ਜਰਮਨੀ 7 ਅਕਤੂਬਰ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਸਾਲਾਨਾ ਜਨਰਲ ਇਜਲਾਸ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ । ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਭਰ ਅਤੇ ਯੂਕੇ ਤੋਂ ਪਹੁੰਚੇ 100 ਤੋਂ ਜ਼ਿਆਦਾ ਡੈਲੀਗੇਟਾਂ ਨੇ ਸੈਸ਼ਨ ਵਿੱਚ ਭਾਗ ਲਿਆ ਅਤੇ ਪੰਥਕ ਮੁੱਦਿਆ ਤੇ ਵਿਚਾਰਾਂ ਕੀਤੀਆਂ ਅਤੇ ਭਵਿੱਖ ਦੇ ਪ੍ਰੋਗਰਾਮ ਉਲੀਕੇ । ਸਿੱਖ ਕੌਮ ਦੀ ਏਕਤਾ, ਸ਼ਕਤੀ ਅਤੇ ਸਾਂਝੇ ਉਦੇਸ਼ ਦਾ ਇੱਕ ਪ੍ਰਭਾਵਸ਼ਾਲੀ ਪ੍ਰਗਟਾਵਾ ਸੀ ।
4 ਅਕਤੂਬਰ ਨੂੰ ਸ਼ੁਰੂ ਹੋਏ ਸੈਸ਼ਨ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਅਤੇ ਆਬਜ਼ਰਵਰਾਂ ਨੇ ਪਿਛਲੇ ਸਾਲ ਵਿੱਚ ਕੀਤੇ ਕੰਮ ਦੀ ਪੜਚੋਲ ਕੀਤੀ ਅਤੇ ਅਗਲੇ ਸਾਲ ਵਿੱਚ ਕੀਤੇ ਜਾਣ ਬਾਰੇ ਕੰਮਾਂ ਬਾਰੇ ਵਿਚਾਰ ਕੀਤੀਆਂ । ਸਾਰੇ ਮੈਂਬਰਾਂ ਨੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਰੱਖੇ ਤੇ ਮਿਲ ਕੇ ਕੀਤੇ ਜਾ ਸਕਣ ਵਾਲੇ ਕੰਮਾਂ ਪ੍ਰਤੀ ਆਪਣੇ ਸੁਝਾਅ ਦਿੱਤੇ । 12 ਘੰਟੇ ਚੱਲੇ ਇਸ ਸੈਸ਼ਨ ਵਿੱਚ ਪਾਸ ਕੀਤੇ ਜਾਣ ਵਾਲੇ ਮਤਿਆ ਉੱਤੇ ਵਿਚਾਰ ਵਟਾਂਦਰਾ ਵੀ ਹੋਇਆ ।
5 ਅਕਤੂਬਰ ਨੂੰ ਖੁੱਲ੍ਹੇ ਸੈਸ਼ਨ ਵਿੱਚ ਜਰਮਨੀ ਅਤੇ ਯੂਰਪ ਭਰ ਤੋਂ ਪੰਥ ਦਰਦੀ ਸਿੱਖਾਂ ਨੇ ਵੀ ਸ਼ਮੂਲੀਅਤ ਕੀਤੀ । ਇਸ ਸੈਸ਼ਨ ਦੀ ਅਰੰਭਤਾ ਭਾਈ ਜਸਵਿੰਦਰ ਸਿੰਘ ਹਾਲੈਂਡ ਵੱਲੋਂ ਪੰਜ ਮੂਲ ਮੰਤਰ ਦੇ ਜਾਪ ਅਤੇ ਅਮਰੀਕਾ ਤੋਂ ਬੀਬੀ ਬਚਨ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਹੋਈ । ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਵਾਗਤੀ ਭਾਸ਼ਣ ਦਿੱਤਾ ਤੇ ਡਾ. ਅਮਰਜੀਤ ਸਿੰਘ ਨੇ ਸਪੀਕਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੀ ਹੋਂਦ ਦਾ ਮਕਸਦ ਅਤੇ ਪਾਰਲੀਮੈਂਟ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ । ਪੰਜਵੇਂ ਸੈਸ਼ਨ ਦੀ ਅਹਿਮੀਅਤ ਨੂੰ ਦੱਸਿਆ ਅਤੇ ਕੌਮੀ ਸਿੱਖਾਂ ਦੇ ਇਕੱਠ ਨੂੰ ਜ਼ਾਲਮ ਭਾਰਤੀ ਸਰਕਾਰ ਨੂੰ ਸੁਨੇਹਾ ਦੱਸਿਆ । ਮੌਜੂਦਾ ਸਿੱਖ ਸੰਘਰਸ਼ ਵਿੱਚ ਡੇਢ ਲੱਖ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਉਪਰਾਲਾ ਹੈ ਵਰਲਡ ਸਿੱਖ ਪਾਰਲੀਮੈਂਟ ਇਕ ਪਾਰਟੀ ਨਹੀਂ ਬਲਕਿ ਸਿੱਖ ਮਿਸਲਾਂ ਵਾਲਾ ਮਾਡਲ ਹੈ ਅਤੇ ਉਸੇ ਇਤਿਹਾਸ ਤੋਂ ਹੀ ਸੇਧ ਲਈ ਜਾ ਰਹੀ ਹੈ । ਕੋਈ ਇੱਕੱਲੀ ਜਥੇਬੰਦੀ ਪੰਥ ਦੇ ਕਾਰਜ ਨਹੀਂ ਕਰ ਸਕਦੀ ਬਲਕਿ ਸਾਂਝੀ ਅਗਵਾਈ ਹੀ ਮੌਜੂਦਾ ਚੁਣੌਤੀਆਂ ਦਾ ਹੱਲ ਹੈ ਅੱਜ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਭਾਰਤੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਉਦੋਂ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ।ਡਾ: ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਦਾ ਸਮਾਂ ਬਹੁਤ ਚੁਣੌਤੀਆਂ ਭਰਿਆ ਹੈ ਇਸ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੀ ਅਹਿਮ ਭੂਮਿਕਾ ਹੋਵੇਗੀ ।
ਇਸ ਉਪਰੰਤ ਭਾਈ ਮਨਪ੍ਰੀਤ ਸਿੰਘ ਅਤੇ ਭਾਈ ਹਿੰਮਤ ਸਿੰਘ ਨੇ ਪਿਛਲੇ ਸਾਲ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਕੀਤੇ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਯੂ ਐਨ ਓ ਵਿੱਚ ਸਿੱਖ ਮੁੱਦਿਆ ਨੂੰ ਉਠਾਉਣਾ, ਹਿਊਮਨ ਰਾਈਟਜ਼ ਕਮਿਸ਼ਨ ਵੱਲੋਂ ਭਾਰਤ ਸਰਕਾਰ ਦੇ ਕੀਤੇ ਰਿਵਿਊ ਵਿੱਚ ਹਿੱਸਾ ਪਾਉਣਾ, ਅਮਰੀਕਾ ਦੀ ਸਰਕਾਰ ਨਾਲ ਸਿੱਖਾਂ ਦੀ ਗੱਲਬਾਤ ਅਤੇ ਟਰਾਂਸ ਨੈਸ਼ਨਲ ਰਿਪਰੈਸ਼ਨ ਦੇ ਵਿਰੋਧ ਵਿੱਚ ਕੀਤੇ ਕੰਮਾਂ ਬਾਰੇ ਜਾਣਕਾਰੀ ਅਤੇ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਸ਼ਾਮਲ ਸੀ ।
