Home » ਪੰਜਾਬ » ਸਿੱਖ ਨਵੇਂ ਸਾਲ ਨਾਨਕਸ਼ਾਹੀ ਸੰਮਤ ੫੫੭ ਦੀ ਆਮਦ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਦੇਸ਼

ਸਿੱਖ ਨਵੇਂ ਸਾਲ ਨਾਨਕਸ਼ਾਹੀ ਸੰਮਤ ੫੫੭ ਦੀ ਆਮਦ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਦੇਸ਼

SHARE ARTICLE

118 Views

ਅੰਮ੍ਰਿਤਸਰ 14 ਮਾਰਚ :
*ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ।।*
ਗੁਰੂ ਸਵਾਰੇ ਖ਼ਾਲਸਾ ਜੀ ਅੱਜ ਇੱਕ ਚੇਤ ਸੰਮਤ ੫੫੭ ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਰਿਹਾ ਹੈ। ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਂਝ ਰਾਗ ਵਿੱਚ ਬਾਰਹ ਮਾਹਾ ਦੀ ਬਖ਼ਸ਼ਿਸ਼ ਕਰਕੇ ਰੁੱਤਾਂ ਦੇ ਬਦਲਣ ਦਾ ਮਨੁੱਖੀ ਮਨ ਦੀਆਂ ਭਿੰਨ ਅਵਸਥਾਵਾਂ ਜਿਵੇਂ ਕੇ ਖੇੜਾ, ਬਿਰਹਾ, ਵੈਰਾਗ ਨਾਲ ਗੂੜਾ ਸਬੰਧ ਦਰਸਾਇਆ ਹੈ। ਇਸ ਧਰਤੀ ’ਤੇ ਜਨਮੇ ਮਨੁੱਖ ਦੇ ਮਨ ਦੇ ਭਾਵ ਵੀ ਇਨ੍ਹਾਂ ਦੇਸੀ ਮਹੀਨਿਆਂ ਦੇ ਨਾਲ ਹੀ ਪ੍ਰਗਟ ਹੁੰਦੇ ਹਨ। ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ, ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਦਿੰਦਾ ਹੈ। ਗੁਰੂ ਸਾਹਿਬਾਨ ਦੀ ਵਰੋਸਾਈ ਸਾਡੀ ਇਸ ਮਹਾਨ ਧਰਤੀ ਉੱਤੇ ਇਨਾਂ ਬਾਰਾਂ ਮਹੀਨਿਆਂ ਦੌਰਾਨ ਛੇ ਰੁੱਤਾਂ ਆਉਂਦੀਆਂ ਹਨ।
*ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ।।*
ਦੇ ਮਹਾਂਵਾਕ ਅਨੁਸਾਰ ਇਹ ਚੇਤ ਦਾ ਮਹੀਨਾ ਗੋਵਿੰਦ ਦੀ ਅਰਾਧਨਾ ਕਰਨ ਦਾ ਸੁਨੇਹਾ ਦਿੰਦਾ ਹੈ।
*ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ।। ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ।।*
ਪਰਮਾਤਮਾ ਦੀ ਅਰਾਧਨਾ ਵਿੱਚ ਜੋ ਆਨੰਦ ਹੈ ਉਹ ਕਿਤੇ ਵੀ ਨਹੀਂ। ਅੱਜ ਨਵੇਂ ਸਾਲ ਦੇ ਆਗਮਨ ਮੌਕੇ ਸਾਨੂੰ ਇਸ ਗੱਲ ਵੱਲ ਧਿਆਨ ਕਰਨਾ ਚਾਹੀਦਾ ਹੈ ਕਿ ਜੋ ਲੋਕ ਆਪਣੇ ਧਰਮ, ਬੋਲੀ, ਸੱਭਿਆਚਾਰ, ਪਹਿਰਾਵੇ ਅਤੇ ਆਪਣੀ ਧਰਤੀ ਦੇ ਰਹਿਣ ਸਹਿਣ ਤੋਂ ਮੂੰਹ ਮੋੜ ਲੈਂਦੇ ਹਨ, ਸਮੇਂ ਦੀ ਭੀੜ ਵਿੱਚ ਗੁਆਚ ਜਾਂਦੇ ਹਨ। ਜਿਸ ਖੁਸ਼ੀ ਨਾਲ ਅਸੀਂ ਅੰਗ੍ਰੇਜ਼ੀ ਕਲੰਡਰ ਅਨੁਸਾਰ ਨਵਾਂ ਸਾਲ ਗੁਰੂ ਘਰਾਂ ਵਿੱਚ ਸ਼ਿਰਕਤ ਕਰਕੇ ਮਨਾਉਂਦੇ ਹਾਂ, ਸਾਨੂੰ ਆਪਣੇ ਇਸ ਨਵੇਂ ਸਾਲ ਨੂੰ ਉਸ ਨਾਲੋਂ ਵੀ ਵੱਧ ਅਕੀਦਤ ਅਤੇ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ।
ਇਸ ਸਾਲ ਅਸੀਂ ਸ਼੍ਰਿਸ਼ਟ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਸ ਸ਼ਤਾਬਦੀ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਸਿੱਖ ਪੰਥ ਅੱਜ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਖਿਲਾਫ਼ ਉਸੇ ਹੀ ਸ਼ਿੱਦਤ ਨਾਲ ਸੰਘਰਸ਼ਸ਼ੀਲ ਹੈ। ਅੱਜ ਸਾਡੇ ਜੁਝਾਰੂ ਸਿੰਘ ਲੰਮੇ ਸਮੇਂ ਤੋਂ ਜਾਲਮਾਂ ਦੇ ਬੰਦੀ ਖਾਨਿਆਂ ਵਿੱਚ ਕੈਦ ਹਨ, ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਗੁਰਿਆਈ ਦਿਵਸ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ। ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ, ਦਾਸ ਆਪ ਸਭ ਸੰਗਤਾਂ ਨੂੰ, ਆਪਣੀ ਧਰਤੀ, ਵਿਰਸੇ ਅਤੇ ਧਰਮ ਦੀ ਖੂਬਸੂਰਤੀ ਨੂੰ ਦਰਸਾਉਂਦੇ ਨਵੇਂ ਨਾਨਕਸ਼ਾਹੀ ਸਾਲ ਸੰਮਤ ੫੫੭ ਦੀ ਵਧਾਈ ਦਿੰਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੋਹਣੇ ਖ਼ਾਲਸਾ ਪੰਥ ਦੀ ਸਦੀਵੀ ਚੜ੍ਹਦੀ ਕਲਾ ਲਈ, ਤਨ ਮਨ ਧਨ ਨਾਲ ਸੇਵਾ ਕਰਨ ਦਾ ਬਲ ਬਖਸ਼ਣ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News