ਗੁਰਦੁਆਰਾ ਸਿੱਖ ਸੰਗਤ ਦਮਦਮ (ਪੱਛਮੀ ਬੰਗਾਲ) ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
ਤਰਨਤਾਰਨ 9 ਅਪ੍ਰੈਲ ( ਗੁਰਪ੍ਰੀਤ ਸਿੰਘ ) ਅੱਜ ਗੁਰਦੁਆਰਾ ਸਿੱਖ ਸੰਗਤ ਦਮ ਦਮ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਪਰੰਤ ਦੀਵਾਨ ਵਿਚ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਸੰਗਤ ਵਿਚ ਬੋਲਦਿਆਂ ਸ. ਬਲਜਿੰਦਰ ਸਿੰਘ ਨੇ ਆਖਿਆ, “ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਜਿਥੇ ਅਧਿਆਤਮਿਕਤਾ ਅਤੇ ਰੂਹਾਨੀਅਤ ਦੇ ਕੇਂਦਰ ਗੁਰਦੁਆਰਿਆ ਦੀ ਉਸਾਰੀ ਕਰਵਾਈ ਜਾਂਦੀ ਹੈ। ਇਤਿਹਾਸਕ ਅਸਥਾਨਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਕੋਲਕਾਤਾ ਦੇ ਨੇੜੇ ਹੀ ਕੇਂਦੁਲੀ ਗ੍ਰਾਮ ਵਿਖੇ ਬਾਬਾ ਜੀ ਵਲੋਂ ਭਗਤ ਜੈਦੇਵ ਜੀ ਦੇ ਸਥਾਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਲੰਮੇ ਸਮੇਂ ਤੋਂ ਬੰਗਲਾ ਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਪਰਦਾਇ ਵਲੋਂ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਨਾਲ ਮਹਾਂਪੁਰਖਾਂ ਨੇ ਕਈ ਸਕੂਲ, ਕਾਲਜ ਅਤੇ ਗੁਰਮਤਿ ਵਿਦਿਆਲੇ ਖੋਹਲ ਕੇ ਵਿੱਦਿਅਕ ਖੇਤਰ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਸਾਲ 2023 ਵਿਚ ਪੰਜਾਬ ਅੰਦਰ ਹੜ੍ਹਾਂ ਦੀ ਬਹੁਤ ਮਾਰ ਪਈ। ਪੰਜਾਬ ਦੇ ਕਈ ਜਿਲ੍ਹੇ ਪਾਣੀ ਦੀ ਮਾਰ ਹੇਠ ਆਏ। ਇਸ ਬਿਪਤਾ ਭਰੇ ਸਮੇਂ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ 10 ਥਾਵਾਂ ਤੇ ਦਰਿਆਵਾਂ ਦੇ ਟੁੱਟੇ ਬੰਨ੍ਹਾਂ ਦੀ ਸੇਵਾ ਕਰਵਾਈ। ਸੰਤ ਬਾਬਾ ਸੁੱਖਾ ਜੀ ਨੇ ਲੋਕਾਈ ਦੇ ਦੁੱਖ ਦੂਰ ਕਰਦਿਆਂ ਮਹਾਨ ਸੇਵਾ ਕਮਾਈ। ਹੜ੍ਹਾਂ ਵੇਲੇ ਪਾਣੀ ਵਿਚ ਡੁੱਬੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਅਤੇ ਟੁੱਟ ਚੁੱਕੇ ਦਰਿਆਵਾਂ ਦੇ ਬੰਨ ਬੰਨ੍ਹੇ। ਸੇਵਾ ਦੇ ਖੇਤਰ ਵਿਚ ਬਾਬਾ ਜੀ ਨੇ ਬਹੁਤ ਵੱਡੇ ਕਾਰਜ ਕੀਤੇ ਹਨ। ਅਸੀਂ ਅੱਜ ਸੰਤ ਬਾਬਾ ਸੁੱਖਾ ਸਿੰਘ ਜੀ ਸਨਮਾਨਤ ਕਰ ਰਹੇ ਹਾਂ, ਸਾਡੇ ਲਈ ਇਹ ਵੱਡੇ ਭਾਗਾਂ ਦੀ ਗੱਲ ਹੈ।” ਇਸ ਮੌਕੇ ਸੰਗਤ ਦੇ ਵਿਸ਼ਾਲ ਇਕੱਠ ਵਿਚ ਸ. ਪਰਗਟ ਸਿੰਘ ਸੁਹਾਵਾ, ਅਜੈਬ ਸਿੰਘ, ਦਿਆਲ ਸਿੰਘ ਧੂੰਦਾ, ਜਗਜੀਤ ਸਿੰਘ ਦਾਖਾ, ਗੁਰਨਾਮ ਸਿੰਘ, ਅਵਤਾਰ ਸਿੰਘ, ਬੂਟਾ ਸਿੰਘ ਪ੍ਧਾਨ, ਦਵਿੰਦਰ ਸਿੰਘ ਜਨਰਲ ਸਕੱਤਰ ਅਤੇ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।