ਜੂਨ 84 ਵਿੱਚ ਰੂਹਾਨੀਅਤ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋ ਰੋਜ਼ਾਨਾ ਮਨੁੱਖਤਾ ਨੂੰ ਸਰਬ ਸਾਝੀਵਾਲਤਾ ਦਾ ੳਪਦੇਸ਼ ਜਾਰੀ ਹੁੰਦਾ ਹੈ । ਉਸ ਉੱਪਰ ਦਿੱਲੀ ਤੋਂ ਪਾਪ ਦੀ ਜੰਝ ਚਾੜ੍ਹ ਕੇ ਭਾਰਤ ਦੀ ਹਕੂਮਤ ਨੇ ਸਿੱਖ ਮਾਨਸਿਕਤਾ ਨੂੰ ਧੁਰ ਅੰਦਰ ਤੱਕ ਵਲੂੰਧਰ ਕੇ ਹਿਰਦਿਆਂ ਤੇ ਨਾ ਮਿਟਣ ਵਾਲੇ ਜ਼ਖਮ ਉਕਰ ਦਿੱਤੇ । ਪੂਰੀ ਦੁਨੀਆਂ ਵਿਚ ਨਾਨਕ ਲੇਵਾ ਸਿੱਖ ਜਿਥੇ ਵੀ ਬੈਠਾ ਸੀ,ਉਹ ਖੂਨ ਦੇ ਅੱਥਰੂ ਹੀ ਨਹੀਂ ਸੀ ਕੇਰ ਰਿਹਾ ਸਗੋਂ ਰੋਹ ਤੇ ਬਦਲੇ ਦੀ ਅੱਗ ਵਿਚ ਬੈਠਾ ਸੜ ਵੀ ਰਿਹਾ ਸੀ । ਸਿੱਖ ਕੌਮ ਦੀਆਂ ਹੱਕੀ ਧਾਰਮਿਕ ਮੰਗਾਂ ਤੇ ਪੰਜਾਬ ਲਈ ਵੱਧ ਅਧਿਕਾਰਾਂ ਵਾਸਤੇ ਸ਼ਾਤਮਈ ਸ਼ੁਰੂ ਹੋਏ ਧਰਮ ਯੁੱਧ ਮੋਰਚੇ ਨੇ ਇਸ ਸਾਕੇ ਤੋਂ ਬਾਅਦ ਇੱਕ ਨਵਾਂ ਮੋੜ ਕੱਟਿਆ ।ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਚਨਾਂ ਤੇ ਖਾਲਸੇ ਦੀਆਂ ਰਵਾਇਤਾਂ ਅਨੁਸਾਰ ਜੇਕਰ ਦਲੀਲ ਅਪੀਲ ਰਾਹੀ ਨਿਆਂ ਦੇ ਰਸਤੇ ਬੰਦ ਹੋ ਜਾਣ ਤਾਂ ਫਿਰ ਹਥਿਆਰ ਚੱਕਣਾ ਜਾਇਜ਼ ਹੈ ਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਹਿੰਦੋਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਫੌਜਾਂ ਦੀ ਕਮਾਂਡ ਕਰਨ ਵਾਲੇ ਜਨਰਲ ਵੈਦਿਆ ਨੂੰ ਉਸਦੇ ਕੀਤੇ ਗੁਨਾਹਾ ਦੀ ਸਜ਼ਾ ਦੇ ਕੇ ਪੂਰੀ ਦੁਨੀਆਂ ਵਿੱਚ ਦਰਸਾ ਦਿੱਤਾ ਕਿ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀ ਕਰਦੀ ਤੇ ਸਿੱਖ ਕੌਮ ਦੀ ਅਜ਼ਾਦੀ ਦੀ ਲੜਾਈ ਲੜ ਰਹੇ ਇਹਨਾਂ ਧਰਮੀ ਯੋਧਿਆਂ ਨੇ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਸੀਮਤ ਸਾਧਨਾ ਰਾਹੀ ਦੁਨੀਆਂ ਦੀ ਪੰਜਵੀ ਤਾਕਤ ਜਾਣੇ ਜਾਦੇ ਹਿੰਦੋਸਤਾਨ ਦੀਆਂ ਫੌੋਜਾਂ ਨਾਲ ਲੋਹਾ ਲੈ ਕੇ ਆਪਣੀ ਬਹਾਦਰੀ ਦਾ ਲੋਹਾ ਮੰਨਵਾਇਆ ।ਬ੍ਰਹਮਣਵਾਦੀ ਸੋਚ ਦੀ ਧਾਰਨੀ ਦਿੱਲੀ ਦੀ ਹਕੂਮਤ ਨੇ ਖਾਲਸੇ ਦੇ ਇਤਿਹਾਸ ਨੂੰ ਪੜ੍ਹਿਆਂ ਤੇ ਵਾਚਿਆ ਕਿ ਸਿੱਖਾਂ ਨੂੰ ਤੱਤੀ ਤਵੀ,ਉਬਲਦੀਆਂ ਦੇਗਾਂ, ਰੰਬੀਆਂ,ਚਰਖੜੀਆਂ ਜ਼ੇਲ੍ਹਾਂ , ਕਾਲ ਕੋਠੜੀਆਂ ਝੂਠੇ ਪੁਲਿਸ ਮਕਾਬਲੇ ਕੀ ਦੁਨੀਆਂ ਦਾ ਕੋਈ ਵੀ ਜ਼ੁਲਮ ਝੁਕਾ ਨਹੀ ਸਕਦਾ ਤਾਂ ਦਿੱਲੀ ਦੀ ਹਕੂਮਤ ( ਉਹ ਕਾਗਰਸ ਦੀ ਹੋਵੇ ਜਾਂ ਫਿਰ ਭਾਜਪੀਆਂ ਦੀ ਹੋਵੇ ਸਿੱਖਾਂ ਪ੍ਰਤੀ ਦੋਨਾ ਦੀ ਸੋਚ ਇੱਕੋ ਜਿਹੀ ਹੈ ) ਨੇ ਆਪਣੀ ਚਣਕੀਆਂ ਨੀਤੀ ਸਾਮ,ਦਾਮ,ਭੇਦ,ਦੰਡ ਦੁਆਰਾ ਸਿੱਖਾਂ ਦਾ ਨਿਰਾਲਾਪਣ , ਸਿੱਖਾਂ ਦੀ ਅਜ਼ਾਦੀ ਦੇ ਸੰਘਰਸ਼ ਤੇ ਸਿੱਖੀ ਸਪਿਰਟ ਦਾ ਭੋਗ ਪਾਉਣ ਲਈ ਸਿੱਖੀ ਭੇਸ ਵਿੱਚ ਵਿਕਾਊ ਜ਼ਮੀਰਾਂ, ਤੇ ਕੁਰਸੀ ਦੇ ਲਾਲਚੀ ਲੀਡਰਾਂ ਨੂੰ ਖਰੀਦ ਕੇ ,ਸਿੱਖ ਕੌਮ ਨੂੰ ਵੱਖ ਵੱਖ ਸੰਪਰਦਾਵਾਂ ,ਅਖੌਤੀ ਸਾਧਾਂ ਦੇ ਡੇਰਿਆ,ਧੜਿਆਂ ਵਿੱਚ ਵੰਡ ਕੇ (ਗੁਰੂ ਤੇਗ ਬਹਾਦਰ ਜੀ ਸਮੇ ਤਾਂ ਬਾਈ ਮੰਜੀਆਂ ਸਨ) ਅੱਜ ਤਾਂ ਇਹਨਾਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੋ ਗਈ ਹੈ ਤੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਸ਼ਹੀਦਾਂ ਦੇ ਵਾਰਿਸ ਅਖਵਾਉਣ ਵਾਲੇ ਪਰਿਵਾਰ ਤੇ ਸੰਸਥਾਵਾਂ ਬਾਦਲ ਸੇਵਕ ਫੈਡਰੇਸ਼ਨਾਂ ਜਿਨ੍ਹਾਂ ਨੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸੰਘਰਸ਼ ਦੀ ਅਗਵਾਈ ਕਰਨ ਦੀ ਬਜਾਏ ਅੱਜ ਹਾਕਮਧਿਰਾਂ ਦੀ ਵਫਾਦਾਰੀ ਤੇ ਉਨਾਂ ਅੱਗੇ ਬਿੱਲੀ ਵਾਲੀ ਮਿਆਉਂ ਮਿਆਉ ਕਰਨ ਤੇ ਸਿੱਖਾਂ ਦੀ ਸ਼ੇਰ ਗਰੱਜਣਾਂ ਤੋਂ ਥਰ ਥਰ ਕੰਬਣ ਵਾਲੀ ਦਿੱਲੀ ਇਹੋ ਅਜਿਹੇ ਲੀਡਰਾਂ ਦੀ ਮਿਆਉ ,ਮਿਆਉ ਦੇ ਸੰਗੀਤ ਤੋਂ ਮੁਸਕੜੀਏ ਹੱਸ ਰਿਹੀ ਹੈ । ਭਾਰਤੀ ਹਾਕਮਾਂ ਦੇ ਵਹਿਸ਼ੀ ਜਬਰ ਦੀ ਮਾਰ ਝੱਲ ਕੇ ਜੇ ਹੁਣ ਵੀ ਆਪਣੀ ਜ਼ਮੀਰ ਮਾਰ ਕੇ ਬ੍ਰਹਮਣਵਾਦ ਦੇ ਗੁਲਾਮੀ ਦੇ ਜੂਲੇ ਹੇਠ ਮਾਰ ਖਾਣੀ ਸੀ, ਤਾਂ ਲੱਖਾਂ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ ਨੂੰ ਕਿਹੜੇ ਖਾਤੇ ਵਿਚ ਪਾਵਾਗੇ ? ਕੁਰਬਾਨੀ ਦੇ ਕੋਸ਼ ਵਿਚ ਖੱਟੀ ਨਾਂ ਦਾ ਕੋਈ ਸ਼ਬਦ ਨਹੀਂ । ਕੁਰਬਾਨੀ ਦੇ ਜਜ਼ਬਾਤ ਤਾਂ ਹਮੇਸ਼ਾਂ ਸੱਚੇ ਸੁੱਚੇ ਹੁੰਦੇ ਹਨ ।ਸ਼ਹੀਦਾਂ ਦੇ ਪਵਿੱਤਰ ਲੂਹ ਨਾਲ ਲਿਖੇ ਇਤਿਹਾਸ ਦੇ ਵਾਰਸੋ ਬੇਗਰਜ਼ ਦੀ ਭਾਵਨਾ ਤੇ ਗਰਜ਼ਾਂ ਦੀ ਜੂਠ ਵਾਲੇ ਛਿੱਟੇ ਨਾ ਮਾਰੋ । ਹਕੂਮਤ ਦੀ ਬੁਰਕੀ ਵੱਲ ਕਾਂ ਅੱਖ ਨਾਲ ਵੇਖਣਾ ਛੱਡੋ ।ਇਹ ਅਖੌਤੀ ਭਾਜਪਈ ਕਾਲ਼ੀ ਆਪ ਕਾਂਗਰਸ ਹਮੇਸ਼ਾ ਹੀ ਸਿੱਖ ਨੌਜਵਾਨਾਂ ਨਾਲ ਵਿਸ਼ਵਾਸ਼ਘਾਤ ਕਰਦੇ ਆਏ ਹਨ ।