅਹਿਮ ਯੋਗਦਾਨ ਹੈ । ਉਨ੍ਹਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਵਿੱਚ ਰਹਿੰਦਿਆਂ ਸੰਘਰਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਿੱਖ ਕੌਮ ਦੀ ਆਨ ਸ਼ਾਨ ਅਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਆਪਣਾ ਸਮੁੱਚਾ ਜੀਵਨ ਸਮਰਪਿਤ ਕੀਤਾ।
ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾਤਾ ਭਾਈ ਮਹਿਲ ਸਿੰਘ ਬੱਬਰ, ਭਾਰਤੀ ਹਵਾਈ ਸੈਨਾ ਵਿੱਚ ਇੱਕ ਟੈਕਨੀਸ਼ੀਅਨ ਰਹੇ ਤੇ ਬਾਅਦ ਵਿੱਚੋਂ ਸਿੱਖ ਕੌਮ ਨਾਲ ਹੁੰਦੀਆਂ ਵਧੀਕੀਆਂ ਨੂੰ ਦੇਖਦਿਆਂ ਭਾਰਤ ਸਰਕਾਰ ਖਿਲਾਫ ਸੰਘਰਸ਼ ਵਿੱਚ ਕੁੱਦ ਪਏ । ਜੂਨ 1984 ਦੇ ਘੱਲੂਘਾਰੇ ਦੌਰਾਨ, ਭਾਈ ਮਹਿਲ ਸਿੰਘ ਬੱਬਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਭਾਰਤੀ ਫੌਜ ਤੋਂ ਰੱਖਿਆ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਵੱਡੀਆਂ ਸੇਵਾਵਾਂ ਨੂੰ ਅੰਜਾਮ ਦਿੱਤਾ ।
ਜੂਨ 1984 ਦੇ ਹਮਲੇ ਤੋਂ ਬਾਅਦ ਆਪਣੇ ਸਾਥੀ ਸਿੰਘਾਂ ਨਾਲ ਭਾਈ ਮਹਿਲ ਸਿੰਘ ਨੇ ਅਜ਼ਾਦੀ ਮਿਲਣ ਤੱਕ ਘਰਾਂ ਵਿੱਚ ਵਾਪਸ ਨਾ ਜਾਣ ਦਾ ਪ੍ਰਣ ਕੀਤਾ ਅਤੇ ਗੁਰੀਲਾ ਯੁੱਧ ਨਾਲ ਸੰਘਰਸ਼ ਜਾਰੀ ਰੱਖਿਆ। ਸੰਨ 1989 ਵਿੱਚ ਭਾਈ ਮਹਿਲ ਸਿੰਘ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਉੱਤੇ ਬਦਨਾਮ ਪੁਲਿਸ ਅਫਸਰ ਗੋਬਿੰਦ ਰਾਮ ਵੱਲੋਂ ਅਗਵਾ ਕਰਕੇ ਅੰਨ੍ਹੇਵਾਹ ਤਸ਼ੱਦਦ ਕੀਤਾ ਗਿਆ ਪਰ ਇਸ ਸਰਕਾਰੀ ਦਮਨ ਦੇ ਬਾਵਜੂਦ ਆਪਣੇ ਇਰਾਦੇ ਤੋਂ ਕਦੇ ਨਹੀਂ ਡੋਲੇ ।
ਭਾਈ ਮਹਿਲ ਸਿੰਘ ਜੀ ਨੇ ਤਕਰੀਬਨ ਪੰਜ ਦਹਾਕੇ ਸਿੱਖ ਸੰਘਰਸ਼ ਵਿੱਚ ਸੇਵਾ ਕੀਤੀ । ਉਨ੍ਹਾਂ ਲੰਮਾਂ ਸਮਾਂ ਜਲਾਵਤਨੀ ਵਿੱਚ ਗੁਰੂ ਮਹਾਰਾਜ ਦੇ ਭਾਣੇ ਵਿੱਚ ਬਤੀਤ ਕੀਤਾ । ਸੰਘਰਸ਼ ਵਿੱਚ ਹਿੱਸਾ ਪਾਉਣ ਦੇ ਨਾਲ ਗੁਰਧਾਮਾਂ ਦੀ ਕਾਰ ਸੇਵਾ ਵੀ ਕੀਤੀ । ਭਾਈ ਮਹਿਲ ਸਿੰਘ ਬੱਬਰ ਦਾ ਵਿਛੋੜਾ ਸਿੱਖ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦਾ ਸਿੱਖ ਕੌਮ ਦੀ ਅਜ਼ਾਦੀ ਪ੍ਰਤੀ ਸਮਰਪਣ ਅਤੇ ਸੰਘਰਸ਼ ਪ੍ਰਤੀ ਦ੍ਰਿੜ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਵਰਲਡ ਸਿੱਖ ਪਾਰਲੀਮੈਂਟ ਸਮੁੱਚੀ ਸਿੱਖ ਕੌਮ ਨੂੰ ਭਾਈ ਮਹਿਲ ਸਿੰਘ ਨਮਿਤ ਗੁਰਮਤਿ ਜਾਪ ਅਤੇ ਅਰਦਾਸਾਂ ਕਰਨ ਦਾ ਸੱਦਾ ਦਿੰਦੀ ਹੈ ।
ਵਰਲਡ ਸਿੱਖ ਪਾਰਲੀਮੈਂਟ ਗੁਰੂ ਚਰਨਾਂ ਵਿੱਚ ਅਰਦਾਸ ਕਰਦੀ ਹੈ ਕਿ ਗੁਰੂ ਕਲਗੀਧਰ, ਜਥੇਦਾਰ ਭਾਈ ਮਹਿਲ ਸਿੰਘ ਬੱਬਰ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਿੱਖ ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









