ਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ, ਸਿੱਖ ਪੰਥ ਦੇ 14 ਮਾਰਚ 1 ਚੇਤ ਨੂੰ ਨਵੇਂ ਸਾਲ ਨਾਨਕਸ਼ਾਹੀ ਸੰਮਤ 556 ਦੀ ਅਰੰਭਤਾ ਦੀਆਂ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ । ਇਹ ਨਾਨਕਸ਼ਾਹੀ ਸੰਮਤ ਦਾ ਨਵ੍ਹਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ । ਉਥੇ ਬਿਖੜੇ ਪੈਡਿਆਂ ਤੇ ਪਰਾਇਆਂ ਦੀ ਗੁਲਾਮੀ ਵਿੱਚੋ ਗੁਜ਼ਰ ਰਹੀ ਸਿੱਖ ਕੌਮ ਨੂੰ ਅਕਾਲ ਪੁਰਖ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਬਾਹਰੀ ਤੇ ਅੰਦਰੂਨੀ ਗੁਲਾਮੀ ਤੋ ਛੁਟਕਾਰਾ ਪਾਉਣ ਦਾ ਬੱਲ ਬੱਖਸ਼ੇ । ਅਕਾਲ ਪੁਰਖ ਸਿੱਖ ਕੌਮ ਤੇ ਕ੍ਰਿਪਾ ਕਰੇ ਕਿ ਇਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ,” ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਨਿਓ ਗ੍ਰੰਥ ! ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਆਪਣਾ ਨਿਸਚਾ ਰੱਖ ਕੇ ਇਸ ਤੋਂ ਹੀ ਸੇਧ ਲੈ ਕੇ ਪੰਥਕ ਮਸਲਿਆਂ ਤੇ ਸਿੱਖ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇ । ਗੁਰੂ ਨਾਨਕ ਸਾਹਿਬ ਜੀ ਨੇ ਇਲਾਹੀ ਗੁਰਬਾਣੀ ਰੂਪੀ ਵੀਚਾਰਧਾਰਾ ਦੁਆਰਾ ਸਿੱਖ ਕੌਮ ਨੂੰ ਜਿਨ੍ਹਾਂ ਬਿਪਰ ਦੀਆਂ ਰੀਤਾਂ ਵਿੱਚੋ ਬਾਹਰ ਕੱਢਿਆ ਸੀ । ਅੱਜ ਉਸੇ ਵਿੱਚ ਧੱਸਦੀ ਜਾ ਰਹੀ ਕੌਮ ਨੂੰ ਅਕਾਲ ਪੁਰਖ ਸੋਝੀ ਬਖਸ਼ੇ ਤੇ ਉਹ ਬਾਬੇ ਨਾਨਕ ਦੇ ਇਸ ਚਲਾਏ ਨਿਰਾਲੇ ਸਿੱਖ ਪੰਥ ਨੂੰ ਨਿਰਾਲਾ ਰੱਖ ਸਕੇ ਤੇ ਇਸ ਦੀ ਮਹਿਕ ਦੁਨੀਆਂ ਵਿੱਚ ਬਿਖੇਰ ਸਕੇ । ਬ੍ਰਹਮਵਾਦੀ ਸੋਚ ਤੇ ਅੱਜ ਤੋਂ ਲੱਗਭਗ ਸਾਡੇ ਪੰਜ ਸਦੀਆਂ ਪਹਿਲਾਂ ਜਦੋ ਗੁਰੂ ਨਾਨਕ ਸਾਹਿਬ ਜੀ ਨੇ ਇਸ ਦੇ ਕਰਮਕਾਂਡੀ, ਊਚ ਨੀਚ, ਜਾਤ ਪਾਤ, ਤੇ ਧਾਗੇ ਦੇ ਜਨੇਉ ਪਾਉਣ ਤੋਂ ਇਨਕਾਰ ਕਰ ਕਿ ਧਰਮ ਦੇ ਨਾ ਤੇ ਹੋ ਰਹੇ ਅਧਰਮ ਤੇ ਚੋਟ ਮਾਰੀ ਸੀ । ਇਹ ਵਿਪਰਵਾਦ ਗੁਰੂ ਨਾਨਕ ਸਾਹਿਬ ਜੀ ਦੀ ਵੀਚਾਰਧਾਰਾ ਨੂੰ ਮੰਨਣ ਵਾਲਿਆਂ ਤੇ ਉਸੇ ਦਿਨ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਹਮਲੇ ਕਰਦਾ ਆ ਰਿਹਾ ਹੈ । ਉਹ ਮੌਕੇ ਦੀਆਂ ਸਰਕਾਰਾਂ ਕੋਲ ਸਿੱਖੀ ਤੇ ਇਥੋ ਤੱਕ ਗੁਰੂ ਸਾਹਿਬਾਂ ,ਸਾਹਿਬਜ਼ਾਦਿਆਂ ਤੇ ਸਿੱਖਾਂ ਦੇ ਖਿਲਾਫ ਕੰਨ ਭਰਕੇ ਉਹਨਾਂ ਨੂੰ ਸ਼ਹੀਦ ਕਰਾਉਣਾ , ਸਿੱਖਾਂ ਤੇ ਤਸ਼ਦੱਦ ਕਰਾਉਣਾ ਤੇ ਭਾਰਤ ਦੀ ਸੱਤਾ ਦੇ ਮਾਲਕ ਬਣਨ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਇਸ ਦੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨਾ,ਸਿੱਖ ਕੌਮ ਦੇ ਪਵਿੱਤਰ ਰੂਹਾਨੀਅਤ ਦੇ ਪ੍ਰਤੀਕ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਸਿੱਖ ਗੁਰਧਾਮਾਂ ਤੇ ਹਮਲੇ ਕਰਕੇ ਉਹਨਾਂ ਨੂੰ ਢਹਿ ਢੇਰੀ ਕਰਨਾ, ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਵਿੱਚ ਬ੍ਰਹਮਵਾਦੀ ਸੋਚ ਦੇ ਲਿਖਾਰੀਆਂ ਦੁਆਰਾ ਰਲਗੱਡ ਕਰਾਉਣਾ, ਧਾਰਮਿਕ ਆਗੂਆਂ ਤੇ ਕੁਰਸੀ ਦੇ ਲਾਲਚੀ ਰਾਜਨੀਤਿਕ ਆਗੂਆਂ ਦੀ ਖਰੀਦੋ ਫਰੋਖਤ ਕਰਕੇ, ਵਿਕਾਊ ਮੀਡੀਆ ਤੇ ਜ਼ਮੀਰ ਵੇਚੂ ਜਨਰਲਿਸਟਾਂ ਦੁਆਰਾ ਸਿੱਖ ਕੌਮ ਤੇ ਸਰੀਰਕ ਤੇ ਮਾਨਿਸਿਕ ਤੌਰ ਤੇ ਹਮਲੇ ਕਰਦਾ ਆ ਰਿਹਾ ਹੈ ਜੋ ਕਿ ਅੱਜ ਤੱਕ ਨਿਰੰਤਰ ਜਾਰੀ ਹਨ । ਅੱਜ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ‘ਗੁਲਾਮੀ’ ਅਤੇ ‘ਆਜ਼ਾਦੀ’ ਵਿਚਕਾਰ ਫਰਕ ਸਮਝਣ ਤੋਂ ਹੀ ਅਸਮਰੱਥ ਹੋ ਚੁੱਕਾ ਹੈ। ਜਿਵੇਂ ਪਿੰਜਰੇ ’ਚ ਕੈਦ ਇੱਕ ਤੋਤਾ ਉਸੇ ਪਿੰਜਰੇ ਨੂੰ ਆਪਣਾ ਘਰ ਸਮਝ ਕੇ, ਉਥੇ ਹੀ ਖੁਸ਼ੀ ਲੱਭਣ ਲਗ ਪੈਂਦਾ ਹੈ, ਠੀਕ ਉਸੇ ਤਰ੍ਹਾਂ ਸਿੱਖ ਕੌਮ ਗੁਲਾਮੀ ਦੇ ਪਿੰਜਰੇ ’ਚੋਂ ਹੀ ਛੋਟੀਆਂ-ਛੋਟੀਆਂ ਖੁਸ਼ੀਆਂ ਲੱਭ ਰਹੀ ਹੈ ਪਰ ਸਾਰੀਆਂ ਸਮੱਸਿਆਵਾਂ ਦੀ ਜੜ੍ਹ ‘ਗੁਲਾਮੀ’ ਨੂੰ ਗਲੋਂ ਲਾਹੁਣ ਲਈ ਬਿਲਕੁਲ ਵੀ ਚੇਤੰਨ ਨਹੀਂ। ਪੰਜਾਬ ਦੀ ਜਵਾਨੀ, ਨਸ਼ਿਆਂ ਦੀ ਭੇਂਟ ਚੜ੍ਹ ਕੇ, ‘ਆਚਰਣਵਾਨ’ ਤੇ ‘ਆਚਰਣਹੀਣਤਾ’ ਵਿਚਕਾਰਲਾ ਫਾਸਲਾ ਹੀ ਮਿਟਾਈ ਜਾਂਦੀ ਹੈ ਪਵਿੱਤਰਤਾ, ਅਣਖ, ਬਹਾਦਰੀ ਦੇ ਮੁਜੱਸਮੇ ਮਾਤਾ ਗੁਜਰ ਕੌਰ, ਮਾਤਾ ਸਾਹਿਬ ਕੌਰ, ਮਾਈ ਭਾਗੋ ਅਤੇ ਬੀਬੀ ਹਰਸ਼ਰਨ ਕੌਰ ਦੀਆਂ ਪੁੱਤਰੀਆਂ, ਅੱਜ ਕਿਨ੍ਹਾਂ ਵਾਟਾਂ ’ਤੇ ਚੱਲ ਨਿੱਕਲੀਆਂ ਹਨ? ਅੱਜ ਕੌਮੀ ਹੋਣੀ ਅਤੇ ਕੌਮੀ ਨਿਸ਼ਾਨੇ – ਖਾਲਸਾ ਰਾਜ ਦੇ ਵਾਰਸ ਖਾਲਸਾ, ਭੁਝੰਗੀ ਅਤੇ ਭੁਝੰਗਣਾਂ ਕਿੱਥੇ ਹਨ? ਕੌਮੀ ਆਜ਼ਾਦੀ ਲੈਣ ਦੀ ਮੰਜ਼ਿਲ ਤੋਂ ਭਟਕ ਕੇ, ਸਾਡੇ ਬੁੱਧੀਜੀਵੀ, ਬਾਬੇ, ਸ਼ਰਧਾਲੂ ਸਿੱਖ ਉਨ੍ਹਾਂ ਮਸਲਿਆਂ ਵਿੱਚ ਕਿਉਂ ਉਲਝੇ ਹੋਏ ਹਨ, ਜਿਨ੍ਹਾਂ ਨੂੰ ਆਜ਼ਾਦੀ (ਖਾਲਸਾ ਰਾਜ) ਦੇ ਮਾਹੌਲ ਵਿੱਚ ਹੀ ਨਜਿੱਠਿਆ ਜਾ ਸਕਦਾ ਹੈ? ਕੀ ਇਹੋ ਜਿਹੇ ਮਸਲੇ ਖੜ੍ਹੇ ਕਰਨ ਵਾਲੇ, ਕਿਤੇ ‘ਆਜ਼ਾਦੀ ਤੇ ਸਿੱਖ ਰਾਜ ਤੋਂ ਭਗੌੜੇ ਤਾਂ ਨਹੀਂ? ਆਪਣੇ ‘ਭਰਾ’ ਦੇ ਵਿਰੋਧੀ ਵਿਚਾਰਾਂ ਕਰਕੇ ਤਾਂ ਅਸੀਂ ਉਸ ਦਾ ‘ਲਹੂ-ਪੀਣਾ’ ਚਾਹੁੰਦੇ ਹਾਂ ਪਰ ਪਿਛਲੇ ਚਾਰ ਦਹਾਕਿਆਂ ਤੋਂ ਹਜ਼ਾਰਾਂ ਸਿੱਖਾਂ ਦਾ ਲਹੂ ਪੀ ਚੁੱਕੀ, ਦਿੱਲੀ ਦੀ ਜ਼ਾਲਮ ਸਰਕਾਰ ਦਾ ਤਖਤਾ ਪਲਟਣ ਦਾ ਸੰਕਲਪ ਸਾਨੂੰ ਕਿਉਂ ਨਹੀਂ ਔੜਦਾ?
ਬ੍ਰਹਮਵਾਦੀ ਸੋਚ ਭਾਰਤ ਦੇ ਸੰਵਿਧਾਨ ਵਿੱਚ ਵੀ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਤੋਂ ਵੀ ਇਨਕਾਰੀ ਹੈ ਉੱਥੇ ਸਿੱਖ ਕੌਮ ਦੀ ਵੱਖਰੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੋ ਕਿ ਸ੍ਰ. ਪਾਲ ਸਿੰਘ ਜੀ ਪੁਰੇਵਾਲ ਨੇ ਤਿਆਰ ਕੀਤਾ ਸੀ ਤੇ 2003 ਵਿੱਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋ ਜਾਰੀ ਕੀਤਾ ਸੀ । ਉਹ ਵਿਪਰਾਂ ਨੂੰ ਕਿਸੇ ਵੀ ਤਰ੍ਹਾਂ ਭਾਉਦਾ ਨਹੀ ਸੀ, ਤੇ ਉਹਨਾਂ ਨੇ ਆਪਣੇ ਹੱਥ ਠੋਕੇ ਜਥੇਦਾਰਾਂ ਤੇ ਸਿੱਖੀ ਭੇਸ ਵਿੱਚ ਸਿੱਖੀ ਸਿਧਾਂਤਾਂ ਦੇ ਦੁਸ਼ਮਣ ਸਾਧਾ ਦੁਆਰਾ, ਸੋਧਾਂ ਦੇ ਨਾਮ ਤੇ ਇਸਦਾ ਬਿਕ੍ਰਮੀਕਰਣ ਕਰਕੇ ਇਸ ਤੇ ਵੀ ਭਗਵਾਂ ਰੰਗ ਚਾੜ ਦਿੱਤਾ ,ਬੇਸ਼ੱਕ ਬਹੁਗਿਣਤੀ ਸਿੱਖ ਕੌਮ ਨੇ ਇਸ ਨੂੰ ਨਿਕਾਰ ਦਿੱਤਾ ਹੈ । ਨਾਨਕਸ਼ਾਹੀ ਨਵੇਂ ਵਰ੍ਹੇ ਦੀ ਆਮਦ ਤੇ ਅਕਾਲ ਪਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਕੁਰਸੀ ਦੀ ਲਾਲਸਾਂ ,ਨਿੱਜੀ ਸਵਾਰਥਾਂ ਤੇ ਪਰਿਵਾਰ ਵਾਦ ਵਿੱਚ ਧੱਸੇ ਜ਼ਮੀਰ ਵੇਚੂ ਲੀਡਰਾਂ ਨੂੰ ਸਮੱਤ ਬਖੱਸ਼ੇ ਤੇ ਇਹ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠਕੇ ਕੌਮ ਦੇ ਭਲੇ ਬਾਰੇ ਸੋਚਣ ਤੇ ਇਹਨਾਂ ਬਚਨਾਂ ਵੱਲ ਧਿਆਨ ਦੇਵੇ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈ ਸਾਰਾ, ਜਬ ਇਹ ਗਏ ਬਿਪ੍ਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪ੍ਰਤੀਤ ਨੂੰ ਸਮਝੀਏ ਤੇ ਬਿਪਰਾਂ ਦੀ ਸੋਚ ਛੱਡ ਕੇ ਗੁਰੂ ਦੇ ਨਿਆਰੇ ਖਾਲਸਾ ਬਣਨ ਦੀ ਕੋਸ਼ਿਸ਼ ਕਰੀਏ।ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲਾ ਖਾਲਸਾ ਪੰਥ ਨਾਨਕਸ਼ਾਹੀ ਸੰਮਤ 556 ਦੀ ਆਮਦ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਵਿਪਰਵਾਦੀ ਸੋਚ ਵੱਲੋ ਬਾਹਰੀ ਤੇ ਸਿੱਖੀ ਭੇਸ ਵਾਲੇ ਅੰਦਰੂਨੀ ਹਮਲਿਆਂ ਨੂੰ ਗੰਭੀਰਤਾ ਨਾਲ ਵੀਚਾਰੇ ਤੇ ਇਹਨਾਂ ਵਿਪਰਵਾਦੀ ਹਮਲਿਆਂ ਦਾ ਸਦੀਵੀ ਹੱਲ ਸਿੱਖ ਕੌਮ ਦਾ ਆਪਣਾ ਪ੍ਰਭੂਸੱਤਾ ਸੰਪਨ ਅਜ਼ਾਦ ਦੇਸ਼ ਖਾਲਿਸਤਾਨ ਹੈ । ਜਿਸ ਦੀ ਖਾਤਰ ਸਿੱਖ ਕੌਮ ਦੇ ਅਣਖੀ ਸਰੂਬੀਰਾ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ ।ਸੋ ਆਉ ਇਸ ਨਵੇਂ ਵਰ੍ਹੇ ਤੇ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਮੂਹ ਲੋਕਾਈ ਲਈ ਨਾਨਕਸ਼ਾਹੀ ਸੰਮਤ ਖਸ਼ੀਆਂ ਭਰਿਆਂ ਆਵੇ ਤੇ ਉਹਨਾਂ ਹਕੂਮਤਾਂ ਨੂੰ ਸੋਝੀ ਆਵੇ ਜੋ ਆਪਣੇ ਰਾਜ ਸ਼ਕਤੀ ਦੇ ਨਸ਼ੇ ਵਿੱਚ ਮਨੁੱਖਤਾਂ ਤੇ ਜ਼ੁਲਮ ਕਰਦੀਆਂ ਹਨ ਤੇ ਉਹਨਾਂ ਦੇ ਹੱਕ ਹਕੂਕਾਂ ਤੋਂ ਬਾਝਾਂ ਰੱਖਦੀਆਂ ਹਨ ।ਦੁਨੀਆਂ ਅੰਦਰ ਆਪਣੀਆਂ ਕੌਮਾਂ ਦੇ ਹੱਕਾਂ ਹਿੱਤਾਂ ਦੀ ਖਾਤਰ ਸੰਘਰਸ਼ ਕਰ ਰਹੇ ਸਮੂਹ ਸੰਘਰਸ਼ਕਾਰੀਆਂ ਨੂੰ ਇਸ ਨਵੇਂ ਸਾਲ ਤੇ ਸਫਲਤਾ ਮਿਲੇ ।:-ਗੁਰਚਰਨ ਸਿੰਘ ਗੁਰਾਇਆ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।