।
ਫਰੈਂਕਫੋਰਟ (22 ਅਪ੍ਰੈਲ) ਜਰਮਨੀ ਦੇ ਫਰੈਂਕਫੋਰਟ ਸ਼ਹਿਰ ਵਿੱਚ ਜਦੋਂ ਵੀ ਸਕੂਲਾਂ ਵਿੱਚ ਛੁੱਟੀਆਂ ਹੋ ਜਾਂਦੀਆਂ ਹਨ ਤਾਂ ਛੁੱਟੀਆਂ ਦਾ ਲਾਹਾ ਲੈਣ ਅਤੇ ਬੱਚਿਆਂ ਨੂੰ ਤੱਤ ਗੁਰਮਤਿ ਨਾਲ ਜੋੜਨ ਦੇ ਮਕਸਦ ਨਾਲ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਟ੍ਰੇਨਿੰਗ ਅਤੇ ਸਖਸ਼ੀਅਤ ਉਸਾਰੀ ਕੈਂਪ ਲਗਾ ਦਿੱਤਾ ਜਾਂਦਾ ਹੈ, ਜਿਸਤੋਂ ਏਥੋਂ ਦੇ ਬੱਚੇ ਭਰਪੂਰ ਲਾਹਾ ਲੈਂਦੇ ਹਨ। ਭਾਈ ਗੁਰਚਰਨ ਸਿੰਘ ਗੁਰਾਇਆਂ ਨੇ ਜਾਣਕਾਰੀ ਦੇਂਦਿਆਂ ਦੱਸਿਆ ਕੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ (1 ਵੈਸਾਖ), ਖਾਲਸਾ ਸਾਜਨਾ ਦਿਵਸ ਅਤੇ ਵਿਸ਼ਵ ਸਿੱਖ ਦਸਤਾਰ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ 15 ਰੋਜ਼ਾ ਗੁਰਮਤਿ ਟ੍ਰੇਨਿੰਗ ਅਤੇ ਸਖਸ਼ੀਅਤ ਉਸਾਰੀ ਕੈਂਪ ਲਗਾਇਆ ਗਿਆ, ਜਿਸ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹਨਾਂ ਵਿਦਿਆਰਥੀਆਂ ਦੇ ਉਮਰ ਦੇ ਹਿਸਾਬ ਨਾਲ 4 ਵਰਗ ਬਣਾਏ ਗਏ ਸਨ। ਪਹਿਲੇ ਵਰਗ ਵਿੱਚ 4-6 ਸਾਲ ਤੱਕ ਦੇ ਵਿਦਿਆਰਥੀ ਸ਼ਾਮਿਲ ਸਨ, ਦੂਸਰੇ ਵਰਗ ਵਿੱਚ 7-10 ਸਾਲ, ਤੀਸਰੇ ਵਰਗ ਵਿੱਚ 11-14 ਸਾਲ ਅਤੇ ਚੌਥੇ ਵਰਗ ਵਿੱਚ 15-20 ਸਾਲ ਤੱਕ ਵਿਦਿਆਰਥੀ ਸ਼ਾਮਿਲ ਸਨ। ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਦਾ ਇਮਤਿਹਾਨ ਲਿਆ ਗਿਆ ਅਤੇ ਉਪਰੰਤ ਸਿੱਖ ਰਹਿਤ ਮਰਯਾਦਾ ਕਿਤਾਬ ਉੱਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 8 ਟੀਮਾਂ ਨੇ ਭਾਗ ਲਿਆ ਹਰੇਕ ਟੀਮ ਵਿੱਚ 3 ਵਿਦਿਆਰਥੀ ਸਨ। ਇਮਤਿਹਾਨ ਵਿੱਚੋ ਚੰਗੇ ਨੰਬਰ ਲੈਣ ਵਾਲਿਆਂ, ਕੁਈਜ਼ ਮੁਕਾਬਲੇ ਵਿਚੋਂ ਜੇਤੂ ਵਿਦਿਆਰਥੀਆਂ ਅਤੇ ਕੈਂਪ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਹਫਤਾਵਾਰੀ ਦੀਵਾਨ ਵਿੱਚ ਸਨਮਾਨ ਸਮਾਗਮ ਕੀਤਾ ਗਿਆ, ਜਿਸ ਵਿੱਚ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ, ਗੁਰਮਤਿ ਲਿਟ੍ਰੇਚਰ ਅਤੇ ਚੌਕਲੇਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਨਾਲ ਹੀ ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਪ੍ਰਬੰਧਕਾਂ ਵੱਲੋਂ ਗੁਰਚਰਨ ਸਿੰਘ ਗੁਰਾਇਆਂ, ਹੀਰਾ ਸਿੰਘ ਮੱਤੇਵਾਲ, ਰੁਲਦਾ ਸਿੰਘ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਚਮਕੌਰ ਸਿੰਘ ਸਭਰਾਅ, ਭਾਈ ਕੁਲਵਿੰਦਰ ਸਿੰਘ ਸਭਰਾਅ, ਭਾਈ ਗੁਰਨਿਸ਼ਾਨ ਸਿੰਘ ਪੱਟੀ ਹਜ਼ੂਰੀ ਰਾਗੀ ਜਥਾ ਭਾਈ ਹਰਦੀਪ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਸਮੂੰਹ ਸੰਗਤਾਂ ਅਤੇ ਵਿਦਿਆਰਥੀ ਹਾਜ਼ਿਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।