ਜਰਮਨੀ 27 ਅਗਸਤ (ਖਿੜਿਆ ਪੰਜਾਬ) ਦਲ ਖਾਲਸਾ ਜਰਮਨੀ ਦੇ ਆਗੂ ਭਾਈ ਹਰਮੀਤ ਸਿੰਘ, ਭਾਈ ਸੁਰਿੰਦਰ ਸਿੰਘ ਸੇਖੋ, ਭਾਈ ਗੁਰਦੀਪ ਸਿੰਘ ਪਰਦੇਸੀ, ਭਾਈ ਅੰਗਰੇਜ ਸਿੰਘ ਅਤੇ ਸਮੁੱਚੀ ਲੀਡਰਸ਼ਿਪਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਸਿੱਖ ਕੌਮ ਉਨ੍ਹਾਂ ਨੂੰ ਆਪਣੀ ਕੌਮੀ ਅਤੇ ਰਾਜਨੀਤਿਕ ਲੜਾਈ ਦਾ ਸ਼ਹੀਦ ਮੰਨਦੀ ਹੈ ਅਤੇ ਇਸ ਕਤਲ ਦੀ ਨਿਰਪੱਖ ਜਾਂਚ ਤੇ ਇਨਸਾਫ਼ ਦੀ ਮੰਗ ਕਰਦੀ ਆ ਰਹੀ ਹੈ।
ਹਾਲ ਹੀ ਵਿੱਚ ਗੋਲਡੀ ਬਰਾੜ ਅਤੇ ਪਰਮਜੀਤ ਸਿੰਘ ਪੰਮਾ ਦਰਮਿਆਨ ਹੋਈ ਦੱਸੀ ਜਾ ਰਹੀ ਇੱਕ ਆਡੀਓ ਸਾਹਮਣੇ ਆਈ ਹੈ, ਜਿਸ ਵਿੱਚ ਰਿਪੋਰਟਾਂ ਮੁਤਾਬਕ ਗੋਲਡੀ ਬਰਾੜ ਵੱਲੋਂ ਭਾਈ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਆਪਣੇ ਗਰੁੱਪ ਉੱਤੇ ਲੈਣ ਅਤੇ ਇਸਨੂੰ ਗੈਂਗਵਾਰ ਤੇ ਨਸ਼ਿਆਂ ਨਾਲ ਜੋੜਨ ਦੇ ਦਾਅਵੇ ਕੀਤੇ ਜਾ ਰਹੇ ਹਨ।
ਦਲ ਖਾਲਸਾ ਜਰਮਨੀ ਦਾ ਮਤ ਹੈ ਕਿ ਬਿਨਾਂ ਸੁਤੰਤਰ ਫੋਰੈਂਸਿਕ ਤਸਦੀਕ ਇਸ ਆਡੀਓ ਨੂੰ ਅੰਤਿਮ ਸੱਚ ਮੰਨਣਾ ਗਲਤ ਹੋਵੇਗਾ, ਪਰ ਇਸਨੂੰ ਬਿਨਾਂ ਜਾਂਚ ਪੂਰੀ ਤਰ੍ਹਾਂ ਰੱਦ ਕਰਨਾ ਵੀ ਉਤਨਾ ਹੀ ਗਲਤ ਹੈ। ਜੇਕਰ ਰਿਕਾਰਡਿੰਗ ਅਸਲੀ ਹੈ ਅਤੇ ਆਵਾਜ਼ ਗੋਲਡੀ ਬਰਾੜ ਦੀ ਹੀ ਹੈ ਤਾਂ ਇਹ ਜਾਂਚ ਲਈ ਇੱਕ ਮਹੱਤਵਪੂਰਨ ਸਬੂਤ ਹੋ ਸਕਦੀ ਹੈ। ਇਸ ਦੀ ਕੈਨੇਡਾ, ਅਮਰੀਕਾ ਅਤੇ Five Eyes ਦੀਆਂ ਸਬੰਧਤ ਏਜੰਸੀਆਂ ਵੱਲੋਂ ਵਿਗਿਆਨਕ ਅਤੇ ਸੁਤੰਤਰ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ।
ਨਾਲ ਹੀ ਇਹ ਵੀ ਜਾਂਚਿਆ ਜਾਣਾ ਚਾਹੀਦਾ ਹੈ ਕਿ ਇਸ ਕਥਿਤ ਗੱਲਬਾਤ ਦਾ ਕਤਲ ਨਾਲ ਸਬੰਧਤ ਹੋਰ ਸਬੂਤਾਂ ਨਾਲ ਕੀ ਮੇਲ ਹੈ। ਕਿਸੇ ਗੈਂਗਸਟਰ ਵੱਲੋਂ ਆਪਣੇ ਆਪ ਨੂੰ ਕਤਲ ਦਾ ਜ਼ਿੰਮੇਵਾਰ ਦੱਸਣਾ ਆਪਣੇ ਆਪ ਵਿੱਚ ਕਤਲ ਦੇ ਅਸਲ ਮਕਸਦ ਜਾਂ ਪਿੱਛੇ ਮੌਜੂਦ ਤਾਕਤਾਂ ਨੂੰ ਸਾਬਤ ਨਹੀਂ ਕਰਦਾ।
ਸਤੰਬਰ 2023 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤੀ ਏਜੰਟਾਂ ਅਤੇ ਭਾਈ ਨਿੱਝਰ ਦੇ ਕਤਲ ਵਿਚਕਾਰ ਸੰਭਾਵਿਤ ਸਬੰਧ ਬਾਰੇ “credible allegations” ਹੋਣ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਕੈਨੇਡਾ ਵਿੱਚ ਚਾਰ ਵਿਅਕਤੀਆਂ ਵਿਰੁੱਧ ਕਤਲ ਅਤੇ ਸਾਜ਼ਿਸ਼ ਦੇ ਦੋਸ਼ ਲਗਾਏ ਗਏ। ਇਨ੍ਹਾਂ ਤੋਂ ਇਲਾਵਾ ਭਾਰਤੀ ਏਜੰਟਾਂ ਅਤੇ criminal networks ਵਿਚਕਾਰ ਕਥਿਤ ਸਬੰਧਾਂ ਬਾਰੇ ਵੀ ਗੰਭੀਰ ਦਾਅਵੇ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਆਪਣੀ ਕਾਨੂੰਨੀ ਪ੍ਰਕਿਰਿਆ ਅਧੀਨ ਹਨ ਅਤੇ ਕਿਸੇ ਵੀ ਦਾਅਵੇ ਨੂੰ ਅਦਾਲਤੀ ਫੈਸਲੇ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ।
ਜੇਕਰ ਕਥਿਤ ਆਡੀਓ ਦੀ ਪੁਸ਼ਟੀ ਹੁੰਦੀ ਹੈ ਤਾਂ ਮੁੱਖ ਸਵਾਲ ਇਹ ਹਨ:
ਕਤਲ ਦੀ ਯੋਜਨਾ ਕਿਸ ਨੇ ਬਣਾਈ?
ਹੁਕਮ ਕਿਸ ਨੇ ਦਿੱਤਾ?
ਪੈਸਾ, ਹਥਿਆਰ ਅਤੇ ਮਨੁੱਖੀ ਸਾਧਨ ਕਿਸ ਨੇ ਮੁਹੱਈਆ ਕਰਵਾਏ?
ਕੈਨੇਡਾ ਵਿੱਚ ਕਾਤਲਾਂ ਦੀ ਮਦਦ ਕਿਸ ਨੇ ਕੀਤੀ?
ਕੀ ਇਸ ਪਿੱਛੇ ਸਿਰਫ਼ ਇੱਕ criminal gang ਸੀ ਜਾਂ ਕੋਈ ਹੋਰ ਤਾਕਤ ਵੀ ਸ਼ਾਮਲ ਸੀ?
ਇਨ੍ਹਾਂ ਸਵਾਲਾਂ ਦੇ ਜਵਾਬ ਕਿਸੇ ਆਡੀਓ, ਪ੍ਰੈੱਸ ਕਾਨਫਰੰਸ ਜਾਂ ਸੋਸ਼ਲ ਮੀਡੀਆ ਕਲਿੱਪ ਨਾਲ ਨਹੀਂ, ਸਗੋਂ ਪਾਰਦਰਸ਼ੀ, ਸੁਤੰਤਰ, ਨਿਰਪੱਖ ਅਤੇ ਵਿਗਿਆਨਕ ਜਾਂਚ ਨਾਲ ਹੀ ਮਿਲ ਸਕਦੇ ਹਨ।
ਦਲ ਖਾਲਸਾ ਜਰਮਨੀ ਸਪਸ਼ਟ ਕਰਦਾ ਹੈ ਕਿ ਕਿਸੇ ਗੈਂਗਸਟਰ ਦੀ ਕਥਿਤ ਕਬੂਲੀ ਨੂੰ ਭਾਈ ਨਿੱਝਰ ਦੀ ਸ਼ਹਾਦਤ ਦੀ ਅੰਤਿਮ ਵਿਆਖਿਆ ਨਹੀਂ ਬਣਾਇਆ ਜਾ ਸਕਦਾ। ਸਿੱਖ ਕੌਮ ਦੀ ਰਾਜਨੀਤਿਕ ਆਵਾਜ਼ ਅਤੇ ਸ਼ਹੀਦੀ ਪਰੰਪਰਾ ਨੂੰ ਸਿਰਫ਼ “ਗੈਂਗਵਾਰ” ਦੇ ਖਾਤੇ ਵਿੱਚ ਪਾਉਣ ਦੀ ਕੋਈ ਵੀ ਕੋਸ਼ਿਸ਼ ਸਵੀਕਾਰਯੋਗ ਨਹੀਂ।
ਅਸੀਂ ਕੈਨੇਡਾ, Five Eyes ਅਤੇ ਸਾਰੀਆਂ ਸਬੰਧਤ ਜਾਂਚ ਏਜੰਸੀਆਂ ਤੋਂ ਮੰਗ ਕਰਦੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਸਾਰੇ ਉਪਲਬਧ ਸਬੂਤਾਂ ਦੀ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਕਰਕੇ ਅਸਲ ਸਾਜ਼ਿਸ਼ ਅਤੇ ਇਸ ਵਿੱਚ ਸ਼ਾਮਲ ਹਰ ਤਾਕਤ ਨੂੰ ਬੇਨਕਾਬ ਕੀਤਾ ਜਾਵੇ।
ਭਾਈ ਨਿੱਝਰ ਦੀ ਸ਼ਹਾਦਤ ਨੂੰ ਕਿਸੇ ਗੈਂਗਸਟਰ ਦੀ ਕਥਿਤ ਕਹਾਣੀ ਨਾਲ ਮਿਟਾਇਆ ਨਹੀਂ ਜਾ ਸਕਦਾ। ਸਿੱਖ ਕੌਮ ਨੂੰ ਪ੍ਰਚਾਰ ਨਹੀਂ—ਸੱਚ, ਇਨਸਾਫ਼ ਅਤੇ ਜਵਾਬ ਚਾਹੀਦੇ ਹਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