ਇਨਾਂ ਦੇ ਕੌਮ ਨਾਲ ਕਮਾਏ ਹੋਏ ਧਰੋਹ ਕਾਰਣ ਸਿੱਖ ਯੋਧਿਆਂ ਦੀ ਜਿੱਤੀ ਹੋਈਬਾਜ਼ੀ ਨੂੰ ਹਾਰ ਵਿੱਚ ਬਦਲਿਆ ਹੀ ਨਹੀ , ਸਗੋ ਬਹੁਗਿਣਤੀ ਸਿੱਖ ਕੌਮ ਦਾ ਨਿਰਾਲਾਪਣ ਖਤਮ ਕਰਕੇ ਭਗਵਾਂਕਰਨ ਕਰ ਦਿੱਤਾ ਹੈ।ਜਿੱਥੇ ਬਾਦਲ ਪਰਿਵਾਰ ਦਿੱਲ਼ੀ ਵਿੱਚਲੇ ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਨੂੰ ਸਜ਼ਾਵਾਂ ਦਾ ਰੌਲਾ ਪਾਉਦਾ ਹੈ ਤੇ ਪੰਜਾਬ ਵਿਚਲੇ ਸਿੱਖ ਨੌਜਵਾਨਾਂ ਦੇ ਕਾਤਲ ਸਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ, ਇਜ਼ਾਹਰ ਆਲਮ ਦੀ ਘਰਵਾਲੀ ਨੂੰ ਵਿਧਾਨ ਸਭਾ ਦੀ ਮੈਬਰੀ ,ਦਰਾਬਰ ਸਾਹਿਬ ਤੇ ਹਮਲੇ ਸਮੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ ਰਮੇਸ਼ਇੰਦਰ ਸਿੰਘ ਨੂੰ ਸਲਾਹਕਾਰ ,ਆਸ਼ੂਤੋਸ਼,ਸਿਰਸੇ ਵਾਲੇ ਸਾਧ ਦੀਆ ਵੋਟਾਂ ਖਾਤਰ ਤਰਫਦਾਰੀ ਕਰਨ ਵਾਲੇ ਅਖੌਤੀ ਲੀਡਰਾਂ ਤੋਂ ਵੀ ਸੁਚੇਤ ਹੋਕੇ ਇਹਨਾਂ ਦਾ ਖਹਿੜਾਂ ਛੱਡੋ।ਵੀਹਵੀ ਸਦੀ ਦੇ ਮਹਾਨ ਸ਼ਹੀਦ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਸਾਥ ਮਾਨਣ ਵਾਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਲਈ ਮਰ ਮਿਟਣ ਦੀਆ ਕਸਮਾਂ ਖਾਣ ਵਾਲੇ ਅਖੌਤੀ ਫੈਡਰੇਸ਼ਨੀਏ ਜਿਨ੍ਹਾਂ ਨੇ ਆਪਣੀ ਜ਼ਮੀਰ ਛੋਟੀਆਂ ਛੋਟੀਆਂ ਚੌਧਰਾਂ ਲਈ ਬਾਦਲ ਦੇ ਚਰਨਾਂ ਵਿੱਚ ਵੇਚ ਦਿੱਤੀ ਹੈ ਤੇ ਇਸੇ ਤਰ੍ਹਾਂ, ਵਿਦੇਸ਼ ਵਿੱਚ ਸਿੱਖ ਸੰਘਰਸ਼ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਚਨਵੱਧਤਾਂ ਦੀਆਂ ਗੱਲਾਂ ਕਰਨ ਵਾਲਿਆਂ ਤੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਸੰਘਰਸ਼ ਦਾ ਵਾਸਤਾ ਪਾਕੇ ਆਪ ਤੇ ਆਪਣੇ ਪਰਿਵਾਰਾਂ ਨੂੰ ਸੈਟ ਕਰਕੇ ਹੁਣ ਇਹਨਾਂ ਵਿੱਚੋ ਵੀ ਬੁਹਤਿਆਂ ਨੂੰ ਭਾਰਤ ਦਾ ਹੇਜ਼ ਆਉਣ ਲੱਗ ਪਿਆ ਹੈ । ਜਿੱਥੇ ਉਹ ਆਪ ਕੰਮਜ਼ੋਰੀ ਦਾ ਸ਼ਿਕਾਰ ਹੋ ਗਏ ਹਨ। ਉਥੇ ਉਹ ਆਪਣੇ ਨਾਲ ਸਹਿਚਾਰ ਰੱਖਣ ਵਾਲਿਆ ਨੂੰ ਵੀ ਇਸ ਦਾ ਪਾਠ ਪੜ੍ਹਾ ਰਹੇ ਹਨ ਤੇ ਸ਼ਹੀਦਾਂ ਦੇ ਸੁਪਨੇ ਖਾਲਿਸਤਾਨ ਦਾ ਨਾਮ ਲੈਣ ਤੋਂ ਵੀ ਕੰਨੀ ਕਤਰਾਉਣ ਲੱਗ ਪਏ ਹਨ ।ਜਿਹੜੇ ਕਿ ਹਿੰਦੋਸਤਾਨ ਦੀ ਅੰਮਬੈਸੀ ਦੇ ਸਾਹਮਣੇ ਹਰ ਮੁਜ਼ਾਹਾਰੇ ਵਿੱਚ ਅੱਗੇ ਹੁੰਦੇ ਸਨ ਹੁਣ ਉਹਨਾਂ ਲਈ ਇਹ ਮੁਜ਼ਾਹਾਰੇ ਫਜ਼ੂਲ ਹੀ ਨਹੀ ਲੱਗਣ ਲੱਗ ਪਏ ਸਗੋ ਜੋ ਮੁਜ਼ਾਹਾਰਾਂ ਕਰਦੇ ਹਨ ਉਹ ਉਹਨਾਂ ਨੂੰ ਮੂਰਖ ਸਮਝਦੇ ਹਨ । ਇਹੋ ਅਜਿਹੇ ਸਵਾਰਥੀ ਲੋਕਾਂ ਕਰਕੇ ਭਾਰਤ ਦੇ ਸਿਆਸੀ ਹਾਕਮ ਵੀ ਉਹੋ ਕੁਝ ਚਾਹੁੰਦੇ ਹਨ ਕਿ ਇਹ ਇਕ ਵਾਰ ਬ੍ਰਹਮਵਾਦ ਦੇ ਜੂਲੇ ਹੇਠ ਆ ਕੇ ਜੁੜ ਜਾਣ ।ਫਿਰ ਉਨਾਂ ਨੂੰ ਆਮ ਮੁਆਫੀ ਕੋਈ ਮਹਿੰਗੀ ਨਹੀ ਪਵੇਗੀ ਤੇ ਕਈਆਂ ਨੇ ਇਹ ਆਮ ਮੁਆਫੀ ਲੈ ਵੀ ਲਈ ਹੈ ।ਕਿਉ ਕਿ ਇਹ ਪਾਇਆ ਚੋਗਾ ਸਿੱਖ ਸੰਘਰਸ਼ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਲਈ ਮਹਿੰਗਾ ਨਹੀ । ਅੱਜ ਤਾਂ ਕਿਸੇ ਦੇ ਉਹ ਕਹੇ ਬੋਲ ਕਿ ਜਾ ਕੇ ਤੱਕ ਪਰਦੇਸੀਆ, ਉਹਨਾਂ ਵਣਾਂ ਦੇ ਪਾਰ ।ਦੇਖ ਕਿਨਾ ਦੇ ਝੁਕੇ ਨਹੀਂ, ਸੀਸ ਪਰਾਏ ਵਾਰ ॥