Home » ਨਵੀਂ ਦਿੱਲੀ » ਵੈਨਕੂਵਰ ‘ਚ ਗੁਰੂ ਘਰਾਂ ਨੂੰ ਸਰਕਾਰੀ ਕੈਂਪਾਂ ਦਾ ਅੱਡਾ ਬਣਾਉਣ ਖ਼ਿਲਾਫ਼ ਭਾਰਤੀ ਕੌਂਸਲੇਟ ਵਿਰੁੱਧ ਸਿੱਖ ਸੰਗਤ ਦਾ ਭਾਰੀ ਰੋਸ, ਬੀਬੀਆਂ ਤੇ ਬੱਚਿਆਂ ਨੇ ਡਟ ਕੇ ਕੀਤਾ ਵਿਰੋਧ, ਟੀਮ ਨਿੱਝਰ ਨੇ ਲਾਏ ਗੰਭੀਰ ਦੋਸ਼

ਵੈਨਕੂਵਰ ‘ਚ ਗੁਰੂ ਘਰਾਂ ਨੂੰ ਸਰਕਾਰੀ ਕੈਂਪਾਂ ਦਾ ਅੱਡਾ ਬਣਾਉਣ ਖ਼ਿਲਾਫ਼ ਭਾਰਤੀ ਕੌਂਸਲੇਟ ਵਿਰੁੱਧ ਸਿੱਖ ਸੰਗਤ ਦਾ ਭਾਰੀ ਰੋਸ, ਬੀਬੀਆਂ ਤੇ ਬੱਚਿਆਂ ਨੇ ਡਟ ਕੇ ਕੀਤਾ ਵਿਰੋਧ, ਟੀਮ ਨਿੱਝਰ ਨੇ ਲਾਏ ਗੰਭੀਰ ਦੋਸ਼

SHARE ARTICLE

4 Views

👉 ਗੁਰੂ ਘਰ ਕੋਈ ਸਰਕਾਰੀ ਦਫ਼ਤਰ ਨਹੀਂ, ਗੁਰਦੁਆਰਿਆਂ ਦੀ ਧਾਰਮਿਕ ਖੁਦਮੁਖਤਿਆਰੀ ਦੀ ਰਾਖੀ ਦਾ ਐਲਾਨ

ਨਵੀਂ ਦਿੱਲੀ 6 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਵਲੋਂ ਗੁਰਦੁਆਰਾ ਸਾਹਿਬਾਨ ਵਿੱਚ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਕੈਂਪ ਲਗਾਉਣ ਦੇ ਐਲਾਨ ਵਿਰੁੱਧ ਸਿੱਖ ਜਥੇਬੰਦੀਆਂ ਵਲੋਂ 5 ਸਤੰਬਰ, 2026 ਨੂੰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਹੀਦ ਨਿੱਝਰ ਟੀਮ ਦੇ ਸੱਦੇ ‘ਤੇ ਆਯੋਜਿਤ ਇਸ ਵਿਰੋਧ ਪ੍ਰਦਰਸ਼ਨ ਵਿੱਚ ਬੀਬੀਆਂ ਅਤੇ ਛੋਟੇ-ਛੋਟੇ ਬੱਚਿਆਂ ਨੇ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰਕੇ ਆਪਣਾ ਤਿੱਖਾ ਆਕਰੋਸ਼ ਅਤੇ ਵਿਰੋਧ ਦਰਜ ਕਰਵਾਇਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਨ੍ਹਾਂ ਕੈਂਪਾਂ ਦੇ ਬਹਾਨੇ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਅਤੇ ਕੈਨੇਡੀਅਨ ਕਾਨੂੰਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਮੌਕੇ ਟੀਮ ਨਿੱਝਰ ਦੇ ਆਗੂ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਭਾਰਤੀ ਡਿਪਲੋਮੈਟਾਂ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਲੋਕ ਜਾਣਬੁੱਝ ਕੇ ਲਾਈਫ ਸਰਟੀਫਿਕੇਟ ਵੰਡਣ ਦੇ ਨਾਮ ‘ਤੇ ਸੰਗਤ ਨੂੰ ਭੜਕਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਜਿਹੀਆਂ ਹੀ ਸਾਜ਼ਿਸ਼ਾਂ ਦੇ ਨਤੀਜੇ ਵਜੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ। ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੁੱਚੀ ਸੰਗਤ ਨੂੰ ਇੱਕਜੁੱਟ ਹੋ ਕੇ ਇਨ੍ਹਾਂ ਕਦਮਾਂ ਦਾ ਮੂੰਹ-ਤੋੜ ਜਵਾਬ ਦੇਣ ਦਾ ਸੱਦਾ ਦਿੱਤਾ। ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਧਾਰਮਿਕ ਅਸਥਾਨਾਂ ਅਤੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਣ। ਸਿੱਖ ਆਗੂਆਂ ਨੇ ਐਲਾਨ ਕੀਤਾ ਕਿ ਕੈਨੇਡਾ ਦੀ ਧਰਤੀ ‘ਤੇ ਸਿੱਖਾਂ ਵਿਰੁੱਧ ਹੋਣ ਵਾਲੀ ਕਿਸੇ ਵੀ ਬਾਹਰੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਰੋਸ ਮੁਜ਼ਾਹਰੇ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਿਕ ਗਤੀਵਿਧੀਆਂ ਵਿਰੁੱਧ ਸਿੱਖ ਭਾਈਚਾਰੇ ਦੇ ਵਧ ਰਹੇ ਗੁੱਸੇ ਨੂੰ ਇੱਕ ਵਾਰ ਫਿਰ ਪ੍ਰਤੱਖ ਕਰ ਦਿੱਤਾ ਹੈ। ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋਂ ਵਾਈਸ ਪ੍ਰੈਸੀਡੈਂਟ ਭਾਈ ਗੁਰਮੀਤ ਸਿੰਘ ਗਿੱਲ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ ਐਸਐਫਜੇ, ਭਾਈ ਦਲਜੀਤ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਜੈਕ ਸਿੱਧੂ, ਭਾਈ ਰਜਿੰਦਰ ਸਿੰਘ ਨੱਤ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹਰਬੰਸ ਸਿੰਘ ਔਜਲਾ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News