Home » ਸੰਸਾਰ » ਜਰਮਨੀ » ਸਿੱਖਾਂ ਵਿਰੁੱਧ ਭਾਰਤੀ ਏਜੰਸੀਆਂ ਵੱਲੋਂ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਪੱਛਮੀ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਦੀ ਸ਼ਲਾਘਾ :- ਵਰਲਡ ਸਿੱਖ ਪਾਰਲੀਮੈਂਟ

ਸਿੱਖਾਂ ਵਿਰੁੱਧ ਭਾਰਤੀ ਏਜੰਸੀਆਂ ਵੱਲੋਂ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਪੱਛਮੀ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਦੀ ਸ਼ਲਾਘਾ :- ਵਰਲਡ ਸਿੱਖ ਪਾਰਲੀਮੈਂਟ

SHARE ARTICLE

5 Views

ਫਰੈਕਫੋਰਟ 9 ਜੁਲਾਈ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਚਲਾਏ ਗਏ “ਆਪਰੇਸ਼ਨ ਹਾਰਡ ਬਾਲ” ਦਾ ਭਰਵਾਂ ਸਵਾਗਤ ਕਰਦੀ ਹੈ। ਅਸੀਂ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ, ਜਾਂਚ ਏਜੰਸੀਆਂ ਅਤੇ ਨਿਆਂ ਪ੍ਰਣਾਲੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਰਹੱਦਾਂ ਤੋਂ ਪਾਰ ਚੱਲ ਰਹੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਕਰਦਿਆਂ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।

ਇਸ ਆਪਰੇਸ਼ਨ ਤਹਿਤ ਜਨਤਕ ਕੀਤੀਆਂ ਗਈਆਂ ਚਾਰਜਸ਼ੀਟਾਂ ਵਿੱਚ, ਜਿਨ੍ਹਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ, ਜਬਰੀ ਵਸੂਲੀ, ਨਸ਼ਾ ਤਸਕਰੀ ਅਤੇ ਗੋਲੀਬਾਰੀਆਂ ਨਾਲ ਜੁੜੇ ਮਾਮਲਿਆਂ ਵਿੱਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ 37 ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਸਿੱਖ ਕੌਮ ਵੱਲੋਂ ਲੰਮੇ ਸਮੇਂ ਤੋਂ ਉਠਾਏ ਜਾਂਦੇ ਗੰਭੀਰ ਖਦਸ਼ਿਆਂ ਨੂੰ ਨਵਾਂ ਆਧਾਰ ਮਿਲਿਆ ਹੈ। ਸਾਡੇ ਅਨੁਸਾਰ, ਇਹ ਦਸਤਾਵੇਜ਼ ਦਰਸਾਉਂਦੇ ਹਨ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਆਗੂਆਂ ਅਤੇ ਕਾਰਕੁਨਾਂ ਵਿਰੁੱਧ ਚੱਲ ਰਹੀਆਂ ਗਤੀਵਿਧੀਆਂ ਬਾਰੇ ਉਠਾਏ ਗਏ ਸਵਾਲਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ (ਅਮਰੀਕਾ), ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ (ਜਰਮਨੀ), ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ (ਇੰਗਲੈਂਡ), ਭਾਈ ਮਨਬੀਰ ਸਿੰਘ ਸੰਧੂ, ਭਾਈ ਭਗਤ ਸਿੰਘ (ਕੈਨੇਡਾ), ਭਾਈ ਪ੍ਰਿਤਪਾਲ ਸਿੰਘ (ਸਵਿਟਜ਼ਰਲੈਂਡ), ਭਾਈ ਹਰਜੋਤ ਸਿੰਘ ਸੰਧੂ (ਹਾਲੈਂਡ), ਭਾਈ ਸਤਨਾਮ ਸਿੰਘ ਅਤੇ ਭਾਈ ਸ਼ਿੰਗਾਰਾ ਸਿੰਘ ਮਾਨ (ਫਰਾਂਸ) ਨੇ ਇੱਕ ਸਾਂਝੇ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਅਨੁਸਾਰ ਇਹ ਕੋਈ ਆਮ ਅਪਰਾਧਿਕ ਗਿਰੋਹ ਨਹੀਂ ਸੀ, ਸਗੋਂ ਇੱਕ ਅਜਿਹਾ ਕਥਿਤ ਨੈੱਟਵਰਕ ਸੀ ਜਿਸ ਦਾ ਮਕਸਦ ਭਾਰਤੀ ਰਾਜ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਅਤੇ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ ਵਾਲੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਡਰਾਉਣਾ, ਧਮਕਾਉਣਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਸੀ।

ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਸਰਹੱਦ ਪਾਰ ਦਮਨ (Transnational Repression) ਦੀ ਇਹ ਨੀਤੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਦੇ ਅਜੀਤ ਅਡਵਾਲ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਿੰਦੂਤਵੀ ਸੋਚ ਨਾਲ ਜੁੜੀ ਹੋਈ ਹੈ। ਸੰਸਥਾ ਦਾ ਕਹਿਣਾ ਹੈ ਕਿ ਭਾਰਤ ਦੇ ਕੁਝ ਉੱਚ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਸਮੇਂ-ਸਮੇਂ ’ਤੇ ਦਿੱਤੇ ਗਏ ਹਮਲਾਵਰ ਬਿਆਨਾਂ ਨੇ ਵੀ ਅਜਿਹੇ ਖਦਸ਼ਿਆਂ ਨੂੰ ਹੋਰ ਗੰਭੀਰ ਬਣਾਇਆ ਹੈ। ਵਰਲਡ ਸਿੱਖ ਪਾਰਲੀਮੈਂਟ ਦੇ ਅਨੁਸਾਰ, ਵਿਦੇਸ਼ੀ ਧਰਤੀ ’ਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਕਾਰਵਾਈ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਪ੍ਰਭੂਸੱਤਾ ਦੇ ਸਿਧਾਂਤਾਂ ਦੇ ਉਲਟ ਹੈ।

ਸੰਸਥਾ ਨੇ ਇਹ ਵੀ ਕਿਹਾ ਕਿ ਜਾਂਚਾਂ ਵਿੱਚ ਸਾਹਮਣੇ ਆਏ ਦੋਸ਼ਾਂ ਨੇ ਭਾਰਤੀ ਖੁਫੀਆ ਏਜੰਸੀਆਂ, ਕੁਝ ਕਥਿਤ ਅਪਰਾਧਿਕ ਗਿਰੋਹਾਂ ਅਤੇ ਹੋਰ ਵਿਅਕਤੀਆਂ ਵਿਚਕਾਰ ਸੰਭਾਵਿਤ ਮਿਲੀਭੁਗਤ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਜੇਕਰ ਇਹ ਦੋਸ਼ ਅਦਾਲਤਾਂ ਵਿੱਚ ਸਾਬਤ ਹੁੰਦੇ ਹਨ ਤਾਂ ਇਹ ਰਾਜ-ਪ੍ਰਾਯੋਜਿਤ ਸਰਹੱਦ ਪਾਰ ਦਮਨ ਦੀ ਇੱਕ ਚਿੰਤਾਜਨਕ ਤਸਵੀਰ ਪੇਸ਼ ਕਰਨਗੇ।

ਸੰਸਥਾ ਨੇ ਇਹ ਵੀ ਉਜਾਗਰ ਕੀਤਾ ਕਿ ਪੱਛਮੀ ਦੇਸ਼ਾਂ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਲੋਕ ਵੱਸਦੇ ਹਨ, ਪਰ ਸਿੱਖ ਕਾਰਕੁਨਾਂ ਅਤੇ ਆਗੂਆਂ ਨਾਲ ਜੁੜੇ ਅਜਿਹੇ ਮਾਮਲੇ ਵਾਰ-ਵਾਰ ਸਾਹਮਣੇ ਆਉਣ ਕਾਰਨ ਸਿੱਖ ਭਾਈਚਾਰੇ ਵਿੱਚ ਡੂੰਘੀ ਚਿੰਤਾ ਪਾਈ ਜਾਂਦੀ ਹੈ। ਇਸ ਕਾਰਨ ਇਨ੍ਹਾਂ ਘਟਨਾਵਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਬਹੁਤ ਜ਼ਰੂਰੀ ਹੈ।