ਵਿਰਲੇ ਰਹਿਗੇ ਜਿਨ੍ਹਾਂ ਨੇ ਹਿੰਦੋਸਤਾਨ ਦੇ ਵਾਰ ਤੇ ਜਾਕੇ ਸੀਸ ਨਹੀ ਝੁਕਾਏ ਸੀਸ ਨਾ ਝੁਕਾਉਣ ਵਾਲੇ ਅਨੰਦਪਰੀ ਸੋਚ ਦੇ ਵਾਰਸ ਜੋ ਕਿ ਵੱਖ ਵੱਖ ਜੱਥੇਬੰਦੀ ਦੇ ਨਿਸ਼ਾਨ ਹੇਠ ਸਿੱਖ ਕੌਮ ਦੀ ਅਜ਼ਾਦੀ ਦਾ ਸੰਘਰਸ਼ ਤਨੋ, ਮਨੋ, ਧਨੋ ਲੱਖ ਮੁਸੀਬਤਾਂ ਝੱਲਕੇ ਅਡੋਲ ਰਹਿਕੇ ਲੜ ਰਹੇ ,ਸਤਿਕਾਰਯੋਗ ਵੀਰੋ ਤੁਹਾਡੀ ਕੁਰਬਾਨੀ ਧੰਨ ਹੈ, ਜੋ ਤੁਸੀ ਇਸ ਬਿਖੜੇ ਪੈਂਡੇ ਵਿੱਚ ਵੀ ਸਿੱਖ ਕੌਮ ਦੇ ਗਲੋ ਗੁਲਾਮੀ ਲਾਹਉਣ ਵਾਸਤੇ ਜੂਝ ਰਹੇ ਹੋ । ਪਰ ਅੱਜ ਅਜ਼ਾਦੀ ਦੇ ਸੰਘਰਸ਼ ਦੇ ਨਾ ਤੇ ਵੀ ਦੇਸ਼ ਤੇ ਵਿਦੇਸ਼ਾਂ ਵਿੱਚ ਬਹਿਰੂਪੀਏ ਦੰਭੀ ਵਿਕਾਊ ਜ਼ਮੀਰਾਂ ਵਾਲਿਆ ਨੂੰ ਪਹਿਚਾਣ ਕੇ ਇਨਾਂ ਤੋਂ ਨਿਖੇੜਾ ਕਰਕੇ ਕਾਫਲਾ ਬਣਾ ਕੇ ਤੁਰਨਾ ਸਮੇ ਦੀ ਮੁੱਖ ਲੋੜ ਹੈ । ਜਿਵੇ ਕਿ ਕਿਸੇ ਜੱਥੇਬੰਦੀ , ਸੰਸਥਾਂ ਦਾ ਮੁਖੀ ਕੌਮ ਦੀ ਖਾਤਰ ਕੁਰਬਾਨੀ ਕਰਕੇ ਉਹ ਆਪਣਾ ਤੇ ਆਪਣੀ ਸੰਸਥਾਂ ਦਾ ਨਾ ਦੁਨੀਆਂ ਦੇ ਇਤਿਹਾਸ ਵਿੱਚ ਰੋਸ਼ਨ ਕਰ ਜਾਂਦਾ ਹੈ, ਤੇ ਲੋਕ ਉਸ ਦਾ ਸਤਿਕਾਰ ਕਰਦੇ ਹਨ, ਤੇ ਜਦੋ ਕਿਸੇ ਸੰਸਥਾਂ ਜਾਂ ਜੱਥੇਬੰਦੀ ਦੇ ਆਗੂ ਗਲਤ ਕੰਮ ਕਰਕੇ ਉਹ ਜੱਥੇਬੰਦੀ ਨੂੰ ਨਿਘਾਰ ਵੱਲ ਹੀ ਨਹੀ ਲੈਕੇ ਜਾਦੇ ਸਗੋਂ ਕੌਮੀ ਕਾਰਜ ਸੰਘਰਸ਼ੀਸ਼ਲ ਜੱਥੇਬੰਦੀਆਂ ਦੇ ਬਦਨਾਮੀ ਦਾ ਕਾਰਨ ਵੀ ਬਣਦਾ ਹੈ ।ਇਹੋ ਅਜਿਹੇ ਗਲਤ ਅਨਸਰਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਖੜ੍ਹਾ ਕਰਨਾ ਜੱਥੇਬੰਦੀਆਂ ਦਾ ਇਖਲਾਕੀ ਫਰਜ਼ ਹੈ ।ਇਨਾਂ ਫਰਜ਼ਾਂ ਤੋਂ ਅਵੇਸਲੀਆਂ ਜੱਥੇਬੰਦੀਆਂ ਤੋਂ ਲੋਕ ਹੌਲੀ ਹੌਲੀ ਦੂਰੀ ਬਣਾਉਣੀ ਸ਼ੁਰੂ ਕਰ ਦਿੰਦੇ ਹਨ ।