ਅੰਮ੍ਰਿਤਸਰ, 3 ਦਸੰਬਰ (ਖਿੜਿਆ ਪੰਜਾਬ)ਅੱਜ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਸਹੁਰੇ ਪਰਿਵਾਰ ਦੇ ਘਰ, ਪਿੰਡ ਖੁੱਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਤੇ ਪੁਲਿਸ ਨੇ ਭਾਈ ਰਣਜੀਤ ਸਿੰਘ ਨੂੰ ਥਾਣੇ ਲਿਜਾਣ ਲਈ ਜ਼ੋਰ ਪਾਇਆ। ਭਾਈ ਰਣਜੀਤ ਸਿੰਘ ਕਿਸੇ ਕਾਰਜ ਲਈ ਅੰਮ੍ਰਿਤਸਰ ਤੋਂ ਆਪਣੇ ਸਹੁਰੇ ਪਰਿਵਾਰ ‘ਚ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਗਏ ਹੋਏ ਸਨ ਤੇ ਪੁਲਿਸ ਓਥੇ ਹੀ ਪਹੁੰਚ ਗਈ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਅੱਜ ਤੜਕਸਾਰ ਮੇਰੇ ਸਹੁਰੇ ਪਰਿਵਾਰ ਘਰ, ਅੰਮ੍ਰਿਤਸਰ ਦੇ ਥਾਣਾ ਬੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਤੇ ਪੁਲਿਸ ਵਾਲੇ ਮੈਨੂੰ ਕਹਿਣ ਲੱਗੇ ਕਿ ਤੁਹਾਨੂੰ ਸਾਡੇ ਨਾਲ ਜਾਣਾ ਪਵੇਗਾ। ਜਦੋਂ ਅਸੀਂ ਕਾਰਨ ਪੁੱਛਿਆ ਤਾਂ ਉਹਨਾਂ ਕੋਈ ਠੋਸ ਜਵਾਬ ਨਾ ਦਿੱਤਾ, ਇਹੀ ਕਹਿੰਦੇ ਰਹੇ ਕਿ ਸਾਨੂੰ ਉਪਰੋਂ ਹੁਕਮ ਹੈ, ਅਫਸਰਾਂ ਨੇ ਕਿਹਾ ਹੈ, ਤੁਸੀਂ ਸਾਡੇ ਨਾਲ ਥਾਣੇ ਚੱਲੋ। ਮੈਂ ਅਤੇ ਮੇਰੀ ਸਿੰਘਣੀ ਵਾਰ-ਵਾਰ ਉਹਨਾਂ ਨੂੰ ਕਾਰਨ ਪੁੱਛਦੇ ਰਹੇ ਜਿਸ ਨੂੰ ਲੈ ਕੇ ਸਾਡਾ ਪੁਲਿਸ ਵਾਲਿਆਂ ਨਾਲ ਤਕਰਾਰ, ਬੋਲ-ਬੁਲਾਰਾ ਹੋ ਗਿਆ। ਫਿਰ ਕਹਿਣ ਲੱਗੇ ਕਿ ਤੁਸੀਂ ਅੱਜ ਲੁਧਿਆਣੇ ਕਿਸੇ ਪ੍ਰੋਗਰਾਮ ਵਿੱਚ ਤਾਂ ਨਹੀਂ ਜਾਣਾ, ਫਿਰ ਕਹਿੰਦੇ ਤੁਸੀਂ ਅੰਮ੍ਰਿਤਸਰ ਸੁਖਬੀਰ ਬਾਦਲ ਦਾ ਵਿਰੋਧ ਤਾਂ ਨਹੀਂ ਕਰਨਾ, ਫਿਰ ਕਹਿੰਦੇ ਚਾਰ ਪੰਜ ਤਰੀਕ ਨੂੰ ਤੁਹਾਡਾ ਕੀ ਪ੍ਰੋਗਰਾਮ ਹੈ। ਮੈਂ ਕਿਹਾ ਸਾਡਾ ਜਿਹੜਾ ਮਰਜ਼ੀ ਪ੍ਰੋਗਰਾਮ ਹੋਵੇ, ਤੁਸੀਂ ਸਾਡੇ ਘਰ ਆਉਣ ਤੋਂ ਪਹਿਲਾਂ ਸਾਨੂੰ ਫੋਨ ਕਰੋ, ਤੁਸੀਂ ਤੜਕੇ ਕਿਸੇ ਦੇ ਘਰ ਆ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ। ਮੈਂ ਕਿਹਾ ਤੁਹਾਡੇ ਨਾਲ ਤਾਂ ਹੀ ਚੱਲਾਂਗਾ ਪਹਿਲਾਂ ਦੱਸੋ ਮੈਨੂੰ ਕਿਹੜੇ ਕਾਰਨ ਕਰਕੇ ਲੈਣ ਆਏ ਹੋ ? ਕੀ ਤੁਹਾਨੂੰ ਡਰ ਹੈ ਕਿ ਅਸੀਂ ਤਨਖਾਹੀਏ ਅਤੇ ਗ਼ਦਾਰ ਸੁਖਬੀਰ ਬਾਦਲ ਦਾ ਵਿਰੋਧ ਕਰਾਂਗੇ ? ਕੀ ਤੁਸੀਂ ਲੁਧਿਆਣੇ ਵਾਲੇ ਬੁੱਢੇ ਨਾਲੇ ਦੇ ਪ੍ਰੋਗਰਾਮ ਵਿੱਚ ਜਾਣ ਤੋਂ ਰੋਕਣ ਆਏ ਹੋ ? ਜਾਂ ਦਲ ਖਾਲਸਾ ਦੇ ਪ੍ਰੋਗਰਾਮ ਕਰਕੇ ਤੁਸੀਂ ਛਾਪੇਮਾਰੀ ਕੀਤੀ ਹੈ ? ਜਾਂ ਕੋਈ ਹੋਰ ਕਾਰਨ ਹੈ ? ਇਸ ਬਾਰੇ ਪਹਿਲਾਂ ਸਪੱਸ਼ਟ ਜਵਾਬ ਦੇਵੋ, ਕਿਉਂਕਿ ਪੁਲਿਸ ਪਹਿਲਾਂ ਹੀ ਸਿੱਖ ਜਵਾਨੀ ਦਾ ਘਾਣ ਬਹੁਤ ਕਰ ਚੁੱਕੀ ਹੈ ਪਰ ਹੁਣ ਉਹ ਸਮਾਂ ਨਹੀਂ ਰਿਹਾ, ਤੁਹਾਨੂੰ ਨਾਲ ਲਿਜਾਣ ਤੋਂ ਪਹਿਲਾਂ ਜਵਾਬ ਦੱਸਣਾ ਪਵੇਗਾ, ਕਾਰਨ ਦੱਸਣਾ ਪਵੇਗਾ। ਇਸ ਤੋਂ ਬਾਅਦ ਉਹਨਾਂ ਨੇ ਇੱਕ ਅਫ਼ਸਰ ਨਾਲ ਗੱਲ ਕੀਤੀ ਤੇ ਮੇਰੀ ਵੀ ਹੋਈ, ਜਿਸ ਤੋਂ ਬਾਅਦ ਪੁਲਿਸ ਵਾਪਸ ਮੁੜ ਗਈ। ਪਰ ਪੁਲਸੀਏ ਵਾਰ ਵਾਰ ਮੈਨੂੰ ਇਹੀ ਗੱਲ ਕਹਿੰਦੇ ਰਹੇ ਕਿ ਤੁਸੀਂ 3, 4 ਤੇ 5 ਤਰੀਕ ਨੂੰ ਕਿਸੇ ਵੀ ਪ੍ਰੋਗਰਾਮ ਵਿੱਚ ਨਾ ਜਾਇਓ। ਮੈਂ ਕਿਹਾ ਅਸੀਂ ਨਾ ਤੁਹਾਡੇ ਕਹੇ ਕਿਸੇ ਪ੍ਰੋਗਰਾਮ ‘ਤੇ ਜਾਣਾ ਹੈ ਅਤੇ ਨਾ ਹੀ ਤੁਹਾਡੇ ਕਹੇ ਕਦੇ ਰੁਕਣਾ ਹੈ। ਉਹਨਾਂ ਦੇ ਜਾਣ ਤੋਂ ਬਾਅਦ ਮੇਰੀ ਆਪਣੇ ਵੱਡੇ ਵੀਰ ਭਾਈ ਸਰਬਜੀਤ ਸਿੰਘ ਘੁਮਾਣ ਨਾਲ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਜੋ ਜਥੇਬੰਦੀਆਂ ਦਾ ਲੁਧਿਆਣੇ ਬੁੱਢੇ ਨਾਲ਼ੇ ਵਾਲਾ ਪ੍ਰੋਗਰਾਮ ਹੈ ਇਹ ਉਸੇ ਕਰਕੇ ਆਏ ਹਨ ਤੇ ਪੰਜਾਬ ਦੀ ਨੌਜਵਾਨੀ ਨੂੰ ਡਰਾਉਣ ਲਈ ਦਹਿਸ਼ਤ ਪਾਉਂਦੇ ਫਿਰਦੇ ਹਨ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਅਸੀਂ ਕਿਤੇ ਜਾਣਾ ਹੋਇਆ, ਫਿਰ ਤੁਸੀਂ ਸਾਨੂੰ ਰੋਕ ਵੀ ਨਹੀਂ ਸਕਦੇ, ਤੇ ਤੁਹਾਡੇ ਰੋਕਿਆਂ ਅਸੀਂ ਰੁਕਣ ਵਾਲੇ ਵੀ ਨਹੀਂ, ਜੋ ਕਰਨਾ ਹੈ ਫਿਰ ਤਾਂ ਕਰ ਹੀ ਲਵਾਂਗੇ। ਪੁਲਿਸ ਨੇ ਅੱਜ ਜਿਸ ਤਰੀਕੇ ਨਾਲ ਤੜਕਸਾਰ ਮੇਰੇ ਘਰੇ ਛਾਪੇਮਾਰੀ ਕੀਤੀ ਉਹ ਬਹੁਤ ਘਟੀਆ ਵਤੀਰਾ ਸੀ, ਅਜੇ ਤੱਕ ਪੁਲਿਸ ਨੇ ਮੈਨੂੰ ਕੋਈ ਸਪੱਸ਼ਟ ਤੇ ਠੋਸ ਜਵਾਬ ਨਹੀਂ ਦਿੱਤਾ ਕਿ ਉਹਨਾਂ ਨੇ ਸਾਡੇ ਘਰੇ ਛਾਪੇਮਾਰੀ ਕਿਉਂ ਕੀਤੀ। ਜ਼ਿਕਰਯੋਗ ਹੈ ਕਿ ਅੱਜ ਲੁਧਿਆਣਾ ‘ਚ ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਨੌਜਵਾਨ ਆਗੂ ਲੱਖਾ ਸਿਧਾਣਾ, ਮਿਸਲ ਸਤਲੁਜ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਕੁਝ ਹੋਰ ਜਥੇਬੰਦੀਆਂ ਨੇ ਬੰਨ੍ਹ ਮਾਰਨਾ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਕਈਆਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਹੈ ਤੇ ਉੱਥੇ ਪਹੁੰਚੇ ਅਨੇਕਾਂ ਨੌਜਵਾਨਾਂ ਨੂੰ ਗ੍ਰਿਫਤਾਰ ਅਤੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕੀਤਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਹ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।