ਜਰਮਨੀ 6 ਅਕਤੂਬਰ (ਸੰਦੀਪ ਸਿੰਘ ਖਾਲੜਾ) ਗਲੋਬਲ ਸਿੱਖ ਕੌਂਸਲ ਨੇ ਦੁਨੀਆ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਅਤੇ ਕੀਰਤਨੀ ਜਥਿਆਂ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਵਾਏ ਜਾਣ ਵਾਲੇ ਗੁਰਬਾਣੀ ਕੀਰਤਨ ਸਮਾਗਮਾਂ ਲਈ “ਰਾਗ ਦਰਬਾਰ”, “ਰਾਗ ਰਤਨ ਦਰਬਾਰ” ਜਾਂ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਦੀ ਪ੍ਰਥਾ ਉੱਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸਮਾਗਮਾਂ ਦੇ ਨਾਂ ਗੁਰੂ ਅਤੇ ਗੁਰਬਾਣੀ ਕੇਂਦਰਿਤ ਰੱਖੇ ਜਾਣ।
ਗਲੋਬਲ ਸਿੱਖ ਕੌਂਸਲ ਨੇ ਕਿਹਾ ਕਿ ਗੁਰਮਤਿ ਵਿੱਚ ਰਾਗਾਂ ਦਾ ਬਹੁਤ ਮਹੱਤਵ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੱਖ ਵੱਖ ਰਾਗਾਂ ਵਿੱਚ ਦਰਜ ਹੈ। ਰਾਗ ਗੁਰਬਾਣੀ ਦੇ ਗਾਇਨ ਅਤੇ ਉਸ ਦੇ ਭਾਵ ਨੂੰ ਸੰਗਤ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਸਾਧਨ ਹੈ, ਪਰ ਕੀਰਤਨ ਦਾ ਕੇਂਦਰ ਰਾਗ ਜਾਂ ਸੰਗੀਤਕ ਕਲਾ ਨਹੀਂ, ਸਗੋਂ ਗੁਰੂ ਦਾ ਸ਼ਬਦ ਹੈ।
ਕੌਂਸਲ ਨੇ ਕਿਹਾ ਕਿ “ਰਾਗ” ਇੱਕ ਸੰਗੀਤਕ ਵਿਧਾ ਹੈ, ਜਦਕਿ “ਦਰਬਾਰ” ਦਾ ਭਾਵ ਗੁਰੂ ਦੀ ਹਜ਼ੂਰੀ ਅਤੇ ਸਰਬਉੱਚਤਾ ਨਾਲ ਜੁੜਿਆ ਹੋਇਆ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਉੱਥੇ ਦਰਬਾਰ ਗੁਰੂ ਸਾਹਿਬ ਦਾ ਹੈ। ਇਸ ਲਈ ਸਮਾਗਮ ਦੀ ਪਛਾਣ ਵੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਵਿੱਚ ਗੁਰੂ ਅਤੇ ਗੁਰਬਾਣੀ ਦਾ ਕੇਂਦਰੀ ਸਥਾਨ ਸਪਸ਼ਟ ਰੂਪ ਵਿੱਚ ਸਾਹਮਣੇ ਆਵੇ।
ਗਲੋਬਲ ਸਿੱਖ ਕੌਂਸਲ ਨੇ ਕਿਹਾ ਕਿ ਗੁਰਬਾਣੀ ਕੀਰਤਨ ਦਾ ਮਕਸਦ ਕੇਵਲ ਸੰਗੀਤਕ ਮੁਹਾਰਤ ਦਾ ਪ੍ਰਦਰਸ਼ਨ ਕਰਨਾ ਨਹੀਂ, ਸਗੋਂ ਸੰਗਤ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ, ਗੁਰਬਾਣੀ ਦੇ ਸੰਦੇਸ਼ ਨੂੰ ਸਮਝਣਾ ਅਤੇ ਉਸ ਅਨੁਸਾਰ ਜੀਵਨ ਜੀਉਣ ਦੀ ਪ੍ਰੇਰਣਾ ਲੈਣਾ ਹੈ। ਇਸ ਲਈ ਰਾਗ ਅਤੇ ਸਾਜ਼ ਸਾਧਨ ਹਨ, ਜਦਕਿ ਅਸਲ ਕੇਂਦਰ ਗੁਰਬਾਣੀ ਹੈ।
ਕੌਂਸਲ ਨੇ ਸੁਝਾਅ ਦਿੱਤਾ ਕਿ ਅਜਿਹੇ ਸਮਾਗਮਾਂ ਲਈ “ਗੁਰਬਾਣੀ ਕੀਰਤਨ ਦਰਬਾਰ” ਵਰਗੇ ਸ਼ਬਦ ਹੋਣੇ ਚਾਹੀਦੇ ਹਨ ਜੋ ਕਿ ਗੁਰੂ ਕੇਂਦਰਿਤ ਸ਼ਬਦਾਵਲੀ ਹੈ, ਤਾਂ ਜੋ ਸਮਾਗਮ ਦੇ ਨਾਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਅਤੇ ਗੁਰਬਾਣੀ ਦਾ ਮਹੱਤਵ ਪ੍ਰਗਟ ਹੋਵੇ।
ਗਲੋਬਲ ਸਿੱਖ ਕੌਂਸਲ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਮੁੱਦੇ ਨੂੰ ਉਠਾਉਣ ਦਾ ਮਕਸਦ ਕਿਸੇ ਵਿਅਕਤੀ, ਕੀਰਤਨੀਏ, ਸੰਸਥਾ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕਰਨਾ ਨਹੀਂ ਹੈ। ਇਸ ਦਾ ਉਦੇਸ਼ ਪੰਥ ਅੰਦਰ ਇਸ ਵਿਸ਼ੇ ਉੱਤੇ ਗੁਰਮਤਿ ਅਨੁਸਾਰ ਵਿਚਾਰ ਪੈਦਾ ਕਰਨਾ ਅਤੇ ਭਵਿੱਖ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਪ੍ਰਤੀ ਸੁਚੇਤ ਹੋਣਾ ਹੈ।
ਕੌਂਸਲ ਨੇ ਕਿਹਾ ਕਿ ਦੁਨੀਆ ਭਰ ਵਿੱਚ ਸਿੱਖ ਸੰਸਥਾਵਾਂ ਵੱਲੋਂ ਗੁਰਬਾਣੀ ਅਤੇ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ, ਪਰ ਹਰ ਧਾਰਮਿਕ ਸਮਾਗਮ ਵਿੱਚ ਪਹਿਲਾ ਸਤਿਕਾਰ, ਪਹਿਲੀ ਪਛਾਣ ਅਤੇ ਕੇਂਦਰੀ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਦੇ ਸ਼ਬਦ ਦਾ ਹੀ ਰਹਿਣਾ ਚਾਹੀਦਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








