ਖਾਲੜਾ 2 ਅਕਤੂਬਰ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਦਰਬਾਰ ਸਾਹਿਬ ਤਰਨ ਤਾਰਨ ਖਡੂਰ , ਗੋਇੰਦਵਾਲ ਅਤੇ ਪਿੰਡ ਚੋਹਲਾ ਪਿੰਡਾਂ ਦੇ ਧਾਰਮਿਕ ਅਸਥਾਨਾਂ ਨੂੰ ਅੰਗਰੇਜ਼ਾਂ ਦੇ ਪਿੱਠੂਆਂ ਕੋਲੋਂ ਆਜ਼ਾਦ ਕਰਵਾਉਣ ਵਾਲੇ ਜਥੇਦਾਰ ਤੇਜਾ ਸਿੰਘ ਭੁੱਚਰ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ਉਹਨਾਂ ਦੇ ਜੱਦੀ ਪਿੰਡ ਨਿੱਕੇ ਭੁੱਚਰ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਸੰਯੋਗ ਨਾਲ ਬੱਚਿਆਂ ਦੇ ਦਸਤਾਰ ਦੁਮਾਲਾ ਗੁਰਬਾਣੀ ਕੰਠ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਅਤੇ ਨਗਰ ਨਿਵਾਸੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਹਰੇਕ ਮੁਕਾਬਲੇ ਦੇ ਬੱਚੇ ਨੂੰ ਸ਼ੀਲਡਾਂ ਅਤੇ ਬਾਕੀ ਸਭਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸੁਸਾਇਟੀ ਵੱਲੋਂ ਉਚੇਚੇ ਤੌਰ ਤੇ ਪਹੁੰਚੇ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਜੋਨਲ ਇੰਚਾਰਜ ਭਿੱਖੀਵਿੰਡ ਭਾਈ ਗੁਰਜੰਟ ਸਿੰਘ ਅਤੇ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਖਾਲੜਾ ਤੇ ਭਾਈ ਦਿਲਬਾਗ ਸਿੰਘ ਡੱਲ ਨੇ ਜਿੱਥੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਆਪਣੀ ਭੂਮਿਕਾ ਨਿਭਾਈ ਉਥੇ ਨਾਲ ਹੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਭਾਈ ਗੁਰਦਾਸ ਜੀ ਤੋਂ ਬਾਅਦ ਅਕਾਲੀ ਫੂਲਾ ਸਿੰਘ ਅਤੇ ਸਮੇਂ ਸਮੇਂ ਮੁਤਾਬਕ ਹੋਰ ਮਹਾਨ ਗੁਰਸਿੱਖਾਂ ਵੱਲੋਂ ਖਾਲਸਾ ਪੰਥ ਦੀ ਰਹਿਨੁਮਾਈ ਕੀਤੀ ਜਾਂਦੀ ਰਹੀ ਹੈ। ਜਦੋਂ ਮਹੰਤ ਪੂਰੀ ਤਰ੍ਹਾਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੇ ਮਨ ਮਾਨੀਆਂ ਕਰਨ ਲੱਗ ਪਏ ਸਨ, ਹਰ ਪ੍ਰਕਾਰ ਦੀ ਮਰਿਆਦਾ ਨੂੰ ਸਿਧਾਂਤਾਂ ਨੂੰ ਛਿੱਕੇ ਟੰਗਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਸਨ, ਤਦੋਂ ਜਥੇਦਾਰ ਭੁੱਚਰ ਅਤੇ ਹੋਰ ਜਾਗਰੂਕ ਸਿੱਖਾਂ ਦੇ ਵੱਲੋਂ ਆਪਣੇ ਧਾਰਮਿਕ ਸਥਾਨਾਂ ਨੂੰ ਇਹਨਾਂ ਮਹੰਤਾਂ ਦੇ ਕੋਲੋਂ ਆਜ਼ਾਦ ਕਰਵਾਉਣ ਦਾ ਵਚਨ ਕੀਤਾ ਗਿਆ ਜਿਸ ਨੂੰ ਜਮੀਨੀ ਪੱਧਰ ਤੇ ਲਾਗੂ ਕਰਨ ਲਈ ਉਹਨਾਂ ਨੇ ਵੱਡੇ ਪੱਧਰ ਤੇ ਯਤਨ ਕੀਤੇ ਜਿਸ ਦੇ ਨਤੀਜੇ ਵਜੋਂ ਜਿੱਥੇ ਧਾਰਮਿਕ ਸਥਾਨ ਇਹਨਾਂ ਮਹੰਤਾਂ ਦੇ ਹੱਥੋਂ ਆਜ਼ਾਦ ਹੋਏ ਉੱਥੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਗੜਗੱਜ ਅਕਾਲੀ ਦੀਵਾਨ ਵਰਗੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ। ਇਸ ਦੇ ਨਾਲ ਹੀ ਅਕਾਲੀ ਅਖਬਾਰ ਸ਼ੁਰੂ ਕਰਕੇ ਕੌਮ ਦੀ ਆਵਾਜ਼ ਨੂੰ ਵਿਸ਼ਵ ਪੱਧਰ ਤੇ ਉਜਾਗਰ ਕਰਨ ਦਾ ਯਤਨ ਕੀਤਾ। ਆਪ ਜੀ ਪਹਿਲੇ ਜਥੇਦਾਰ ਸਨ ਜਿਨਾਂ ਨੇ ਆਪਣੀ ਜ਼ਿੰਦਗੀ ਦੇ 15 ਸਾਲ ਜੇਲਾਂ ਵਿੱਚ ਗੁਜ਼ਾਰੀ ਅਤੇ ਆਪਣੀ ਜਮੀਨ ਜਾਇਦਾਦ ਦਾ ਬਹੁਤ ਵੱਡਾ ਹਿੱਸਾ ਕੁਰਕਰੀਆਂ ਅਤੇ ਜਮਾਨਤਾਂ ਦੇ ਰੂਪ ਵਿੱਚ ਖਚਤ ਕੀਤਾ। ਇਸ ਮੌਕੇ ਉਹਨਾਂ ਦੇ ਪੋਤਰੇ ਸੁਰਜੀਤ ਸਿੰਘ ਵੱਲੋਂ ਸੋਸਾਇਟੀ ਵੱਲੋਂ ਕਰਵਾਏ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਇਸ ਨੂੰ ਨਿਰੰਤਰ ਜਾਰੀ ਰੱਖਣ ਦੀ ਪ੍ਰੇਰਨਾ ਵੀ ਕੀਤੀ। ਸੁਸਾਇਟੀ ਵੱਲੋਂ ਸੰਯੋਗ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਗੁਰੂ ਦੀ ਬਖਸ਼ਿਸ਼ ਸਿਰਪਾਓ ਅਤੇ ਡਾਕਟਰ ਆਸਾ ਸਿੰਘ ਘੁੰਮਣ ਜੀ ਦੀ ਲਿਖਤ ਦਰੀਚਾ ਇ ਦਸਤਾਰ ਦੇ ਕੇ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਵੱਲੋਂ ਹਰੇਕ ਪੱਖ ਤੋਂ ਸੁਸਾਇਟੀ ਦਾ ਸਾਥ ਦੇਣ ਵਾਲੀਆਂ ਮਾਣਮੱਤੀ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਅਖੀਰ ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ, ਹਰਜੀਤ ਸਿੰਘ ਲਹਿਰੀ, ਖਜਾਨਚੀ ਮਨਦੀਪ ਸਿੰਘ ਘੋਲੀਆਂ ਕਲਾਂ ,ਆਕਾਸ਼ਦੀਪ ਸਿੰਘ , ਜਗਦੀਸ਼ ਸਿੰਘ ਸੁਰਜੀਤ ਸਿੰਘ ਭਿੱਖੀਵਿੰਡ, ਨਿਸ਼ਾਨ ਸਿੰਘ ਭੁੱਚਰ ਅਤੇ ਸਾਜਨ ਪ੍ਰੀਤ ਸਿੰਘ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।