ਵਰਲਡ ਸਿੱਖ ਪਾਰਲੀਮੈਂਟ ਦੀ ਧਾਰਮਿਕ ਕੌਂਸਲ ਵੱਲੋਂ ਭਾਈ ਜਸਵਿੰਦਰ ਸਿੰਘ ਹਾਲੈਂਡ ਵੱਲੋਂ ਭਵਿੱਖ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ । ਸਿੱਖਿਆ ਕੌਂਸਲ ਦੇ ਭਾਈ ਜਗਜੀਤ ਸਿੰਘ ਨੇ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਲਾਏ ਜਾਣ ਵਾਲੇ ਕੈਂਪਾਂ ਦੀ ਰੂਪਰੇਖਾ ਦਿੱਤੀ । ਹੋਮ ਅਤੇ ਅੰਦਰੂਨੀ ਮਾਮਲਿਆ ਬਾਰੇ ਕੌਂਸਲ ਦੇ ਭਾਈ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਨਵੇਂ ‘ਮਾਈ ਪਿੰਡ ਪਰਾਜੈਕਟ’ ਬਾਰੇ ਦੱਸਿਆ । ਪੰਜਾਬ ਦੇ ਪਿੰਡਾਂ ਵਿੱਚ ਵਾਤਾਵਰਣ, ਸਿਹਤ, ਅਤੇ ਸਮਾਜੀ ਵਿਸ਼ਿਆਂ ਉੱਤੇ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਦਿੱਤੀ । ਹਿਊਮਨ ਰਾਈਟਜ਼ ਕੌਂਸਲ ਦੇ ਪ੍ਰਭਜੋਤ ਸਿੰਘ ਨੇ ਕਕਾਰਾਂ ਦੀ ਬੇਅਦਬੀ, ਨਸਲੀ ਵਿਤਕਰੇ, ਧਾਰਮਿਕ ਅਜ਼ਾਦੀ ਅਤੇ ਹੋਰ ਵਿਸ਼ਿਆਂ ਉੱਤੇ ਕਾਨੂੰਨੀ ਕਾਰਵਾਈ ਤੋਂ ਲੈ ਕੇ ਜਾਗਰੂਕਤਾ ਫੈਲਾਉਣ ਤੱਕ ਕੌਂਸਲ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ । ਵਿੱਤੀ ਕੌਂਸਲ ਵੱਲੋਂ ਭਾਈ ਹਰਦਮ ਸਿੰਘ ਅਜ਼ਾਦ ਨੇ ਵਿੱਤੀ ਮਾਮਲਿਆ ਬਾਰੇ ਚੁਣੌਤੀਆਂ ਅਤੇ ਭਵਿੱਖ ਦੀਆਂ ਨੀਤੀਆਂ ਬਾਰੇ ਦੱਸਿਆ । ਸੈਲਫ ਡਿਟਰਮੀਨੇਸ਼ਨ ਕੌਂਸਲ ਬਾਰੇ ਯੂ ਐਨ ਓ ਨਾਲ ਸਬੰਧਤ ਕੌਂਸਲ ਬਾਰੇ ਭਾਈ ਮਨਪ੍ਰੀਤ ਸਿੰਘ ਵੱਲੋਂ ਜਾਣਕਾਰੀ ਦਿਤੀ ਗਈ ਜਿਸ ਵਿੱਚ ਜਨੇਵਾ ਵਿੱਚ ਭਾਰਤ ਸਰਕਾਰ ਦੇ ਹੋਏ ਰਿਵੀਓ ਬਾਰੇ ਜਾਣਕਾਰੀ ਦਿੱਤੀ । ਟਰਾਂਸ ਨੈਸ਼ਨਲ ਰਿਪਰੈਸ਼ਨ ਬਾਰੇ ਅਮਰੀਕਾ ਵਿੱਚ ਪੇਸ਼ ਹੋਏ ਮਤੇ ਵਿੱਚ ਪਹਿਲੀ ਵਾਰ ਖਾਲਿਸਤਾਨ ਸ਼ਬਦ ਨੂੰ ਜੋੜਿਆ ਗਿਆ । ਵੱਖ ਵੱਖ ਦੇਸ਼ਾਂ ਦੇ ਨੁੰਮਾਇੰਦਿਆਂ ਅਤੇ ਯੂ ਐਸ ਏ ਸੈਨਟਰਾਂ ਨਾਲ ਹੋਏ ਮੇਲਜੋਲ ਬਾਰੇ ਜਾਣਕਾਰੀ ਦਿੱਤੀ ਗਈ । ਕੈਨੇਡਾ ਤੋਂ ਭਾਈ ਸਿਮਰਨਜੋਤ ਸਿੰਘ ਨੇ ਕਨੇਡਾ ਵਿੱਚ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ । ਵੈਲਫੇਅਰ ਕੌਂਸਲ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਕੀਤੇ ਲੋਕ ਭਲਾਈ ਦੇ ਕੰਮਾਂ ਬਾਰੇ ਭਾਈ ਸੰਤੋਖ ਸਿੰਘ ਵੱਲੋਂ ਦੱਸਿਆ ਗਿਆ । ਮੀਡੀਆ ਵਿੱਚ ਸਿੱਖਾਂ ਦੀ ਗੱਲ ਨੂੰ ਪ੍ਰਭਾਵਸ਼ਾਲੀ ਗੱਲ ਨਾਲ ਰੱਖਣ ਲਈ ਭਵਿੱਖ ਵਿੱਚ ਕੀਤੇ ਜਾਣ ਵਾਲੇ ਯਤਨਾਂ ਬਾਰੇ ਭਾਈ ਗੁਰਵਿੰਦਰ ਸਿੰਘ ਆਸਟਰੇਲੀਆ ਅਤੇ ਹਰਜਾਪ ਸਿੰਘ ਜਾਫੀ ਨੇ ਜਾਣਕਾਰੀ ਦਿੱਤੀ । ‘ਜਗਤ ਕਸਾਈ’ ਬ੍ਰਾਹਮਣਾਂ ਅਤੇ ਜਾਤ ਪਾਤ ਬਾਰੇ ਬਹੁਤ ਹੀ ਵਡਮੁੱਲੀ ਜਾਣਕਾਰੀ ਭਾਈ ਸ਼ਾਮ ਸਿੰਘ ਆਸਟ੍ਰੇਲੀਆ ਵਾਲਿਆ ਨੇ ਦਿੱਤੀ । ਡਾ: ਇਕਤਦਾਰ ਚੀਮਾ ਨੇ ਅੰਤਰਾਸ਼ਟਰੀ ਹਾਲਾਤਾਂ ਦੇ ਸਨਮੁੱਖ ਸਿੱਖਾਂ ਨੂੰ ਕਰਨ ਵਾਲੇ ਕੰਮਾਂ ਬਾਰੇ ਵਿਚਾਰਾਂ ਦਿੱਤੀਆਂ । ਸੈਸ਼ਨ ਦੇ ਦੂਸਰੇ ਹਿੱਸੇ ਵਿੱਚ ਯੂਰਪ ਦੇ ਨੌਜਵਾਨਾਂ ਨੂੰ ਸਥਾਨਕ ਸਿਆਸਤ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੇ ਨਿਸ਼ਾਨੇ ਨਾਲ ਸਿੱਖ ਯੂਥ ਰਣਨੀਤੀ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਯੂਰਪ ਭਰ ਦੇ ਨੌਜਵਾਨਾਂ ਨੇ ਹਿੱਸਾ ਲਿਆ ਤੇ ਪੰਥਕ ਆਗੂਆਂ ਦੇ ਵਿਚਾਰ ਸੁਣੇ । ਇਸ ਮੌਕੇ ਜਰਮਨ ਤੋਂ ਗਰੀਨ ਪਾਰਟੀ ਦੀ ਬੀਬੀ ਮਹਿਵਿਸ਼ ਇਫਤਿਖਾਰ ਅਤੇ ਡਾ: ਇਰਾਨਬੋਮੀ ਨੇ ਸੰਬੋਧਨ ਕੀਤਾ ਤੇ ਨੌਜਵਾਨਾਂ ਨੂੰ ਜਰਮਨ ਸਿਆਸਤ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਬਾਰੇ ਕਿਹਾ । ਇਸ ਤੋਂ ਬਾਅਦ ਇੱਕ ਲੰਮਾਂ ਸਵਾਲ ਜਵਾਬ ਸੈਸ਼ਨ ਚੱਲਿਆ ਜਿਸ ਵਿੱਚ ਡਾ: ਅਮਰਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਪ੍ਰਭ ਸਿੰਘ, ਡਾ: ਤੇਜਪਾਲ ਸਿੰਘ ਅਤੇ ਜਗਜੀਤ ਸਿੰਘ ਨੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।