ਅੰਮ੍ਰਿਤਸਰ, 3 ਦਸੰਬਰ ( ਖਿੜਿਆ ਪੰਜਾਬ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ (ਜੋ ਕਿ ਖ਼ਾਲਸਾ ਪੰਥ ਦੀ ਸਰਵਉੱਚ ਅਦਾਲਤ ਹੈ) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜੋ ਸੱਤ ਮੈਂਬਰੀ ਕਮੇਟੀ ਸਥਾਪਿਤ ਕੀਤੀ ਗਈ ਹੈ, ਉਸ ਵਿੱਚ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਪੋਤਰੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਨੂੰ ਸ਼ਾਮਲ ਕਰਨ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ। ਉਹਨਾਂ ਕਿਹਾ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਮੁੱਚੇ ਖ਼ਾਲਸਾ ਪੰਥ ਨੂੰ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਆਜ਼ਾਦ ਪ੍ਰਭੂਸੱਤਾ ਦੇ ਮਾਲਕ ਸ਼੍ਰੋਮਣੀ ਅਕਾਲੀ ਦਲ ਦੀ ਬਿਖੜੇ ਸਮੇਂ ਵਿੱਚ ਖਾਲਸੇ ਪੰਥ ਨੂੰ ਅਤਿਅੰਤ ਲੋੜ ਹੈ, ਆਓ ਹੰਭਲਾ ਮਾਰ ਕੇ ਇਸ ਨੂੰ ਪੁਰਾਤਨ ਸਿੰਘਾਂ ਵਾਲਾ ਅਸਲ ਅਕਾਲੀ ਦਲ ਬਣਾਈਏ।
ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਲੁੱਟੇ, ਕੁੱਟੇ ਅਤੇ ਨਸ਼ਿਆਂ ਦੇ ਦਰਿਆ ਵਿੱਚ ਰੁੜਦੇ ਜਾ ਰਹੇ ਪੰਜਾਬ ਅਤੇ ਸਿੱਖ ਜਵਾਨੀ ਨੂੰ ਸੰਭਾਲਣ ਲਈ ਅਤੇ ਨਿਰੋਲ ਖਾਲਸਾ ਪੰਥ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਹੰਭਲਾ ਮਾਰੀਏ, ਖਾਲਸਾ ਜੀ ਕੇ ਜਿਸ ਨਾਲ ਬੋਲ ਬਾਲੇ ਕਾਇਮ ਹੋ ਸਕਣ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ, ਸ਼ਹੀਦ ਹੋ ਚੁੱਕੇ ਜੁਝਾਰੂ ਸਿੰਘਾਂ ਅਤੇ ਜਾਲਮ ਪੁਲਿਸ ਅਫਸਰਾਂ ਨੂੰ ਸਜਾਵਾਂ, ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਅਤੇ ਹੋਰ ਕਈ ਮੁੱਦਿਆਂ ਉੱਤੇ ਇਨਸਾਫ ਲਈ ਸ਼੍ਰੋਮਣੀ ਅਕਾਲੀ ਦਲ ਦੀ ਬਿਖੜੇ ਸਮੇਂ ਵਿੱਚ ਅਤਿਅੰਤ ਲੋੜ ਹੈ।
ਭਾਈ ਗੋਪਾਲਾ ਨੇ ਕਿਹਾ ਕਿ ਆਸ ਕਰਦੇ ਹਾਂ ਸਮੁੱਚਾ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਇਕੱਤਰ ਹੋ ਕੇ ਖਾਲਸਾ ਜੀ ਕੇ ਬੋਲ ਬਾਲੇ ਵਾਲੀ ਪੰਜਾਬ ਵਿੱਚ ਸਰਕਾਰ ਸਥਾਪਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਹੰਭਲਾ ਮਾਰਨ ਦਾ ਯਤਨ ਕਰੇਗਾ ਤੇ ਇਸ ਦੇ ਨਾਲ ਹੀ ਉਹਨਾਂ ਅੱਗੇ ਕਿਹਾ ਜਿਵੇਂ ਕਿ ਚੰਡੀਗੜ੍ਹ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੇ ਮਸਲੇ, ਕਿਸਾਨੀ ਹੱਕਾਂ, ਐਮ ਐਸ ਪੀ ਤੇ ਹੋਰ ਬਹੁਤ ਸਾਰੇ ਜੋ ਕਿ ਪੰਜਾਬ ਨਾਲ ਵਿਤਕਰੇ ਹੋਏ ਨੇ, ਅੱਜ ਤੱਕ ਉਹਨਾਂ ਸਾਰਿਆਂ ਦੇ ਸੰਪੂਰਨ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਦਾ ਹੋਣਾ ਅਤਿਅੰਤ ਜਰੂਰੀ ਹੋ ਗਿਆ ਹੈ। ਸਾਡੇ ਪੁਰਖਿਆਂ ਵੱਲੋਂ ਵੱਡੀਆਂ ਕੁਰਬਾਨੀਆਂ ਕਰਕੇ ਆਪਣਾ ਪਵਿੱਤਰ ਲਹੂ ਡੋਲ ਕੇ ਵੱਡੀਆਂ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਲਿਆਂਦਾ ਗਿਆ ਸੀ ਜੋ ਕਿ ਇੱਕ ਪਰਿਵਾਰ ਦੇ ਹੱਥਾਂ ਵਿੱਚ ਜਾਣ ਕਰਕੇ ਬਹੁਤ ਬੁਰੀ ਤਰ੍ਹਾਂ ਖੰਡਤ ਕਰ ਦਿੱਤਾ ਗਿਆ ਸੀ, ਇਸ ਦੀ ਮੁੜ ਸਰਜੀਤੀ ਲਈ ਸਾਰੀਆਂ ਹੀ ਪੰਥਕ ਧਿਰਾਂ ਨੂੰ ਇੱਕ ਮੰਚ ‘ਤੇ ਇਕੱਠਿਆਂ ਹੋ ਕੇ ਫਿਰ ਚੜ੍ਹਦੀ ਕਲਾ ਵਾਲਾ ਅਕਾਲੀ ਦਲ ਸੁਰਜੀਤ ਕਰਨਾ ਚਾਹੀਦਾ ਹੈ।
ਭਾਈ ਬਲਵੰਤ ਸਿੰਘ ਗੋਪਾਲਾ ਨੇ ਬੜੀ ਨਿਮਰਤਾ ਸਹਿਤ ਸਾਰੀਆਂ ਹੀ ਜੁਝਾਰੂ ਪੰਥਕ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਆਖਿਆ ਕਿ ਉਹ ਦਿਨ ਦੂਰ ਨਹੀਂ, ਜਦੋਂ ਕਿ ਪੰਜਾਬ ਵਿੱਚ 2027 ਵਾਲੀ ਸਰਕਾਰ ਸਮੁੱਚੇ ਇਸ ਖਾਲਸੇ ਪੰਥ ਦੀ ਹੋਵੇਗੀ ਤੇ ਜਿਸ ਦੇ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਦੀ ਮਹਿਕ ਆਵੇਗੀ ਅਤੇ ਰੰਗਲਾ ਪੰਜਾਬ ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆਵੇਗਾ, ਜਦੋਂ ਕਿ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਜਿਸ ਵਿੱਚ ਅੰਮ੍ਰਿਤਧਾਰੀ ਖਾਲਸਈ ਸੋਚ ਦੇ ਪਹਿਰੇਦਾਰਾਂ ਦਾ ਪਹੁੰਚਣਾ ਅਤਿਅੰਤ ਜਰੂਰੀ ਹੋ ਗਿਆ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।