ਅੱਜ ਦੇਸ਼ ਤੇ ਵਿਦੇਸ਼ਾਂ ਵਿੱਚ ਲੋਕਾਂ ਦੀ ਦੂਰੀ ਦਾ ਇੱਕ ਇਹ ਵੀ ਕਾਰਣ ਬਣਿਆ ਹੈ ।ਅੱਜ ਅਜ਼ਾਦੀ ਦੀ ਅਣਦਿਸਦੀ ਮੰਜ਼ਿਲ ਵੱਲ ਦੇਖਕੇ ਕਈ ਅਜ਼ਾਦੀ ਪਰਵਾਨੇ ਲੀਡਰ ਢੇਰੀ ਢਾਹ ਰਹੇ ਹਨ ਉਹਨਾਂ ਵੀਰਾਂ ਨੂੰ ਜਾਣ ਲੈਣਾ ਚਹੀਦਾ ਹੈ ਕਿ ਹਾਰ ਜਾਣਾ ਹੋਰ ਗੱਲ ਹੈ ਤੇ ਹਾਰ ਮੰਨ ਲੈਣਾ ਹੋਰ ਗੱਲ ਹੈ ਸਿੱਖ ਕੌਮ ਦੀ ਅਜ਼ਾਦੀ ਦੇ ਸੂਰਬੀਰ ਯੋਧੇ ਲੜਾਈ ਹਾਰੇ ਜ਼ਰੂਰ ਹਨ, ਪਰ ਹਾਰ ਉਨਾਂ ਨੇ ਮੰਨੀ ਨਹੀ, ਬੇਸ਼ੱਕ ਉਹਨਾਂ ਦੀ ਗਿਣਤੀ ਥੋੜੀ ਹੈ ਉਹ ਜੇਲ੍ਹਾਂ ਦੀਆ ਕਾਲ ਕੋਠੜੀਆਂ, ਰੂਪਪੋਸ਼ ,ਪੰਜਾਬ ਦੀ ਧਰਤੀ ਜਾਂ ਫਿਰ ਜਲਾਵਤਨੀ ਦੀ ਜਿੰਦਗੀ ਬਿਤਾਕੇ ਵੀ ਸਿੱਖ ਕੌਮ ਦੀ ਅਜ਼ਾਦੀ ਦਾ ਨਾਹਰਾਂ ਬਲੰਦ ਕਰ ਰਹੇ ਹਨ ।ਅੰਤ ਵਿੱਚ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਦੇ ਸਮੂਹ ਨਾਨਕ ਲੇਵਾ ਸਿੱਖਾਂ ਨੂੰ ਅਪੀਲ ਹੈ ਕਿ ਸਿੱਖ ਕੌਮ ਦੀ ਅਜ਼ਾਦੀ ਦੀ ਖਾਤਰ ਸ਼ਹੀਦ ਹੋ ਗਈਆਂ ਪਵਿੱਤਰ ਆਤਮਾਵਾਂ ਦਾ ਕਾਰਜ ਅਧੂਰਾ ਹੈ ਤੇ ਇਸ ਕਾਰਜ ਨੂੰ ਪੂਰਾ ਕਰਨ ਲਈ ਸਿੱਖੀ ਅਸੂਲਾਂ ਸਿਧਾਤਾਂ ਤੇ ਪਹਿਰਾ ਦਿੰਦੀਆਂ ਹੋਈਆਂ ਸੰਘਰਸ਼ ਕਰ ਰਿਹੀਆਂ ਜੱਥੇਬੰਦੀਆਂ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤਾਂ ਜੋ ਸਿੱਖ ਕੌਮ ਦਾ ਵੀ ਆਪਣਾ ਅਜ਼ਾਦ ਵਤਨ ਦੁਨੀਆਂ ਦੇ ਨਕਸ਼ੇ ਤੇ ਆਵੇ ।
ਭੁਲਾਂ ਚੁੱਕਾਂ ਲਈ ਖਿਮਾ ਦਾ ਜਾਂਚਕ
ਗੁਰਚਰਨ ਸਿੰਘ ਗੁਰਾਇਆ ਜਰਮਨੀ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।