ਪਿੰਡ ਸਭਰਾ ਅੰਦਰ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
ਪੱਟੀ 24 ਜੂਨ (ਹੈਪੀ ਸਭਰਾਂ) ਹਲਕਾ ਪੱਟੀ ਇਲਾਕੇ ਦੇ ਪਿੰਡ ਸਭਰਾ ਅੰਦਰ ਮਨਪ੍ਰੀਤ ਸਿੰਘ (26) ਪੁੱਤਰ ਜੱਸਾ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਣ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਜੱਸਾ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੇ ਲੜਕੇ ਮਨਪ੍ਰੀਤ ਸਿੰਘ ਨੇ ਆਪਣੇ ਇੱਕ ਸਾਥੀ ਗੁਰਪਾਲ ਸਿੰਘ ਵਾਸੀ ਸਭਰਾ ਨਾਲ ਮਿਲ ਕੇ ਰਾਤ 11 ਵਜੇ ਦੇ ਕਰੀਬ ਗੁਰਪਾਲ ਸਿੰਘ ਦੇ ਘਰ ਚਿੱਟੇ ਦਾ ਟੀਕਾ ਲਗਾਇਆ ਸੀ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਹਨਾਂ ਦੇ ਮ੍ਰਿਤਕ ਲੜਕੇ ਨਾਲ ਨਸਾਂ ਲਗਾਉਣ ਵਾਲੇ ਗੁਰਪਾਲ ਸਿੰਘ ਨੂੰ ਸਥਾਨਕ ਪੁਲਿਸ ਵੱਲੋਂ ਰਾਤ ਸਮੇਂ ਹੀ ਹਿਰਾਸਤ ਵਿਚ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪਿੰਡ ਸਭਰਾ ਅੰਦਰ ਨਸ਼ਾ ਸ਼ਰੇਆਮ ਮਿਲਦਾ ਹੈ। ਜਿਸ ਤੇ ਸਰਕਾਰ ਅਤੇ ਸਥਾਨਕ ਪੁਲਿਸ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਨਹੀਂ ਕਰਦਾ। ਪਿੰਡ ਸਭਰਾ ਨਾਲ ਸਬੰਧਤ ਇੱਕ ਵਿਅਕਤੀ ਗੁਰਭੇਜ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਕਲੋਨੀਆਂ ਅੰਦਰ ਕੁਝ ਲੋਕ ਸ਼ਰੇਆਮ ਨਸ਼ਾ ਵੇਚਦੇ ਹਨ। ਨਾਮ ਨਾਂ ਛਾਪਣ ਦੀ ਸ਼ਰਤ ਤੇ ਇੱਕ ਵਿਅਕਤੀ ਨੇ ਦੱਸਿਆ ਕਿ ਪਿੰਡ ਸਭਰਾ ਦਾ ਇੱਕ ਨੋਜਵਾਨ ਪਿੰਡ ਅੰਦਰੋਂ ਇੱਕ ਚਿੱਟੇ ਦੇ ਵਪਾਰੀ ਪਾਸੋਂ 200 ਰੁਪਏ ਦਾ ਨਸ਼ਾ ਲੈਣ ਗਿਆ ਜਿੱਥੇ ਉਸ ਨਸ਼ੇ ਦੇ ਵਪਾਰੀ ਨੇ 5000 ਰੁਪਏ ਤੋਂ ਘੱਟ ਨਸ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਹਨਾਂ ਵਿਚਕਾਰ ਝਗੜਾ ਹੋ ਗਿਆ। ਇਸ ਘਟਨਾ ਸੰਬੰਧੀ ਤੇ ਇਲਾਕੇ ਅੰਦਰ ਨਸ਼ਿਆ ਤੇ ਕਾਰਵਾਈ ਨੂੰ ਲੈ ਕੇ ਪੁਲੀਸ ਥਾਣਾ ਸਦਰ ਪੱਟੀ ਦੇ ਅਧਿਕਾਰੀ ਪਰਮਜੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਮ੍ਰਿਤਕ ਮਨਪ੍ਰੀਤ ਸਿੰਘ ਦੇ ਮਾਪਿਆਂ ਨਾਲ ਸਪੰਰਕ ਕੀਤਾ ਗਿਆ ਹੈ ਪਰ ਮ੍ਰਿਤਕ ਦੇ ਮਾਪੇ ਪੁਲੀਸ ਕਾਰਵਾਈ ਕਰਵਾਉਣ ਲਈ ਰਾਜੀ ਨਹੀਂ ਹੋਏ । ਉਹਨਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੁਲੀਸ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਜਿਸ ਵਿਚ ਸਥਾਨਕ ਜਨਤਾ ਦੇ ਸਹਿਯੋਗ ਦੀ ਲੋੜ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









