Home » ਨਵੀਂ ਦਿੱਲੀ » ਅਖੰਡ ਕੀਰਤਨੀ ਜਥੇ ਦੀ ਪੁਰਾਤਨ ਅੰਮ੍ਰਿਤ ਸੰਚਾਰ ਮਰਿਆਦਾ ਬਹਾਲ ਕਰਨ ਦੀ ਉੱਠੀ ਜ਼ੋਰਦਾਰ ਮੰਗ

ਅਖੰਡ ਕੀਰਤਨੀ ਜਥੇ ਦੀ ਪੁਰਾਤਨ ਅੰਮ੍ਰਿਤ ਸੰਚਾਰ ਮਰਿਆਦਾ ਬਹਾਲ ਕਰਨ ਦੀ ਉੱਠੀ ਜ਼ੋਰਦਾਰ ਮੰਗ

SHARE ARTICLE

6 Views

👉 ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਪੰਜ ਸਿੰਘਾਂ ਨੂੰ ਭੇਜਿਆ ਵਿਸਥਾਰਪੂਰਵਕ ਬੇਨਤੀ ਪੱਤਰ; ਮਰਿਆਦਾ ਵਿੱਚ ਆ ਰਹੀਆਂ ਤਬਦੀਲੀਆਂ ‘ਤੇ ਜਤਾਈ ਡੂੰਘੀ ਚਿੰਤਾ

ਨਵੀਂ ਦਿੱਲੀ 8 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਅਖੰਡ ਕੀਰਤਨੀ ਜਥੇ ਦੀਆਂ ਦੇਸ਼-ਵਿਦੇਸ਼ ਵਿੱਚ ਵਿਚਰ ਰਹੀਆਂ ਸਮੂਹ ਸੰਗਤਾਂ ਨੇ ਜਥੇ ਦੀ ਪੁਰਾਤਨ ਅੰਮ੍ਰਿਤ ਸੰਚਾਰ ਮਰਿਆਦਾ ਨੂੰ ਪਹਿਲਾਂ ਵਾਂਗ ਦ੍ਰਿੜਤਾ ਨਾਲ ਲਾਗੂ ਕਰਨ ਦੀ ਮੰਗ ਕਰਦਿਆਂ ਭਾਈ ਕੁਲਵੰਤ ਸਿੰਘ (ਕਾਕੀ ਪਿੰਡ, ਜਲੰਧਰ), ਭਾਈ ਰਵਿੰਦਰ ਸਿੰਘ (ਅੰਮ੍ਰਿਤਸਰ), ਭਾਈ ਗੁਰਮੀਤ ਸਿੰਘ (ਲੁਧਿਆਣਾ), ਭਾਈ ਬਲਵੰਤ ਸਿੰਘ (ਦੋਰਾਹਾ) ਅਤੇ ਭਾਈ ਰਣਜੀਤ ਸਿੰਘ (ਪਟਨਾ ਸਾਹਿਬ) ਨੂੰ ਇੱਕ ਵਿਸਥਾਰਪੂਰਵਕ ਬੇਨਤੀ ਪੱਤਰ ਭੇਜਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਗਈ ਅੰਮ੍ਰਿਤ ਸੰਚਾਰ ਦੀ ਪੁਰਾਤਨ ਮਰਿਆਦਾ ਅਖੰਡ ਕੀਰਤਨੀ ਜਥੇ ਦੀ ਆਤਮਾ ਹੈ ਅਤੇ ਇਸ ਵਿੱਚ ਆਈ ਕਿਸੇ ਵੀ ਕਿਸਮ ਦੀ ਢਿੱਲ ਜਥੇ ਦੀ ਰੂਹਾਨੀ ਵਿਰਾਸਤ ਅਤੇ ਪੰਥਕ ਪਛਾਣ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਬਾਰੇ ਜਾਣਕਾਰੀ ਦੇਂਦਿਆ ਅਖੰਡ ਕੀਰਤਨੀ ਜਥੇ ਦੇ ਭਾਈ ਆਰ.ਪੀ. ਸਿੰਘ ਨੇ ਕਿਹਾ ਕਿ ਸੰਗਤਾਂ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤ ਸੰਚਾਰ ਦੀ ਪਰੰਪਰਾਗਤ ਵਿਧੀ ਵਿੱਚ ਮਹਿਸੂਸ ਕੀਤੀਆਂ ਜਾ ਰਹੀਆਂ ਤਬਦੀਲੀਆਂ ਕਾਰਨ ਜਥੇ ਦੇ ਪੁਰਾਤਨ, ਸੂਝਵਾਨ ਅਤੇ ਸੁਹਿਰਦ ਸਿੰਘਾਂ ਦੇ ਨਾਲ-ਨਾਲ ਆਮ ਸੰਗਤਾਂ ਵਿੱਚ ਵੀ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜਥਾ ਹਮੇਸ਼ਾ ਗੁਰਮਤਿ ਰਹਿਤ, ਅਨੁਸ਼ਾਸਨ ਅਤੇ ਪੰਥਕ ਮਰਿਆਦਾ ਦਾ ਪ੍ਰਤੀਕ ਰਿਹਾ ਹੈ, ਇਸ ਲਈ ਇਸ ਦੀ ਮੂਲ ਪਰੰਪਰਾ ਨੂੰ ਕਿਸੇ ਵੀ ਹਾਲਤ ਵਿੱਚ ਕਮਜ਼ੋਰ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਭਾਈ ਆਰ.ਪੀ. ਸਿੰਘ ਨੇ ਦੱਸਿਆ ਕਿ ਬੇਨਤੀ ਪੱਤਰ ਵਿੱਚ ਪੰਜ ਪਿਆਰਿਆਂ ਦੀ ਚੋਣ ਲਈ ਪਹਿਲਾਂ ਤੋਂ ਚੱਲੀ ਆ ਰਹੀ ਮਰਿਆਦਾ ਨੂੰ ਮੁੜ ਲਾਗੂ ਕਰਨ, ਸਿਰਫ਼ ਨਾਮ ਅਭਿਆਸੀ, ਰਹਿਤਵਾਨ ਅਤੇ ਅੰਮ੍ਰਿਤ ਵੇਲੇ ਦੇ ਪਾਬੰਦ ਗੁਰਸਿੱਖਾਂ ਨੂੰ ਹੀ ਇਸ ਸੇਵਾ ਲਈ ਚੁਣਨ, ਸੰਗਤ ਦੀ ਪ੍ਰਵਾਨਗੀ ਨਾਲ ਪੰਜਾਂ ਦੀ ਚੋਣ ਕਰਨ ਅਤੇ ਅੰਮ੍ਰਿਤ ਸੰਚਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਹਜ਼ੂਰੀ ਵਿੱਚ ਹੀ ਸੰਪੰਨ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਪੇਸ਼ੀਆਂ ਕੇਵਲ ਪੰਜ ਪਿਆਰਿਆਂ ਦੇ ਸਾਹਮਣੇ ਹੀ ਹੋਣ, ਸਾਰੀ ਕਾਰਵਾਈ ਪੂਰੀ ਤਰ੍ਹਾਂ ਗੁਪਤ ਅਤੇ ਨਿਰਪੱਖ ਹੋਵੇ, ਹਰ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇ ਅਤੇ ਕਿਸੇ ਵੀ ਗੁਰਮਤੇ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਧੀਰਜ ਨਾਲ ਸੁਣਿਆ ਜਾਵੇ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜ ਪਿਆਰੇ ਆਪਣੇ ਗੁਰਮਤਿ ਵਿਵੇਕ ਅਨੁਸਾਰ ਸੁਤੰਤਰ ਤੌਰ ‘ਤੇ ਫ਼ੈਸਲੇ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਬਾਹਰੀ ਪ੍ਰਭਾਵ ਤੋਂ ਮੁਕਤ ਰਹਿਣ। ਭਾਈ ਆਰ.ਪੀ. ਸਿੰਘ ਨੇ ਕਿਹਾ ਕਿ ਸੰਗਤਾਂ ਨੇ ਕੀਰਤਨ ਸਮਾਗਮਾਂ ਦੌਰਾਨ ਪ੍ਰਬੰਧਕੀ ਐਲਾਨਾਂ ਜਾਂ ਫ਼ੈਸਲਿਆਂ ਰਾਹੀਂ ਸੰਗਤ ਦੀ ਸੁਰਤ ਵਿੱਚ ਵਿਘਨ ਪਾਉਣ ‘ਤੇ ਵੀ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜੇਕਰ ਕੋਈ ਗੁਰਮਤਾ ਜਾਂ ਫ਼ੈਸਲਾ ਸੁਣਾਉਣਾ ਜ਼ਰੂਰੀ ਹੋਵੇ ਤਾਂ ਉਹ ਸਮਾਗਮ ਦੀ ਸਮਾਪਤੀ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕੀਰਤਨ ਦੀ ਰਸਭਿੰਨੀ ਅਵਸਥਾ ਅਤੇ ਸੰਗਤ ਦੀ ਇਕਾਗਰਤਾ ਅਖੰਡ ਰਹੇ। ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜਥੇ ਦੀ ਵਿਲੱਖਣ ਪਛਾਣ ਰਹੀ ਕੇਸਕੀ ਨੂੰ ਕਕਾਰ ਵਜੋਂ ਦਿੱਤੀ ਜਾਂਦੀ ਪ੍ਰਮੁੱਖਤਾ, ਬਿਬੇਕ ਅਤੇ ਸਰਬਲੋਹ ਦੀ ਰਹਿਤ ਉੱਤੇ ਵੀ ਪਹਿਲਾਂ ਵਾਂਗ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾਣਾ ਲਾਜ਼ਮੀ ਹੈ। ਸੰਗਤਾਂ ਨੇ ਪੰਜਾਂ ਸਿੰਘਾਂ ਨੂੰ ਅਪੀਲ ਕੀਤੀ ਹੈ ਕਿ ਜਥੇ ਦੀ ਮਹਾਨ ਪਰੰਪਰਾ, ਇਤਿਹਾਸਕ ਵਿਰਾਸਤ ਅਤੇ ਗੁਰਮਤਿ ਸਿਧਾਂਤਾਂ ਦੀ ਰੱਖਿਆ ਨੂੰ ਮੁੱਖ ਰੱਖਦਿਆਂ ਬੇਨਤੀ ਪੱਤਰ ਵਿੱਚ ਉਠਾਏ ਗਏ ਸਾਰੇ ਨੁਕਤਿਆਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਆਉਣ ਵਾਲੇ ਅੰਮ੍ਰਿਤ ਸੰਚਾਰ ਸਮਾਗਮਾਂ ਵਿੱਚ ਪੁਰਾਤਨ ਮਰਿਆਦਾ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਸ ਨਾਲ ਅਖੰਡ ਕੀਰਤਨੀ ਜਥਾ ਆਪਣੀ ਮੂਲ ਪੰਥਕ ਪਛਾਣ, ਅਨੁਸ਼ਾਸਨ ਅਤੇ ਰੂਹਾਨੀ ਸ਼ਾਨ ਨੂੰ ਹੋਰ ਮਜ਼ਬੂਤੀ ਨਾਲ ਕਾਇਮ ਰੱਖੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News