Home » ਪੰਜਾਬ » ਜਥੇਦਾਰ ਅਕਾਲ ਤਖ਼ਤ ਦੇ ਅਹੁਦੇ ਤੋਂ ਹਟਾ ਦਿੱਤੇ ਜਾਣ ਦੀ ਮੈਨੂੰ ਕੋਈ ਚਿੰਤਾ ਨਹੀਂ: ਗਿਆਨੀ ਰਘਬੀਰ ਸਿੰਘ

ਜਥੇਦਾਰ ਅਕਾਲ ਤਖ਼ਤ ਦੇ ਅਹੁਦੇ ਤੋਂ ਹਟਾ ਦਿੱਤੇ ਜਾਣ ਦੀ ਮੈਨੂੰ ਕੋਈ ਚਿੰਤਾ ਨਹੀਂ: ਗਿਆਨੀ ਰਘਬੀਰ ਸਿੰਘ

SHARE ARTICLE

155 Views

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਕਮੇਟੀ ਨੂੰ ਭਰਤੀ ਪ੍ਰਕਿਰਿਆ ਆਪਣੇ ਤੌਰ ’ਤੇ ਸ਼ੁਰੂ ਕਰਨ ਲਈ ਕਿਹਾ; ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ’ਚ ਮਾਮਲਾ ਵਿਚਾਰਨ ਦੀ ਗੱਲ ਆਖੀ 

ਅੰਮ੍ਰਿਤਸਰ, 1 ਮਾਰਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਚੱਲ ਰਹੀ ਚਰਚਾ ਬਾਰੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਵੀ ਆਪਣੇ ਕੱਪੜੇ ਬੈਗ ਵਿੱਚ ਪਾ ਕੇ ਤਿਆਰ ਰੱਖੇ ਹੋਏ ਹਨ। ਇਹ ਪ੍ਰਗਟਾਵਾ ਅੱਜ ਉਨ੍ਹਾਂ ਇਥੇ ਮੀਡੀਆ ਨਾਲ ਗੈਰਰਸਮੀ ਗੱਲਬਾਤ ਦੌਰਾਨ ਕੀਤਾ ਹੈ।

ਉਨ੍ਹਾਂ ਆਪਣੇ ਇਸ ਕਥਨ ਨਾਲ ਸਪਸ਼ਟ ਕੀਤਾ ਹੈ ਕਿ ਜੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਅਹੁਦੇ ਦੀ ਸੇਵਾ ਨੂੰ ਜਾਰੀ ਰੱਖਣਾ ਜਾਂ ਸੇਵਾ ਛੱਡ ਦੇਣਾ ਇਹ ਦੋਵੇਂ ਹੀ ਗੁਰੂ ਦੇ ਭਾਣੇ ਮੁਤਾਬਕ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾ ਗੁਰੂ ਦੀ ਕਿਰਪਾ ਨਾਲ ਹੀ ਕੀਤੀ ਜਾ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਚੱਲ ਰਹੀ ਪ੍ਰਕਿਰਿਆ ਬਾਰੇ ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਆਦੇਸ਼ ਜਾਰੀ ਕਰ ਕੇ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਵੱਲੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਨਹੀਂ ਕੀਤੀ ਗਈ ਹੈ। ਉਨ੍ਹਾਂ ਕਮੇਟੀ ਨੂੰ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਭਰਤੀ ਪ੍ਰਕਿਰਿਆ ਸ਼ੁਰੂ ਕਰ।

ਉਨ੍ਹਾਂ ਕਿਹਾ ਕਿ ਇਸ ਕਮੇਟੀ ਨੂੰ ਬਣਾਇਆਂ ਕਰੀਬ ਢਾਈ ਮਹੀਨੇ ਬੀਤ ਚੁੱਕੇ ਹਨ, ਪਰ ਇਸ ਦੀ ਕਾਰਗੁਜ਼ਾਰੀ ਢਿੱਲੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਨਹੀਂ ਦੇ ਰਿਹਾ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਕਮੇਟੀ ਨੂੰ ਆਪਣੇ ਪੱਧਰ ’ਤੇ ਭਰਤੀ ਸ਼ੁਰੂ ਕਰਨ ਲਈ ਕਿਹਾ ਗਿਆ ਸੀ।

ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਵਿੱਚੋਂ ਦੋ ਮੈਂਬਰਾਂ ਵੱਲੋਂ ਅਸਤੀਫੇ ਦਿੱਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਮੇਟੀ ਦੇ ਕੋਆਰਡੀਨੇਟਰ ਵਜੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਆਇਆ ਹੈ ਜਦੋਂ ਕਿ ਦੂਜੇ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦਾ ਅਸਤੀਫ਼ਾ ਉਨ੍ਹਾਂ ਨੂੰ ਨਹੀਂ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਹੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰ ਕੇ ਵਿਚਾਰਿਆ ਜਾਵੇਗਾ। ਜੇ ਇਨ੍ਹਾਂ ਦੇ ਅਸਤੀਫੇ ਪ੍ਰਵਾਨ ਹੁੰਦੇ ਹਨ ਤਾਂ ਪੰਜ ਮੈਂਬਰਾਂ ਵਿੱਚੋਂ ਹੀ ਕੋਈ ਹੋਰ ਕੋਆਡੀਨੇਟਰ ਨਾਮਜ਼ਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਮੇਟੀ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪੋਤਰਾ ਹੋਇਆ ਸੀ ਅਤੇ ਉਹ ਵਧਾਈ ਦੇਣ ਵਾਸਤੇ ਗਏ ਸਨ। ਉਨ੍ਹਾਂ ਨੇ ਧਾਮੀ ਨੂੰ ਆਖਿਆ ਹੈ ਕਿ ਅਜਿਹੇ ਗੁਰਸਿੱਖ ਦੀ ਸਿੱਖ ਪੰਥ ਨੂੰ ਵੱਡੀ ਲੋੜ ਹੈ ਅਤੇ ਉਹ ਵਾਪਸ ਪਰਤ ਕੇ ਆਪਣਾ ਕੰਮ ਕਾਜ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਗੁਰਸਿੱਖ, ਨੇਕ ਇਨਸਾਨ ਅਤੇ ਨਿਤਨੇਮੀ ਸ਼ਖਸੀਅਤ ਹਨ, ਜਿਨ੍ਹਾਂ ਦੀ ਪੰਥ ਨੂੰ ਵੱਡੀ ਲੋੜ ਹੈ।

ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਚੱਲ ਰਹੀਆਂ ਚਰਚਾਵਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਹੁਣ ਸੁਤੰਤਰ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News