Home » ਨਵੀਂ ਦਿੱਲੀ » ਜਰਮਨੀ ਤੋਂ ਪੰਥਕ ਜਥੇਬੰਦੀਆਂ ਦੀ ਲਲਕਾਰ, ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਚੰਡੀਗੜ੍ਹ ਗਵਰਨਰ ਹਾਊਸ ਦੇ ਘਿਰਾਓ ਦੀ ਹਮਾਇਤ

ਜਰਮਨੀ ਤੋਂ ਪੰਥਕ ਜਥੇਬੰਦੀਆਂ ਦੀ ਲਲਕਾਰ, ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਚੰਡੀਗੜ੍ਹ ਗਵਰਨਰ ਹਾਊਸ ਦੇ ਘਿਰਾਓ ਦੀ ਹਮਾਇਤ

SHARE ARTICLE

11 Views

ਨਵੀਂ ਦਿੱਲੀ, 14 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਆਪਣੀਆਂ ਕਾਨੂੰਨੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਇਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ ਗਵਰਨਰ ਹਾਊਸ ਦੇ ਕੀਤੇ ਜਾ ਰਹੇ ਘਿਰਾਓ ਦੀ ਹਮਾਇਤ ਕਰਦਿਆਂ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਨੇ ਭਾਰਤੀ ਹਕੂਮਤ ਵਿਰੁੱਧ ਤਿੱਖਾ ਰੋਸ ਜ਼ਾਹਰ ਕੀਤਾ ਹੈ। ਆਗੂਆਂ ਨੇ ਪੰਜਾਬ ਅਤੇ ਆਸ-ਪਾਸ ਦੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚਣ ਅਤੇ ਯੂਰਪ ਦੀਆਂ ਸੰਗਤਾਂ ਨੂੰ ਫ਼ਰੈਂਕਫ਼ਰਟ ਸਥਿਤ ਭਾਰਤੀ ਕੌਂਸਲਖਾਨੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਰੱਖਣਾ ਨਿਆਂ ਅਤੇ ਕਾਨੂੰਨ ਦੀ ਬਰਾਬਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਪੰਥਕ ਆਗੂਆਂ ਨੇ ਪੰਜਾਬ ਵਿੱਚ 1984 ਤੋਂ ਬਾਅਦ ਦੇ ਦੌਰ ਨੂੰ ਯਾਦ ਕਰਦਿਆਂ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ’ਤੇ ਸਿੱਖ ਨੌਜਵਾਨਾਂ ਵਿਰੁੱਧ ਵੱਡੇ ਪੱਧਰ ’ਤੇ ਦਮਨਕਾਰੀ ਕਾਰਵਾਈਆਂ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਸ ਸਮੇਂ ਗ੍ਰਿਫ਼ਤਾਰੀਆਂ, ਪੁਲਿਸ ਹਿਰਾਸਤ ਵਿੱਚ ਤਸ਼ੱਦਦ, ਗੁੰਮਸ਼ੁਦਗੀਆਂ ਅਤੇ ਕਥਿਤ ਨਕਲੀ ਮੁਕਾਬਲਿਆਂ ਦੀਆਂ ਘਟਨਾਵਾਂ ਨੇ ਪੰਜਾਬ ਦੇ ਸਿੱਖ ਪਰਿਵਾਰਾਂ ਦੇ ਮਨਾਂ ਵਿੱਚ ਡੂੰਘੇ ਜ਼ਖ਼ਮ ਛੱਡੇ। ਆਗੂਆਂ ਅਨੁਸਾਰ ਅਨੇਕਾਂ ਨੌਜਵਾਨਾਂ ਨੂੰ ਅੱਤਵਾਦ ਦੇ ਦੋਸ਼ਾਂ ਤਹਿਤ ਲੰਮੇ ਸਮੇਂ ਤੱਕ ਜੇਲ੍ਹਾਂ ਵਿੱਚ ਰੱਖਿਆ ਗਿਆ ਅਤੇ ਕਈ ਪਰਿਵਾਰ ਆਪਣੇ ਲਾਪਤਾ ਹੋਏ ਪੁੱਤਰਾਂ ਬਾਰੇ ਸਾਲਾਂ ਤੱਕ ਜਵਾਬ ਲੱਭਦੇ ਰਹੇ। ਉਨ੍ਹਾਂ ਕਿਹਾ ਕਿ ਉਸ ਦੌਰ ਨਾਲ ਜੁੜੇ ਮਨੁੱਖੀ ਅਧਿਕਾਰਾਂ ਅਤੇ ਜਵਾਬਦੇਹੀ ਦੇ ਸਵਾਲਾਂ ਦਾ ਪੂਰਾ ਨਿਪਟਾਰਾ ਨਾ ਹੋਣਾ ਅੱਜ ਵੀ ਸਿੱਖ ਕੌਮ ਦੇ ਰੋਸ ਦਾ ਵੱਡਾ ਕਾਰਨ ਹੈ। ਉਨ੍ਹਾਂ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਜਗਤਾਰ ਸਿੰਘ ਤਾਰਾ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੁਹਰਾਈ ਅਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਿਹਾਈ ਸਬੰਧੀ ਕੀਤੇ ਸਰਕਾਰੀ ਐਲਾਨਾਂ ਦੇ ਬਾਵਜੂਦ ਅਮਲ ਨਾ ਹੋਣਾ ਸਰਕਾਰ ਦੀ ਭਰੋਸੇਯੋਗਤਾ ’ਤੇ ਸਵਾਲ ਹੈ। ਮੀਡੀਆ ਨੂੰ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਰਮਨੀ ਦੇ ਭਾਈ ਹੀਰਾ ਸਿੰਘ ਮੱਤੇਵਾਲ, ਦਲ ਖਾਲਸਾ ਜਰਮਨੀ ਦੇ ਭਾਈ ਹਰਮੀਤ ਸਿੰਘ ਲੇਹਲ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਬੰਦੀ ਸਿੰਘਾਂ ਦਾ ਮਸਲਾ ਹੁਣ ਸਿਰਫ਼ ਰਿਹਾਈ ਤੱਕ ਸੀਮਤ ਨਹੀਂ ਰਿਹਾ, ਸਗੋਂ ਸਿੱਖ ਕੌਮ ਦੇ ਨਿਆਂ, ਹੱਕਾਂ ਅਤੇ ਸਿਆਸੀ ਭਵਿੱਖ ਨਾਲ ਜੁੜ ਚੁੱਕਾ ਹੈ। ਆਗੂਆਂ ਨੇ ਕਿਹਾ, “ਸਿੱਖਾਂ ਦਾ ਸਿਧਾਂਤ ਹੱਕ ਮੰਗਣਾ ਨਹੀਂ, ਸਗੋਂ ਆਪਣੇ ਹੱਕ ਹਾਸਲ ਕਰਨਾ ਹੈ। ਇਸ ਗੁਲਾਮੀ ਦਾ ਇੱਕੋ-ਇੱਕ ਪੱਕਾ ਹੱਲ ਆਪਣਾ ਆਜ਼ਾਦ ਸਿੱਖ ਰਾਜ (ਖਾਲਿਸਤਾਨ) ਹੀ ਹੈ ਅਤੇ ਸਾਨੂੰ ਆਪਣੇ ਸੰਘਰਸ਼ ਦਾ ਰੁੱਖ ਸਿੱਧਾ ਕੌਮੀ ਆਜ਼ਾਦੀ ਵੱਲ ਮੋੜਨਾ ਹੋਵੇਗਾ।” ਉਨ੍ਹਾਂ ਕਿਹਾ ਕਿ 15 ਅਗਸਤ ਦੇ ਚੰਡੀਗੜ੍ਹ ਅਤੇ ਯੂਰਪ ਵਿੱਚ ਹੋਣ ਵਾਲੇ ਰੋਸ ਪ੍ਰੋਗਰਾਮਾਂ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖਾਂ ਦੇ ਸਿਆਸੀ ਹੱਕਾਂ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਉਠਾਇਆ ਜਾਵੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News