ਵਰਲਡ ਸਿੱਖ ਪਾਰਲੀਮੈਂਟ ਨੇ ਪੱਛਮੀ ਦੇਸ਼ਾਂ ਦੀਆਂ ਜਾਂਚ ਏਜੰਸੀਆਂ, ਸੁਤੰਤਰ ਪੱਤਰਕਾਰਾਂ ਅਤੇ ਨਿਆਂ ਪ੍ਰਣਾਲੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਿਨਾਂ ਕਿਸੇ ਰਾਜਨੀਤਿਕ ਦਬਾਅ ਦੇ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਜਾਂਚ ਅੱਗੇ ਵਧਾਈ ਹੈ। ਸੰਸਥਾ ਦਾ ਮੰਨਣਾ ਹੈ ਕਿ ਅਜਿਹੀਆਂ ਨਿਰਪੱਖ ਜਾਂਚਾਂ ਹੀ ਅੰਤਰਰਾਸ਼ਟਰੀ ਕਾਨੂੰਨ ਦੀ ਸਰਵੋਚਤਾ ਅਤੇ ਲੋਕਤੰਤਰੀ ਮੁੱਲਾਂ ਨੂੰ ਮਜ਼ਬੂਤ ਕਰਦੀਆਂ ਹਨ।

ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਉਸ ਨੇ ਹਮੇਸ਼ਾ ਜ਼ੁਲਮ, ਜਬਰ ਅਤੇ ਬੇਇਨਸਾਫ਼ੀ ਦਾ ਡਟ ਕੇ ਸਾਹਮਣਾ ਕੀਤਾ ਹੈ। ਧਮਕੀਆਂ, ਹਿੰਸਾ ਜਾਂ ਦਬਾਅ ਦੇ ਕਿਸੇ ਵੀ ਰੂਪ ਨਾਲ ਸਿੱਖ ਕੌਮ ਨੂੰ ਆਪਣੇ ਸਿਧਾਂਤਾਂ, ਮਨੁੱਖੀ ਅਧਿਕਾਰਾਂ ਅਤੇ ਖਾਲਿਸਤਾਨ,ਹੱਕ ਸੱਚ ਨਿਆਂ ਦੀ ਮੰਗ ਤੋਂ ਪਿੱਛੇ ਨਹੀਂ ਹਟਾਇਆ ਜਾ ਸਕਦਾ।

ਅੰਤ ਵਿੱਚ, ਵਰਲਡ ਸਿੱਖ ਪਾਰਲੀਮੈਂਟ ਵਿਸ਼ਵ ਭਰ ਵਿੱਚ ਵੱਸਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦੀ ਹੈ ਕਿ ਉਹ ਸੁਚੇਤ, ਇਕਜੁੱਟ ਹੋ ਕੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਸਿੱਖ ਕੌਮ ਦੇ ਸਵੈ-ਮਾਣ ਨਾਲ ਜੀਉਣ ਤੇ ਨਿਆਂ ਲਈ ਆਪਣੀ ਆਵਾਜ਼ ਬੁਲੰਦ ਰੱਖੇ। ਨਾਲ ਹੀ, ਸੰਸਥਾ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੀ ਹੈ ਕਿ ਸਰਹੱਦ ਪਾਰ ਦਮਨ, ਰਾਜਨੀਤਿਕ ਹਿੰਸਾ ਅਤੇ ਵਿਦੇਸ਼ੀ ਧਰਤੀ ’ਤੇ ਹੋਣ ਵਾਲੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਰੋਕਣ ਲਈ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਤਾਂ ਜੋ ਹਰ ਨਾਗਰਿਕ ਦੀ ਸੁਰੱਖਿਆ ਅਤੇ ਕਾਨੂੰਨ ਦਾ ਰਾਜ ਯਕੀਨੀ ਬਣਾਇਆ ਜਾ ਸਕੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News