ਸ੍ਰੀ ਅੰਮ੍ਰਿਤਸਰ, 22 ਮਾਰਚ 2025 –
ਪੰਜਾਬ ਦੇ ਮਾਝਾ ਖੇਤਰ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਅਤੇ ਇਸ ਸਾਲ ਆ ਰਹੀਆਂ ਦੋ ਸ਼ਤਾਬਦੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੱਜ ਅੰਮ੍ਰਿਤਸਰ ਮਾਝਾ ਜ਼ੋਨ ਦੇ ਸਮੂਹ ਪ੍ਰਚਾਰਕ, ਨਿਗਰਾਨ, ਢਾਡੀ ਤੇ ਕਵੀਸ਼ਰ ਸਿੰਘਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ। ਇਕੱਤਰਤਾ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸਿੰਘਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਨੂੰ ਦ੍ਰਿੜ੍ਹਤਾ ਨਾਲ ਅਗਾਂਹ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ।
ਇਕੱਤਰਤਾ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੂਹ ਪ੍ਰਚਾਰਕ ਸਿੰਘਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਨਤਮਸਤਕ ਹੋਏ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਖੁਦ ਅਰਦਾਸ ਬੇਨਤੀ ਕੀਤੀ। ਜਥੇਦਾਰ ਗੜਗੱਜ ਨੇ ਬੈਠਕ ਤੋਂ ਪਹਿਲਾਂ ਖੁਦ ਪ੍ਰਚਾਰਕ ਸਿੰਘਾਂ ਨੂੰ ਗੁਰਬਾਣੀ ਦਾ ਜਾਪ ਕਰਵਾਇਆ ਅਤੇ ਇਕੱਤਰਤਾ ਸ਼ੁਰੂ ਕੀਤੀ। ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਿਜੈ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਧਰਮ ਪ੍ਰਚਾਰ ਸਬੰਧੀ ਚੱਲ ਰਹੇ ਮੌਜੂਦਾ ਕਾਰਜਾਂ ਅਤੇ ਅਗਾਂਹ ਵਾਸਤੇ ਵਿਉਂਦਬੰਦੀ ਲਈ ਵਿਚਾਰ ਰੱਖੇ। ਇਸ ਮੌਕੇ ਪ੍ਰਚਾਰਕ ਸਿੰਘਾਂ ਦੀ ਤਰਫੋਂ ਭਾਈ ਜਸਪਾਲ ਸਿੰਘ, ਕਵੀਸ਼ਰ ਸਿੰਘ ਵੱਲੋਂ ਗਿਆਨੀ ਸਤਨਾਮ ਸਿੰਘ ਬੱਲੋਵਾਲ ਤੇ ਢਾਡੀ ਸਿੰਘਾਂ ਵੱਲੋਂ ਗਿਆਨੀ ਜਸਬੀਰ ਸਿੰਘ ਵਲਟੋਹਾ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ ਅਤੇ ਪ੍ਰਚਾਰ ਦੇ ਖੇਤਰ ਵਿੱਚ ਜੋ-ਜੋ ਮੌਕੇ, ਚੁਣੌਤੀਆਂ ਅਤੇ ਮੁਸ਼ਕਲਾਂ ਹਨ ਉਹ ਦੱਸੀਆਂ।
ਇਕੱਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਾਝਾ ਜ਼ੋਨ ਦੇ ਸਿੱਖ ਪ੍ਰਚਾਰਕਾਂ ਨਾਲ ਅੱਜ ਇੱਕ ਭਰਵੀਂ ਇਕੱਤਰਤਾ ਵਿੱਚ ਧਰਮ ਪ੍ਰਚਾਰ ਸਬੰਧੀ ਦੀਰਘ ਵਿਚਾਰ ਵਟਾਂਦਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਚਾਰਕ ਸਿੰਘ ਉਹ ਗੁਰਭਾਈ ਹਨ ਜਿਹੜੇ ਜ਼ਮੀਨੀ ਪੱਧਰ ਉੱਤੇ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿੱਚ ਇਹ ਤੈਅ ਹੋਇਆ ਹੈ ਕਿ ਪਹਿਲਾਂ ਤੋਂ ਚੱਲ ਰਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਜਜ਼ਬੇ, ਜੋਸ਼ ਅਤੇ ਜਨੂਨ ਨਾਲ ਅਗਾਂਹ ਲੈ ਕੇ ਜਾਇਆ ਜਾਵੇ ਅਤੇ ਪਿੰਡ ਪੱਧਰ ਉੱਥੇ ਸੰਗਤਾਂ ਨੂੰ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਪ੍ਰਚਾਰਕ ਸਿੰਘਾਂ ਨੇ ਬੜੇ ਮਾਨ ਸਨਮਾਨ ਨਾਲ ਹਾਂ-ਪੱਖੀ ਹੁੰਗਾਰਾ ਭਰਦਿਆਂ ਇਹ ਵਚਨਬੱਧਤਾ ਪ੍ਰਗਟਾਈ ਹੈ ਕਿ ਉਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪੂਰੀ ਮਿਹਨਤ ਅਤੇ ਲਗਨ ਨਾਲ ਲੈ ਕੇ ਜਾਣਗੇ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੋਲੇ ਮਹੱਲੇ ਮੌਕੇ ਧਰਮ ਪ੍ਰਚਾਰ ਲਹਿਰ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜੋ ਪ੍ਰੋਗਰਾਮ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਲਈ ਦਿੱਤਾ ਗਿਆ ਸੀ ਉਸ ਨੂੰ ਅਗਾਂਹ ਵਧਾਉਣ ਵਾਸਤੇ ਵੀ ਪ੍ਰਚਾਰਕ ਸਿੰਘ ਨਾਲ ਵਿਚਾਰਾਂ ਹੋਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਮੁੱਚੇ ਪੰਜਾਬ ਅੰਦਰ ਪ੍ਰਚੰਡ ਧਰਮ ਪ੍ਰਚਾਰ ਲਹਿਰ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਥੋੜੀ ਨਿਰਾਸ਼ਾ ਹੈ ਪਰ ਉਸ ਨੂੰ ਕੇਵਲ ਗੁਰੂ ਸਾਹਿਬ ਦੇ ਉਪਦੇਸ਼ ਅਤੇ ਸੰਦੇਸ਼ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ ਅਤੇ ਧਰਮ ਪ੍ਰਚਾਰ ਰਾਹੀਂ ਇਹੀ ਯਤਨ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕ ਸਿੱਖੀ ਨਾਲ ਜੁੜਨ।
ਸ਼੍ਰੋਮਣੀ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਸਟੇਜ ਸੰਚਾਲਕ ਦੀ ਸੇਵਾ ਨਿਭਾਈ। ਇਸ ਮੌਕੇ ਪੰਜਾਬ ਪ੍ਰਚਾਰ ਦੇ ਇੰਚਾਰਜ ਸ. ਕਰਤਾਰ ਸਿੰਘ, ਇੰਚਾਰਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਸ. ਬਗੀਚਾ ਸਿੰਘ, ਸਹਾਇਕ ਇੰਚਾਰਜ ਸ. ਜਸਵੀਰ ਸਿੰਘ ਲੋਂਗੋਵਾਲ, ਪ੍ਰਚਾਰਕ-ਕਮ-ਨਿਗਰਾਨ ਸ. ਰਾਜਪਾਲ ਸਿੰਘ ਆਦਿ ਹਾਜ਼ਰ ਸਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।